ਮੁਸਲਮਾਨਾਂ ਮਗਰੋਂ ਹੁਣ ਈਸਾਈ ਭਾਈਚਾਰਾ ਹਿੰਦੂਤਵ ਬ੍ਰਿਗੇਡ ਦਾ ਅਗਲਾ ਨਿਸ਼ਾਨਾ: ਚਿਦੰਬਰਮ

Former Union Finance Minister P.Chidambaram

ਨਵੀਂ ਦਿੱਲੀ (ਸਮਾਜ ਵੀਕਲੀ):  ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਦਾਅਵਾ ਕੀਤਾ ਕਿ ਮੁਸਲਮਾਨਾਂ ਮਗਰੋਂ ਹੁਣ ਹਿੰਦੂਤਵ ਬ੍ਰਿਗੇਡ ਦਾ ਨਵਾਂ ਨਿਸ਼ਾਨਾ ਈਸਾਈ ਹਨ। ਉਨ੍ਹਾਂ ‘ਮਿਸ਼ਨਰੀਜ਼ ਆਫ਼ ਚੈਰਿਟੀ’ ਦੇ ਐੱਫਸੀਆਰਏ ਰਜਿਸਟਰੇਸ਼ਨ ਨੂੰ ਨਵਿਆਉਣ (ਰਿਨਿਊਅਲ) ਤੋਂ ਕੇਂਦਰ ਸਰਕਾਰ ਵੱਲੋਂ ਜੁਆਬ ਦੇਣ ਦਾ ਹਵਾਲਾ ਦਿੰਦਿਆਂ ਇਹ ਗੱਲ ਆਖੀ। ਗੋਆ ਲਈ ਕਾਂਗਰਸ ਦੇ ਸੀਨੀਅਰ ਚੋਣ ਅਬਜ਼ਰਵਰ ਸ੍ਰੀ ਚਿਦੰਬਰਮ ਨੇ ਦਾਅਵਾ ਕੀਤਾ ਕਿ ਮੁੱਖ ਧਾਰਾ ਦੇ ਮੀਡੀਆ ਨੇ ਮਿਸ਼ਨਰੀਜ਼ ਆਫ਼ ਚੈਰਿਟੀ (ਐੱਮਓਸੀ) ਨਾਲ ਸਬੰਧਤ ਗ੍ਰਹਿ ਮੰਤਰਾਲੇ ਦੀ ਕਾਰਵਾਈ ਦੀ ਖ਼ਬਰ ਆਪਣੇ ਪੰਨਿਆਂ ਤੋਂ ਹਟਾ ਦਿੱਤੀ ਜਿਸਨੂੰ ਉਨ੍ਹਾਂ ‘ਦੁੱਖਦਾਈ ਤੇ ਸ਼ਰਮਨਾਕ’ ਆਖਿਆ।

ਉਨ੍ਹਾਂ ਟਵਿਟਰ ’ਤੇ ਕਿਹਾ,‘ਮਿਸ਼ਨਰੀਜ਼ ਆਫ਼ ਚੈਰਿਟੀ ਦੇ ਰਿਨਿਊਅਲ ਨੂੰ ਰੱਦ ਕਰਨਾ ਭਾਰਤ ਦੇ ਗ਼ਰੀਬ ਤੇ ਪਿਛੜੇ ਵਰਗਾਂ ਲਈ ਲੋਕ ਸੇਵਾ ਕਰ ਰਹੇ ਗੈਰ-ਸਰਕਾਰੀ ਸੰਗਠਨਾਂ ’ਤੇ ਸਿੱਧਾ ਹਮਲਾ ਹੈ। ਐੱਮਓਸੀ ਮਾਮਲੇ ਵਿੱਚ ਇਹ ਈਸਾਈਆਂ ਦੇ ਪੁੰਨ-ਦਾਨ ਦੇ ਕੰਮਾਂ ਖ਼ਿਲਾਫ਼ ਵਿਤਕਰੇ ਤੇ ਪੱਖਪਾਤ ਦੀ ਭਾਵਨਾ ਦਰਸਾਉਂਦਾ ਹੈ। ਮੁਸਲਮਾਨਾਂ ਤੋਂ ਬਾਅਦ ਹੁਣ ਈਸਾਈ, ਹਿੰਦੂਤਵ ਬ੍ਰਿਗੇਡ ਦਾ ਨਵਾਂ ਨਿਸ਼ਾਨਾ ਹਨ।’ ਗੋਆ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਦੋ ਵਾਰ ਹਾਰ ਝੱਲਣ ਮਗਰੋਂ ਕਾਂਗਰਸ ਅਗਲੇ ਵਰ੍ਹੇ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਮਐੱਲਏ ਹੋਸਟਲ ਵਿੱਚ ਭਾਜਪਾ ਵਿਧਾਇਕ ਦੀ ਗੱਡੀ ਨੂੰ ਅੱਗ ਲਗਾਈ
Next articleਮੋਦੀ ਦੇ ਸੁਰੱਖਿਆ ਵਾਹਨਾਂ ’ਚ ਮੇਅਬੈਕ ਦਾ ਦਾਖ਼ਲਾ ਰੁਟੀਨ ਤਬਦੀਲੀ ਕਰਾਰ