ਪਿਸ਼ਾਵਰ (ਪਾਕਿਸਤਾਨ) (ਸਮਾਜ ਵੀਕਲੀ): ਭਾਰਤ, ਅਮਰੀਕਾ ਅਤੇ ਖਾੜੀ ਖੇਤਰ ਦੇ 200 ਤੋਂ ਵੱਧ ਸ਼ਰਧਾਲੂਆਂ ਨੇ ਸ਼ਨਿਚਰਵਾਰ ਨੂੰ ਪਾਕਿਸਤਾਨ ਸਥਿਤ ਮਹਾਰਾਜਾ ਪਰਮਹੰਸ ਦੇ ਸੌ ਸਾਲ ਪੁਰਾਣੇ ਮੰਦਰ ਵਿੱਚ ਪੂਜਾ ਕੀਤੀ। ਜ਼ਿਕਰਯੋਗ ਹੈ ਕਿ ਇੱਕ ਸਾਲ ਪਹਿਲਾਂ ਇੱਕ ਕੱਟੜਪੰਥੀ ਇਸਲਾਮਿਕ ਪਾਰਟੀ ਨਾਲ ਸਬੰਧਤ ਕੁਝ ਲੋਕਾਂ ਵੱਲੋਂ ਇਸ ਮੰਦਰ ਦੀ ਭੰਨ੍ਹ-ਤੋੜ ਕੀਤੀ ਗਈ ਸੀ। ਮੰਦਰ ਦੀ ਮੁੜ ਉਸਾਰੀ ਅਤੇ ਮੁਰੰਮਤ ਹੋਣ ਮਗਰੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਹਿੰਦੂ ਸ਼ਰਧਾਲੂਆਂ ਦੇ ਜਥੇ ਇੱਥੇ ਪੁੱਜੇ ਹਨ, ਜਿਨ੍ਹਾਂ ਵਿੱਚ ਭਾਰਤ ਤੋਂ 200, ਦੁਬਈ ਤੋਂ 15 ਅਤੇ ਅਮਰੀਕਾ ਤੇ ਖਾੜੀ ਖੇਤਰ ਤੋਂ ਕੁਝ ਸ਼ਰਧਾਲੂ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਖੈਬਰ ਪਖ਼ਤੂਨਖ਼ਵਾ ’ਚ ਜ਼ਿਲ੍ਹਾ ਕਰਕ ਦੇ ਪਿੰਡ ਤੇਰੀ ਸਥਿਤ ਇਸ ਮੰਦਰ ’ਤੇ ਪਿਛਲੇ ਸਾਲ ਕੁਝ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲੇ ਦੀ ਵਿਸ਼ਵ ਪੱਧਰ ’ਤੇ ਨਿਖੇਧੀ ਹੋਈ ਸੀ।
ਸ਼ਰਧਾਲੂਆਂ ਦੀ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। ਭਾਰਤ ਤੋਂ ਗਏ ਸ਼ਰਧਾਲੂ ਵਾਹਗਾ ਬਾਰਡਰ ਤੋਂ ਗਏ ਸਨ, ਜਿਨ੍ਹਾਂ ਨੂੰ ਹਥਿਆਰਬੰਦ ਪੁਲੀਸ ਜਵਾਨਾਂ ਦੀ ਸੁਰੱਖਿਆ ਹੇਠ ਮੰਦਰ ਤੱਕ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਹਿੰਦੂ ਕੌਂਸਲ ਵੱਲੋਂ ਨੈਸ਼ਨਲ ਕੈਰੀਅਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨਾਲ ਰਲ ਕੇ ਇਹ ਯਾਤਰਾ ਕਰਵਾਈ ਗਈ। ਜਥੇ ਦੀ ਸੁਰੱਖਿਆ ਲਈ ਮੰਦਰ ਅਤੇ ਪਿੰਡ ਵਿੱਚ ਰੇਂਜਰਾਂ, ਇੰਟੈਲੀਜੈਂਸ ਅਤੇ ਹਵਾਈ ਅੱਡਾ ਸਰੱਖਿਆ ਬਲ ਦੇ ਛੇ ਸੌ ਜਵਾਨ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਦੀ ਨਿਗਰਾਨੀ ਸੁਪਰਡੈਂਟ ਆਫ ਪੁਲੀਸ ਵੱਲੋਂ ਕੀਤੀ ਗਈ।
ਹਿੰਦੂ ਕੌਂਸਲ ਦੇ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਤਵਾਰ ਬਾਅਦ ਦੁਪਹਿਰ ਪੂਜਾ ਕੀਤੀ ਗਈ। ਮੰਦਰ ਪਹੁੰਚੇ ਯਾਤਰੀਆਂ ਦੇ ਰਹਿਣ ਲਈ ਉੱਥੇ ਮੌਜੂਦ ‘ਹੁਜਰੇ ਅਤੇ ਓਪਨ ਏਅਰ ਰਿਸੈਪਸ਼ਨ ਕਮਰਿਆਂ ਨੂੰ ਸ਼ੈਲਟਰਾਂ ਵਿੱਚ ਤਬਦੀਲ ਕੀਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly