ਚੰਨੀ ਨੇ ਪੰਜਾਬ ਦੀ ਤਰੱਕੀ ਲਈ ਰਾਹ ਪੱਧਰਾ ਕੀਤਾ: ਸਿੱਧੂ

ਫਗਵਾੜਾ/ਜਲੰਧਰ (ਸਮਾਜ ਵੀਕਲੀ):  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਥੇ ਦਾਣਾ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 72  ਸਾਲ ਬਾਅਦ ਇੱਕ ਦਲਿਤ ਆਗੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਇਹ ਸਪੱਸ਼ਟ ਸੰਕੇਤ ਹੈ ਕਿ  ਪੰਜਾਬ ਬਦਲ ਰਿਹਾ ਹੈ ਤੇ ਇਹ ਇੱਕ ਨਵੇਂ ਪੰਜਾਬ ਵੱਲ ਵੱਧ ਰਿਹਾ ਹੈ। ਉਹ ਇੱਥੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਕਾਂਗਰਸ ਆਗੂ ਨੇ ਕਿਹਾ ਕਿ ਅੱਜ ਸਾਡਾ ਇੱਕ ਦਲਿਤ ਆਗੂ ਯੋਗਤਾ ਦੇ ਦਮ ਨਾਲ ਪੰਜਾਬ ਦੀ ਅਗਵਾਈ ਕਰ ਰਿਹਾ ਹੈ। ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਨੂੰ ਇੱਕ ਉੱਦਮੀ ਸੂਬਾ ਬਣਾਉਣ ਦਾ ਰਾਹ ਪੱਧਰਾ ਕੀਤਾ ਹੈ ਅਤੇ ਸਿਸਟਮ ਵਿੱਚ ਸਭ ਲਈ ਬਰਾਬਰੀ ਦੀ ਆਸ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਤਬਾਹੀ ਵੱਲ ਧੱਕਿਆ ਹੈ। ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਦਾ  ਨੁਕਸਾਨ ਕਰ ਰਹੇ ਸਨ। ਕੈਪਟਨ ਵੱਲੋਂ ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦੇਣ ਵਾਲੇ ਆਗੂਆਂ  ਦੀ ਆਵਾਜ਼ ਦਬਾਈ ਗਈ। ਹੁਣ ਪੰਜਾਬ ਦੇ ਲੋਕ ਕੈਪਟਨ ਤੇ ਬਾਦਲਾਂ ਦੀ ਨੀਤੀ ਪੂਰੀ ਤਰ੍ਹਾਂ  ਸਮਝ ਚੁੱਕੇ ਹਨ। ਇਸ ਲਈ ਉਹ ਚੋਣਾਂ ’ਚ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਕੇਸ ਦਰਜ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਤੇ ਡੀਜੀਪੀ ਬਦਲਣ ਮਗਰੋਂ ਇਹਕਾਰਵਾਈ ਅਮਲ ’ਚ ਆਈ ਹੈ ਤੇ ਡਰ ਕਾਰਨ ਹੀ ਮਜੀਠੀਆ ਘਰੋਂ ਗਾਇਬ ਹਨ। ਨਸ਼ਾ ਵੇਚਣ ਤੇ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾ ਭੁਗਤਣੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਕਾਰਨ ਪੰਜਾਬ ਵਿੱਚ ਭਾਜਪਾ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ। ਇਸੇ ਕਰਕੇ ਭਾਜਪਾਈਆਂ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਡਰਾ-ਧਮਕਾ ਕੇ ਭਾਜਪਾ ’ਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਰ ਹੁਣ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ  ਹੋਣ ਦੇ ਬਹਾਨੇ ਬਣਾ ਰਹੇ ਹਨ। ਈਡੀ ਦੀ ਵਰਤੋਂ ਲੋਕਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਲਈ  ਤਿਆਰ ਕਰਨ ਲਈ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਭਾਜਪਾ ਦੀ ਨੀਤੀ ਬਾਰੇ ਸਵਾਲ ਪੁੱਛਣਾ ਜ਼ਰੂਰੀ ਹੈ ਕਿ ਜੋ ਫੰਡ  ਲੋਕਾਂ ਨੂੰ ਵੰਡੇ ਜਾਣੇ ਸਨ ਉਹ ਕਿੱਥੇ ਹਨ? ਉਨ੍ਹਾਂ ਭਗਵਾ ਪਾਰਟੀ ’ਤੇ ਲੋਕਾਂ ਦਾ ਧਰੁਵੀਕਰਨ ਕਰਨ ਦਾ ਦੋਸ਼ ਵੀ ਲਾਇਆ। ਸਿੱਧੂ ਨੇ ਦਾਅਵਾ ਵੀ ਕੀਤਾ ਕਿ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇੱਕ ਦੂਜੇ ਨਾਲ ਹੱਥ ਮਿਲਾਉਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ’ਤੇ ਟਿੱਪਣੀ ਕਰਦਿਆਂ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗ ਕੇ  ਆਪਣਾ ਅਪਮਾਨ ਕਰਵਾਇਆ ਹੈ।  ਸਿੱਧੂ ਨੇ ਕਿਹਾ ਹੈ ਕਿ  ਅਕਾਲੀ ਦਲ ਨੇ ਪੰਜਾਬ ਦੇ ਗ਼ਰੀਬ ਤੇ ਐੱਸਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕੀਮ ਵਿੱਚ ਘਪਲਾ ਕਰਕੇ  ਜਿੱਥੇ ਆਪਣੇ ਬੱਸਾਂ ਦੇ ਕਾਰੋਬਾਰ ਵਿਚ ਵੱਡਾ ਵਾਧਾ ਕੀਤਾ ਹੈ ਉਥੇ ਉੱਥੇ ਸੁੱਖ ਵਿਲਾਸ ਵਰਗੇ ਹੋਟਲ ਬਣਾ ਕੇ ਇਨ੍ਹਾਂ ਆਪਣੇ ਵਪਾਰ ਨੂੰ  ਕਾਫੀ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ’ਚ ਜਿਹੜਾ ਵੀ ਵਿਅਕਤੀ ਜਿਸ ਵੀ ਪਾਰਟੀ ਦਾ ਹੋਵੇ, ਉਸ ਖ਼ਿਲਾਫ਼ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਗ਼ਰੀਬਾਂ ਨਾਲ ਇਨਸਾਫ਼ ਹੋ ਸਕੇ ਅਤੇ  ਅਗਾਂਹ ਵੀ ਅਜਿਹੇ ਲੋਕ ਸਬਕ ਸਿੱਖ ਸਕਣ।

ਧਾਲੀਵਾਲ ਨਾਲ ਸਟੇਜ ਸਾਂਝੀ ਕਰ ਕੇ ਸਿੱਧੂ ਨੇ ਐੱਸਸੀ ਭਾਈਚਾਰੇ ਨੂੰ ਠੇਸ ਪਹੁੰਚਾਈ: ਮਾਨ

ਰੌਲੀ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਤੇ ਹਰਜੀਤ ਸਿੰਘ ਪਰਮਾਰ ਦਾ ਧੜਾ ਗ਼ੈਰ-ਹਾਜ਼ਰ ਰਿਹਾ। ਜੋਗਿੰਦਰ ਮਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕੀਮ ਘਪਲੇ ’ਚ ਸ਼ਾਮਲ ਰਹੇ ਉਸ ਸਮੇਂ ਦੇ ਆਈਏਐੱਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ’ਚ ਸਿਆਸੀ ਸਟੇਜ ਸਾਂਝੀ ਕਰਨਾ ਇਹ ਸਾਬਤ ਕਰਦਾ ਹੈ ਕਿ ਸਿੱਧੂ ਨੇ ਵੀ ਇਸ ਘਪਲੇ ’ਤੇ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਅਜਿਹੇ ਵਿਅਕਤੀ ਨਾਲ ਸਟੇਜ ਸਾਂਝੀ ਕਰ ਕੇ ਐੱਸਸੀ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ, ਜਿਸ ਦੀ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜੀਠੀਆ ਨੂੰ ਗ੍ਰਿਫ਼ਤਾਰੀ ਤੋਂ ਬਚਾਅ ਰਹੇ ਹਨ ਚੰਨੀ: ਰਾਘਵ ਚੱਢਾ
Next articleਸਰਕਾਰ ਬਣਨ ’ਤੇ ਸਕੂਲ-ਹਸਪਤਾਲ ਬਣਾਵਾਂਗੇ: ਅਰਵਿੰਦ ਕੇਜਰੀਵਾਲ