(ਸਮਾਜ ਵੀਕਲੀ)-ਡਿੱਗਣਾ, ਲੜਖੜਾਉਣਾ ਅਤੇ ਤੁਰਨਾ ਜੀਵਨ ਦੀ ਚਾਲ ਹੈ ।ਵਿੰਗੇ -ਟੇਢੇ, ਟੇਢੇ -ਮੇਢੇ, ਵਲ਼ -ਵਲੇਵੇਂ ਖਾਂਦਿਆਂ ਉਚਾਣਾਂ-ਨਿਵਾਣਾਂ ਭਰੇ ਰਾਹਾਂ ਤੋਂ ਖ਼ੁਸ਼ੀਆਂ- ਗ਼ਮੀਆਂ ਅਤੇ ਦੁੱਖਾਂ- ਸੁੱਖਾਂ ਸੰਗ ਵਿਚਰਦਿਆਂ ਨਿਰਾਰਥਕ ਤੋਂ ਸਾਰਥਕ ਵੱਲ ਵਧਦੇ ਕਦਮਾਂ ਨਾਲ ਕੁਝ ਨਿਵੇਕਲਾ, ਵੱਖਰਾ, ਅਦਭੁੱਤ, ਸਲਾਹੁਣਯੋਗ ਅਤੇ ਸਰਬ ਹਿੱਤਾਂ ਤੋਂ ਪ੍ਰੇਰਿਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਮਨਸਾ ਹੀ ਜ਼ਿੰਦਗੀ ਦਾ ਦੂਜਾ ਰੰਗ -ਰੂਪ ਜਾਂ ਨਾਮ ਹੈ।
ਧਰਤ-ਲੋਕ ਤੇ ਉਪਜਿਆ ਸ਼ਖ਼ਸ ਕੁੱਖ ਤੋਂ ਕਬਰ ਤਕ ਨਿੱਜੀ ਸੰਘਰਸ਼ਾਂ ਦੇ ਪੈਂਡੇ ਤੈਅ ਕਰਦਾ ਹੈ। ਹਰ ਵਿਅਕਤੀ ਦੀ ਜ਼ਿੰਦਗੀ ਦੇ ਆਪਣੇ -ਆਪਣੇ ਟੀਚੇ ,ਉਦੇਸ਼, ਮਨਸੂਬੇ ਜਾਂ ਆਦਰਸ਼ ਮਿੱਥੇ ਹੁੰਦੇ ਹਨ ।
ਪਲ – ਪਲ ਨਾਲ ਬਦਲਦੇ ਪਲਾਂ ਰਾਹੀਂ ਦਿਨ, ਮਹੀਨੇ ,ਸਾਲ, ਦਹਾਕੇ ਅਤੇ ਸਦੀਆਂ ਬਦਲਦੀਆਂ ਹਨ।ਹਰ ਵਰ੍ਹੇ, ਵਰ੍ਹਾ ਬੀਤਦਿਆਂ ਨਵੇਂ ਵਰ੍ਹੇ ਦੀ ਤਾਜਪੋਸ਼ੀ ਬੜੀਆਂ ਖ਼ੁਸ਼ੀਆਂ, ਚਾਵਾਂ, ਸੱਧਰਾਂ, ਤੇ ਰੰਗ ਬਿਰੰਗੇ ਜਸ਼ਨਾਂ ਨਾਲ ਕੀਤੀ ਜਾਂਦੀ ਹੈ ਤਾਂ ਜੋ ਕੇ ਨਵਾਂ ਸਾਲ ਜਾਂ ਆਉਣ ਵਾਲਾ ਸਮਾਂ ਧਰਤ ਮੰਡਲ ਤੇ ਵਸਦੀ ਸਮੁੱਚੀ ਕੁਦਰਤ ਅਤੇ ਮਾਨਵਤਾ ਵਾਸਤੇ ਹਿਤਕਾਰੀ ਹੋਵੇ ।
ਨਵੇਂ ਵਰ੍ਹੇ ਦੀ ਆਮਦ ਤੇ ਨਿੱਜਵਾਦ ਤੋਂ ਉੱਪਰ ਵਿਸ਼ਾਲ ਤੇ ਸਰਵ ਉੱਚ ਸੋਚਣੀ ਨਾਲ ਇੱਕਮਿਕ ਹੁੰਦਿਆਂ, ਸਾਨੂੰ ਸਭਨਾਂ ਨੂੰ ਸਭਨਾਂ ਦੇ ਹਿੱਤਾਂ ਦੀ ਖਾਤਰ ਤਹਿ ਦਿਲੋਂ ਤਹੱਈਆ, ਸੰਕਲਪ ਕਰਨਾ ਲੋੜਦਾ ਹੈ ਕਿ ਮਾਇਆ ਦੇ ਅੰਬਾਰ ਇਕੱਤਰ ਕਰਨੇ ,ਸੋਨੇ ਦੀ ਲੰਕਾ ਉਸਾਰਨ ਦੇ ਸੁਫਨਿਆਂ ਨੂੰ ਦ੍ਰਿੜਤਾ ਦੇਣੀ , ਸੱਤਾ ਸ਼ਕਤੀ ਨੂੰ ਗ਼ੈਰ ਜਮਹੂਰੀ ਤੌਰ ਤਰੀਕਿਆਂ ਰਾਹੀਂ ਹਥਿਆਉਣਾ ,ਨਿੱਜੀ ਮੁਫ਼ਾਦਾਂ ਦੀ ਖਾਤਰ ਦੂਜਿਆਂ ਨੂੰ ਜੋਖਮ ਵਿੱਚ ਪਾਉਣਾ , ਨਸ਼ਿਆਂ ਦੀ ਕਾਲਾ ਬਾਜ਼ਾਰੀ ਤਹਿਤ ਨੌਜਵਾਨੀ ਨੂੰ ਤਹਿਸ- ਨਹਿਸ ਕਰਨਾ , ਵਿਸ਼ਵ ਸ਼ਾਂਤੀ ਨੂੰ ਅੱਖੋਂ ਪਰੋਖੇ ਕਰਦਿਆਂ ਵਿਸ਼ਵੀਕਰਨ ਜਾਂ ਸੰਸਾਰੀਕਰਨ ਦੀ ਆੜ ਵਿੱਚ ਮਨੁੱਖਤਾ ਦਾ ਘਾਣ ਕਰਨ ਵਾਲ਼ੇ ਅਨੇਕਾਂ ਨਾਕਾਰਾਤਮਕ ਮਨੋ ਭਾਵਾਂ ਜਾਂ ਮਨਸੂਬਿਆਂ ਨੂੰ ਜ਼ਿਹਨ ਵਿਚ ਪਨਪਣ ਨਾ ਦੇਈਏ ਅਤੇ ਸਮੁੱਚੇ ਸੰਸਾਰ ਵਿਚ ਫੈਲੀਆਂ ਮਨੁੱਖਤਾ ਮਾਰੂ ਕੁਦਰਤੀ ਅਤੇ ਗੈਰ ਕੁਦਰਤੀ ਕਰੋਪੀਆਂ ਮਸਲਨ ਬਿਮਾਰੀਆਂ ,ਗ਼ਰੀਬੀ, ਅਨਪੜ੍ਹਤਾ,ਭਰੂਣ ਹੱਤਿਆ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਤਿਵਾਦ , ਮਨੁੱਖ ਹੱਥੋਂ ਮਨੁੱਖ ਦੇ ਹੋ ਰਹੇ ਮਾਨਸਿਕ,ਸਰੀਰਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਸ਼ੋਸ਼ਣ ਖ਼ਿਲਾਫ਼ ਜਾਗਰੂਕਤਾ ਅਤੇ ਚੇਤਨਤਾ ਦੀ ਲਹਿਰ ਨੂੰ ਉਸਾਰੀਏ ।
“ਸਵਰਗ ਰੂਪੀ ਧਰਤ- ਮੰਡਲ” ਦੇ ਸੁਫ਼ਨੇ ਨੂੰ ਸੰਜੋਦਿਆਂ, ਆਓ ਰਲ ਮਿਲ ਕੇ ਸੰਪੂਰਨ ਮਨੁੱਖਤਾ ਨੂੰ ਆਖੀਏ …..
… “ਨਵਾਂ ਸਾਲ ਮੁਬਾਰਕ” ……।
ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ 95308-20106
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly