ਸ੍ਰੀਨਗਰ (ਸਮਾਜ ਵੀਕਲੀ): ਕਸ਼ਮੀਰ ਦੀਆਂ ਜ਼ਿਆਦਾਤਰ ਥਾਵਾਂ ’ਤੇ ਰਾਤ ਭਰ ਹੋਈ ਬਰਫ਼ਬਾਰੀ ਤੇ ਮੌਸਮ ਖਰਾਬ ਰਹਿਣ ਕਾਰਨ ਅੱਜ ਘੱਟ ਤੋਂ ਘੱਟ 10 ਉਡਾਣਾਂ ਰੱਦ ਹੋ ਗਈਆਂ ਤੇ ਕਈ ਉਡਾਣਾਂ ਦੇਰੀ ਨਾਲ ਰਵਾਨਾਂ ਹੋਈਆਂ। ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਜੰਮੂ ਸ੍ਰੀਨਗਰ ਕੌਮੀ ਮਾਰਗ ਵੀ ਬੰਦ ਹੋ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ 136 ਕਿਲੋਮੀਟਰ ਲੰਮੇ ਬਨਿਹਾਲ-ਬਾਰਾਮੁੱਲਾ ਰੇਲ ਟਰੈਕ ’ਤੇ ਵੀ ਰੇਲ ਸੇਵਾ ਪ੍ਰਭਾਵਿਤ ਹੋਈ ਹੈ। ਇਸੇ ਵਿਚਾਲੇ ਰਿਆਸੀ ਜ਼ਿਲ੍ਹੇ ’ਚ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੜਕੇ ਵੈਸ਼ਨੋ ਦੇਵੀ ’ਚ ਚਾਰ ਇੰਚ ਬਰਫ ਪਈ ਤੇ ਭੈਰੋਂ ਘਾਟੀ ਸਮੇਤ ਉਚਾਈ ਵਾਲੇ ਇਲਾਕੇ ਭਾਰੀ ਬਰਫ਼ਬਾਰੀ ਕਾਰਨ ਢਕ ਗਏ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ ’ਚ ਇੱਕ ਫੁਟ, ਕਾਜ਼ੀਗੁੰਡ ’ਚ ਅੱਠ ਇੰਚ ਅਤੇ ਸ਼ੋਪੀਆਂ ’ਚ ਕਰੀਬ 15 ਇੰਚ ਬਰਫ ਪਈ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਭਾਰੀ ਮੀਂਹ ਵੀ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਨਿਹਾਲ ਸੈਕਟਰ ’ਚ ਜ਼ਿਆਦਾ ਬਰਫ਼ਬਾਰੀ ਤੇ ਰਾਮਬਨ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ 270 ਕਿਲੋਮੀਟਰ ਲੰਮਾ ਜੰਮੂ-ਸ੍ਰੀਨਗਰ ਕੌਮੀ ਮਾਰਗ ਲੰਘੀ ਦੁਪਹਿਰ ਤੋਂ ਬੰਦ ਹੈ ਜਿਸ ਕਾਰਨ ਕਈ ਵਾਹਨ ਰਾਹ ’ਚ ਫਸ ਗਏ ਹਨ। ਦੂਜੇ ਪਾਸੇ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਮਨਫੀ ਨਾਲੋਂ ਹੇਠਾਂ ਬਣਿਆ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly