ਕਿਸੇ ਨੂੰ ਵੈਕਸੀਨ ਜਬਰੀ ਨਹੀਂ ਲਗਾਈ ਜਾ ਸਕਦੀ: ਕੇਂਦਰ

Supreme Court of India. (Photo Courtesy: Twitter)

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋਵਿਡ-19 ਟੀਕਾਕਰਨ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਵਿਅਕਤੀ ਦੀ ਸਹਿਮਤੀ ਲਏ ਬਿਨਾਂ ਉਸ ਨੂੰ ਜਬਰੀ ਟੀਕਾ ਨਹੀਂ ਲਗਾਇਆ ਜਾ ਸਕਦਾ ਹੈ। ਸਿਹਤ ਮੰਤਰਾਲੇ ਨੇ ਸੁਪਰੀਮ ਕੋਰਟ ’ਚ ਦਾਖ਼ਲ ਹਲਫ਼ਨਾਮੇ ’ਚ ਕਿਹਾ ਹੈ ਕਿ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਵੱਡਾ ਹੈ ਅਤੇ 11 ਜਨਵਰੀ ਤੱਕ 1,52,9543,602 ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਯੋਗ ਬਾਲਗ ਆਬਾਦੀ ’ਚੋਂ 90.84 ਫ਼ੀਸਦ ਨੇ ਪਹਿਲੀ ਜਦਕਿ 61 ਫ਼ੀਸਦ ਨੇ ਵੈਕਸੀਨ ਦੀ ਦੂਜੀ ਖੁਰਾਕ ਲਗਵਾ ਲਈ ਹੈ। ਦਿਵਿਆਗਾਂ ਨੂੰ ਵੀ 23,768 ਖੁਰਾਕਾਂ ਲੱਗ ਚੁੱਕੀਆਂ ਹਨ।

ਦਿਵਿਆਗਾਂ ਨੂੰ ਵੈਕਸੀਨ ਸਰਟੀਫਿਕੇਟ ਪੇਸ਼ ਕਰਨ ਤੋਂ ਛੋਟ ਦੇਣ ਦੇ ਮੁੱਦੇ ’ਤੇ ਕੇਂਦਰ ਨੇ ਦੱਸਿਆ ਕਿ ਉਨ੍ਹਾਂ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ ਕਿ ਉਹ ਆਪਣੇ ਨਾਲ ਵੈਕਸੀਨੇਸ਼ਨ ਦਾ ਸਰਟੀਫਿਕੇਟ ਲਾਜ਼ਮੀ ਤੌਰ ’ਤੇ ਰੱਖਣ। ਐੱਨਜੀਓ ਇਵਾਰਾ ਫਾਊਂਡੇਸ਼ਨ ਵੱਲੋਂ ਦਿਵਿਆਗਾਂ ਨੂੰ ਘਰ-ਘਰ ਜਾ ਕੇ ਵੈਕਸੀਨ ਲਗਾਉਣ ਦੀ ਤਰਜੀਹ ਦਿੱਤੇ ਜਾਣ ਸਬੰਧੀ ਦਾਖ਼ਲ ਅਰਜ਼ੀ ’ਤੇ ਕੇਂਦਰ ਨੇ ਇਹ ਹਲਫ਼ਨਾਮਾ ਦਾਖ਼ਲ ਕੀਤਾ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮਹਾਮਾਰੀ ਦੇ ਹਾਲਾਤ ਨੂੰ ਦੇਖਦਿਆਂ ਵੱਡੇ ਜਨਤਕ ਹਿੱਤ ’ਚ ਕੋਵਿਡ-19 ਲਈ ਵੈਕਸੀਨੇਸ਼ਨ ਦਾ ਫ਼ੈਸਲਾ ਲਿਆ ਗਿਆ ਹੈ। ਘਰ-ਘਰ ਜਾ ਕੇ ਟੀਕਾਕਰਨ ਦੇ ਮੁੱਦੇ ’ਤੇ ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਾਲਾਤ ਮੁਤਾਬਕ ਫ਼ੈਸਲਾ ਲੈਣ ਲਈ ਕਿਹਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੱਧੂ ਵੱਲੋਂ ਕਾਂਗਰਸ ਦੇ 39 ਬੁਲਾਰੇ ਨਿਯੁਕਤ
Next articleਕੱਥਕ ਡਾਂਸਰ ਬਿਰਜੂ ਮਹਾਰਾਜ ਦਾ ਦੇਹਾਂਤ