ਕਿਆਸੇ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜਵੀਕਲੀ)

ਜਿਹਨਾਂ ਬਾਰੇ ਅਜਬ ਕਿਆਸੇ ਹੁੰਦੇ ਵੇਖੇ |
ਅੰਦਰੋਂ ਰੋਂਦੇ ਬਾਹਰੋਂ ਹਾੱਸੇ ਹੁੰਦੇ ਵੇਖੇ |

ਨਾਲ ਸਮੇਂ ਦੇ ਰੰਗ ਵਟਾਇਆ, ਬਲੀ ਬਹਾਦੁਰ,
ਰਾਜੇ ਤਖਤਾਂ ਦੇ ਵੀ ਦਾਸੇ ਹੁੰਦੇ ਵੇਖੇ |

ਕੁਦਰਤ ਦਾ ਵਰਤਾਰਾ ਵਿਗੜਣ ਕਰਕੇ ਹੀ ਤਾਂ,
ਸਿਆਲ਼ੀ ਰੁੱਤੇ ਹਾੜ ਚੁਮਾਸੇ ਹੁੰਦੇ ਵੇਖੇ |

ਸਹਿਣਾ ਪੈਂਦਾ ਪਹਿਲਾਂ ਸਿਰ ‘ਤੇ ਖੂਬ ਹਥੌੜਾ,
ਤਦ ਹੀ ਪੱਥਰੋਂ ਬੁੱਤ ਤਰਾਸ਼ੇ ਹੁੰਦੇ ਵੇਖੇ |

ਧੁੱਪਾਂ ਨੂੰ ਵੀ ਖਾ ਜਾਂਦਾ ਹੈ ਸ਼ਾਮੀ ‘ਨੇਰਾ,
ਧੰਨ ਕੁਬੇਰਾਂ ਦੇ ਹੱਥ ਕਾਸੇ ਹੁੰਦੇ ਵੇਖੇ |

ਭੁੱਖਾ ਕਾਮਾ ਰਾਖੀ ਕਰਦਾ ਫਸਲਾਂ ਦੀ ਹੈ,
ਨਹਿਰ ਕਿਨਾਰੇ ਲੋਕ ਪਿਆਸੇ ਹੁੰਦੇ ਵੇਖੇ |

ਪੂੰਜੀਵਾਦ ਡਕਾਰੇ ਸਾਡੇ ਰਿਸਤੇ ਨਾਤੇ,
‘ ਬੋਪਾਰਾਏ ‘ ਰੋਜ਼ ਖੁਲਾਸੇ ਹੁੰਦੇ ਵੇਖੇ |

ਜੋ ਵੀ ਕਰਨਾ ਛੇਤੀ ਕਰ
ਖੌਰੇ ਕਿਸ ਪਲ ਜਾਣਾ ਮਰ

ਕਹਿਣ ਸਿਆਣੇ ਨਾਰੀ ਨਰ
ਦੂੱਜੇ ਦੀ ਵੀ ਪੀੜਾ ਹਰ

ਦਿਲ ‘ਚੋਂ ਕੱਢਕੇ ਸਾਰਾ ਡਰ
ਅੰਬਰੀਂ ਉੱਡ ਜਾ ਲਾ ਕੇ ਪਰ

ਐਨੀ ਖੁਦ ਵਿਚ ਤਾਕਤ ਭਰ
ਕੱਚਿਆਂ ‘ਤੇ ਵੀ ਜਾਵੇਂ ਤਰ

ਬਣਕੇ ਬੱਦਲੀ ਓਥੇ ਵਰ੍ਹ
ਜਿਸ ਥਾਂ ਔੜ ਨ ਹੋਵੇ ਜਰ

ਹਿੱਮਤਾਂ ਦਾ ਖੜਕਾ ਕੇ ਦਰ
ਪੈਰ ਅਗ੍ਹਾਂ ਦੇ ਵੱਲ ਨੂੰ ਧਰ

‘ ਬੋਪਾਰਾਏ ‘ ਬਹਿਕੇ ਘਰ
ਹੋਣ ਕਦੇ ਨਾ ਮੰਜਿਲਾਂ ਸਰ

ਭੁਪਿੰਦਰ ਸਿੰਘ ਬੋਪਾਰਾਏ
97797 91442

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਲੋਕ ਵੇਖਣਾ ਚਾਹੁੰਦੇ ਹਨ ਸੁਖਬੀਰ ਬਾਦਲ ਨੂੰ ਅਗਲਾ ਮੁੱਖ ਮੰਤਰੀ – ਡਾ ਥਿੰਦ
Next articleਸੁਰੱਖਿਆ ਖਾਮੀ: ਪੰਜਾਬ ਤੇ ਕੇਂਦਰ ਵੱਲੋਂ ਜਾਂਚ ਕਮੇਟੀਆਂ ਕਾਇਮ