ਲੁਧਿਆਣਾ ਪੁਲੀਸ ਕਮਿਸ਼ਨਰ ਦਫ਼ਤਰ ਬਾਹਰ ਧਾਰਮਿਕ ਗ੍ਰੰਥਾਂ ਦੀ ‘ਬੇਅਦਬੀ’

ਲੁਧਿਆਣਾ (ਸਮਾਜ ਵੀਕਲੀ):  ਸੂਬੇ ’ਚ ਬੇਅਦਬੀ ਦੀਆਂ ਘਟਨਾਵਾਂ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਸਨਅਤੀ ਸ਼ਹਿਰ ’ਚ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸੇ ਨੇ ਧਾਰਮਿਕ ਗ੍ਰੰਥਾਂ ਦੀ ਕਥਿਤ ਤੌਰ ’ਤੇ ਬੇਅਦਬੀ ਕਰ ਦਿੱਤੀ। ਭਗਵਦ ਗੀਤਾ ਦੇ ਨਾਲ ਨਾਲ ਵੱਖ-ਵੱਖ ਗ੍ਰੰਥਾਂ ਦੇ ਪੰਨੇ ਅਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਪਿੱਪਲ ਦੇ ਦਰਖਤ ਕੋਲ ਖਿੰਡਰੀਆਂ ਹੋਈਆਂ ਮਿਲੀਆਂ। ਇਸ ਦੀ ਜਾਣਕਾਰੀ ਜਦੋਂ ਸ਼ਿਵ ਸੈਨਾ ਦੇ ਆਗੂਆਂ ਨੂੰ ਮਿਲੀ ਤਾਂ ਉਹ ਰੋਸ ਜਤਾਉਣ ਲਈ ਮੌਕੇ ’ਤੇ ਪਹੁੰਚ ਗਏ। ਸੂਚਨਾ ਮਿਲਦੇ ਹੀ ਏਸੀਪੀ ਹਰੀਸ਼ ਬਹਿਲ ਵੀ ਮੌਕੇ ’ਤੇ ਪਹੁੰਚੇ ਅਤੇ ਹਿੰਦੂ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾਇਆ ਜਾਵੇਗਾ। ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੇ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਥੋਂ ਧਾਰਮਿਕ ਗ੍ਰੰਥ ਸ਼ਰਧਾ ਸਹਿਤ ਚੁੱਕ ਲਏ।

ਰਾਜੀਵ ਟੰਡਨ ਨੇ ਦੱਸਿਆ ਕਿ ਪੰਜਾਬ ’ਚ ਹਾਈ ਅਲਰਟ ਹੈ ਪਰ ਇਸ ਦੇ ਬਾਵਜੂਦ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਇੰਨੀ ਵੱਡੀ ਵਾਰਦਾਤ ਹੋ ਗਈ ਅਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਹਿੰਦੂਆਂ ਨਾਲ ਸੂਬੇ ’ਚ ਪਹਿਲਾਂ ਹੀ ਮਤਰੇਇਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਏਸੀਪੀ ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ’ਚ ਇਹੋ ਸਾਹਮਣੇ ਆਇਆ ਹੈ ਕਿ ਜਿਹੜੇ ਗ੍ਰੰਥ ਦੇ ਵਰਕੇ ਮਿਲੇ ਹਨ, ਉਹ ਕਾਫ਼ੀ ਪੁਰਾਣੇ ਹਨ। ਗ੍ਰੰਥਾਂ ਨੂੰ ਉਹ ਵਿਅਕਤੀ ਪਿੱਪਲ ਦੇ ਸਾਹਮਣੇ ਰੱਖ ਗਿਆ, ਜੋ ਉਸ ਨੂੰ ਦੇਵਤਾ ਮੰਨਦਾ ਹੈ ਪਰ ਜਿਸ ਨੇ ਵੀ ਅਜਿਹਾ ਕੀਤਾ ਹੈ, ਉਹ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜੀਠੀਆ ਖ਼ਿਲਾਫ਼ ਝੂਠਾ ਕੇਸ ਤਿਆਰ ਕੀਤਾ ਗਿਆ: ਸੁਖਬੀਰ
Next articleਅਜੈ ਮਿਸ਼ਰਾ ਦੀ ਬਰਖ਼ਾਸਤਗੀ ਲਈ ਵਿਰੋਧੀ ਧਿਰ ਨੇ ਕੀਤਾ ਮਾਰਚ