ਨਵੀਂ ਦਿੱਲੀ (ਸਮਾਜ ਵੀਕਲੀ): ਨੀਤੀ ਆਯੋਗ ਵੱਲੋਂ ਜਾਰੀ ਚੌਥੇ ਸਿਹਤ ਸੂਚਕ ਅੰਕ ਵਿੱਚ ਸਿਹਤ ਸੈਕਟਰ ਨਾਲ ਜੁੜੀ ਕਾਰਗੁਜ਼ਾਰੀ ਵਿੱਚ ਕੇਰਲਾ 82.20 ਅੰਕਾਂ ਨਾਲ ਵੱਡੇ ਰਾਜਾਂ ਵਿੱਚੋਂ ਸਿਖਰ ’ਤੇ ਰਿਹਾ ਹੈ ਜਦੋਂਕਿ ਉੱਤਰ ਪ੍ਰਦੇਸ਼ ਇਸ ਸੂਚੀ ਵਿੱਚ ਫਰਸ਼ ’ਤੇ ਹੈ। ਉਧਰ ਪੰਜਾਬ 58.08 ਅੰਕਾਂ ਨਾਲ ਇਕ ਸਥਾਨ ਦੇ ਵਾਧੇ ਨਾਲ 9ਵੇਂ ਤੋਂ 8ਵੇਂ ਸਥਾਨ ’ਤੇ ਪੁੱਜ ਗਿਆ ਹੈ। ਦਰਜਾਬੰਦੀ ਲਈ ਸਿਹਤ ਸੂਚਕ ਅੰਕ ਦੇ ਚੌਥੇ ਗੇੜ ਲਈ 2019-20 ਦੇ ਅਰਸੇ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾਇਆ ਗਿਆ ਹੈ। ਯੂਟੀਜ਼ ਵਿੱਚੋਂ ਚੰਡੀਗੜ੍ਹ ਆਪਣਾ ਸਿਖਰ ਬਰਕਰਾਰ ਰੱਖਣ ’ਚ ਨਾਕਾਮ ਰਿਹਾ ਤੇ ਦੂਜੀ ਥਾਵੇਂ ’ਤੇ ਖਿਸਕ ਗਿਆ।
ਸਰਕਾਰ ਦੇ ਥਿੰਕ ਟੈਂਕ ਆਖੇ ਜਾਂਦੇ ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਵਿੱਚ ਸਿਹਤ ਪੈਮਾਨਿਆਂ ਬਾਰੇ ਤਾਮਿਲਨਾਡੂ ਤੇ ਤਿਲੰਗਾਨਾ ਸੂਚੀ ਵਿੱਚ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਸਭ ਤੋਂ ਮਾੜੀ ਕਾਰਗੁਜ਼ਾਰੀ ਪੱਖੋਂ ਯੂਪੀ ਮਗਰੋਂ ਬਿਹਾਰ ਦੂਜੇ ਅਤੇ ਮੱਧ ਪ੍ਰਦੇਸ਼ ਤੀਜੀ ਥਾਵੇਂ ਹੈ। ਉਂਜ ਜੇਕਰ ਇੰਕਰੀਮੈਂਟਲ ਕਾਰਗੁਜ਼ਾਰੀ ਦੀ ਗੱਲ ਕਰੀੲੇ ਤਾਂ ਬੁਨਿਆਦੀ ਸਾਲ (2018-19) ਤੋਂ ਰੈਫਰੈਂਸ ਸਾਲ (2019-20) ਵਿੱਚ ਸਭ ਤੋਂ ਵੱਧ ਇੰਕਰੀਮੈਂਟਲ ਤਬਦੀਲੀ ਕਰਕੇ ਯੂਪੀ ਪਹਿਲੇ ਸਥਾਨ ’ਤੇ ਹੈ। ਛੋਟੇ ਰਾਜਾਂ ਵਿੱਚੋਂ ਕੁੱਲ ਮਿਲਾ ਕੇ ਬਿਹਤਰੀਨ ਤੇ ਇੰਕਰੀਮੈਂਟਲ ਕਾਰਗੁਜ਼ਾਰੀ ਵਜੋਂ ਮਿਜ਼ੋਰਮ ਸਿਖਰ ’ਤੇ ਰਿਹਾ। ਯੂਟੀਜ਼ ਵਿੱਚੋਂ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਓ(66.20 ਅੰਕਾਂ ਨਾਲ) ਓਵਰਆਲ ਕਾਰਗੁਜ਼ਾਰੀ ਵਿੱਚ ਸਿਖਰ ’ਤੇ ਰਿਹਾ। ਚੰਡੀਗੜ੍ਹ ਜਿਸ ਨੂੰ 62.53 ਅੰਕ ਮਿਲੇ, ਪਹਿਲਾਂ ਇਸ ਸੂਚੀ ਵਿੱਚ ਸਿਖਰ ’ਤੇ ਸੀ ਤੇ ਐਤਕੀਂ ਦੂਜੇ ਸਥਾਨ ’ਤੇ ਰਿਹਾ। ਦਿੱਲੀ ਪੰਜਵੇਂ ਅਤੇ ਜੰਮੂ ਕਸ਼ਮੀਰ 6ਵੇਂ ਸਥਾਨ ’ਤੇ ਰਿਹਾ। ਹਾਲਾਂਕਿ ਇੰਕਰੀਮੈਂਟਲ ਕਾਰਗੁਜ਼ਾਰੀ ਵਿੱਚ ਜੰਮੂ ਤੇ ਕਸ਼ਮੀਰ ਦੀ ਸਰਦਾਰੀ ਰਹੀ। ਰਿਪੋਰਟ ਮੁਤਾਬਕ ਰਾਜਸਥਾਨ ਮੁਕੰਮਲ ਤੇ ਇੰਕਰੀਮੈਂਟਲ ਕਾਰਗੁਜ਼ਾਰੀ ਪੱਖੋਂ ਸਭ ਤੋਂ ਕਮਜ਼ੋਰ ਰਿਹਾ। ਛੋਟੇ ਰਾਜਾਂ ’ਚੋਂ ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਮੁਕੰਮਲ ਤੇ ਇੰਕਰੀਮੈਂਟਲ ਕਾਰਗੁਜ਼ਾਰੀ ’ਚ ਇਕੋ ਵੇਲੇ ਸੁਧਾਰ ਵੇਖਣ ਨੂੰ ਮਿਲਿਆ ਹੈ। ਰਿਪੋਰਟ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਆਲਮੀ ਬੈਂਕ ਦੀ ਤਕਨੀਕੀ ਮਦਦ ਨਾਲ ਤਿਆਰ ਕੀਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly