ਮੁੰਬਈ (ਸਮਾਜ ਵੀਕਲੀ): ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਉਸ ਨੂੰ ਕਦੇ ਵੀ ਟੀ-20 ਟੀਮ ਦੀ ਕਪਤਾਨੀ ਛੱਡਣ ਬਾਰੇ ਮੁੜ ਵਿਚਾਰ ਕਰਨ ਲਈ ਨਹੀਂ ਕਿਹਾ ਜਿਵੇਂ ਕਿ ਬੋਰਡ ਨੇ ਦਾਅਵਾ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਆਗਾਮੀ ਦੱਖਣੀ ਅਫਰੀਕਾ ਦੌਰੇ ਲਈ ਟੀਮ ਚੁਣਨ ਤੋਂ 90 ਮਿੰਟ ਪਹਿਲਾਂ ਉਸ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਤੋਂ ਹਟਾਇਆ ਗਿਆ।
ਦੱਖਣੀ ਅਫਰੀਕਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਨੇ ਮੁਸ਼ਕਲ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਉਹ ਸੀਮਤ ਓਵਰਾਂ ਦੀ ਟੀਮ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ‘ਨਜ਼ਰੀਏ’ ਦਾ ਪੂਰਾ ਸਮਰਥਨ ਕਰੇਗਾ। ਕੋਹਲੀ ਨੇ ਕਿਹਾ ਕਿ ਉਹ ਸਮਝ ਸਕਦਾ ਹੈ ਕਿ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਸੀਮਤ ਓਵਰਾਂ ਦੇ ਟੂਰਨਾਮੈਂਟਾਂ ਵਿੱਚ ਟਰਾਫ਼ੀ ਨਾ ਜਿੱਤਣ ਕਾਰਨ ਉਸ ਨੂੰ ਕਪਤਾਨੀ ਤੋਂ ਹਟਾਇਆ ਗਿਆ ਹੈ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਬੋਰਡ ਨੇ ਕੋਹਲੀ ਨੂੰ ਅਪੀਲ ਕੀਤੀ ਸੀ ਕਿ ਉਹ ਕਪਤਾਨੀ ਨਾ ਛੱਡਣ ਕਿਉਂਕਿ ਸੀਮਤ ਓਵਰਾਂ ਦੀ ਵੰਨਗੀ ਵਿੱਚ ਦੋ ਕਪਤਾਨ ਹੋਣਾਂ ਸ਼ਾਇਦ ਸਹੀ ਨਹੀਂ ਰਹੇਗਾ। ਇਸ ’ਤੇ ਕੋਹਲੀ ਨੇ ਕਿਹਾ, ‘‘ਅੱਠ ਦਸੰਬਰ ਨੂੰ ਟੈਸਟ ਲੜੀ ਲਈ ਹੋਈ ਚੋਣ ਮੀਟਿੰਗ ਤੋਂ ਡੇਢ ਘੰਟਾ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਪਹਿਲਾਂ ਟੀ-20 ਕਪਤਾਨੀ ਸਬੰਧੀ ਮੇਰੇ ਫ਼ੈਸਲੇ ਦੇ ਐਲਾਨ ਮਗਰੋਂ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਸੀ।’’
ਕੋਹਲੀ ਨੇ ਕਿਹਾ, ‘‘ਮੁੱਖ ਚੋਣਕਾਰਾਂ ਨੇ ਟੈਸਟ ਟੀਮ ’ਤੇ ਚਰਚਾ ਕੀਤੀ, ਜਿਸ ’ਤੇ ਅਸੀਂ ਦੋਵੇਂ ਸਹਿਮਤ ਸੀ। ਗੱਲ ਖ਼ਤਮ ਕਰਨ ਤੋਂ ਪਹਿਲਾਂ ਮੈਨੂੰ ਦੱਸਿਆ ਗਿਆ ਕਿ ਪੰਜ ਚੋਣਕਾਰਾਂ ਨੇ ਫ਼ੈਸਲਾ ਕੀਤਾ ਹੈ ਕਿ ਮੈਂ ਇੱਕ ਰੋਜ਼ਾ ਕੌਮਾਂਤਰੀ ਟੀਮ ਦਾ ਕਪਤਾਨ ਨਹੀਂ ਰਹਾਂਗਾ, ਜਿਸ ’ਤੇ ਮੈਂ ਕਿਹਾ ਕਿ ਠੀਕ ਹੈ, ਕੋਈ ਗੱਲ ਨਹੀਂ।’’ ਭਾਰਤੀ ਕਪਤਾਨ ਕੋਹਲੀ ਨੇ ਗਾਂਗੁਲੀ ਦੇ ਕੁੱਝ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਬਿਲਕੁਲ ਉਲਟ ਜਾਣਕਾਰੀ ਦਿੰਦਿਆਂ ਕਿਹਾ, ‘‘ਮੈਂ ਕਾਰਨ ਦੱਸੇ ਕਿ ਆਖ਼ਿਰ ਕਿਉਂ ਮੈਂ ਟੀ-20 ਕਪਤਾਨੀ ਛੱਡਣਾ ਚਾਹੁੰਦਾ ਹਾਂ ਅਤੇ ਮੇਰੇ ਨਜ਼ਰੀਏ ਨੂੰ ਚੰਗੀ ਤਰ੍ਹਾਂ ਸਮਝਿਆ ਗਿਆ। ਕੁੱਝ ਗ਼ਲਤ ਨਹੀਂ ਸੀ, ਕੋਈ ਹਿਚਕਚਾਹਟ ਨਹੀਂ ਸੀ ਅਤੇ ਇੱਕ ਵਾਰ ਵੀ ਨਹੀਂ ਕਿਹਾ ਗਿਆ ਕਿ ਤੁਹਾਨੂੰ ਟੀ-20 ਟੀਮ ਦੀ ਕਪਤਾਨੀ ਨਹੀਂ ਛੱਡਣੀ ਚਾਹੀਦੀ।’’ ਗਾਂਗੁਲੀ ਨੇ ਕਿਹਾ ਸੀ ਕਿ ਕੋਹਲੀ ਵੱਲੋਂ ਟੀ-20 ਕਪਤਾਨੀ ਛੱਡਣ ਬਾਰੇ ਮੁੜ ਵਿਚਾਰ ਨਾ ਕੀਤੇ ਜਾਣ ਕਾਰਨ ਚੋਣਕਾਰਾਂ ਨੂੰ ਸੀਮਤ ਓਵਰਾਂ ਦੀ ਵੰਨਗੀ ਵਿੱਚ ਰੋਹਿਤ ਨੂੰ ਕਪਤਾਨ ਬਣਾਉਣਾ ਪਿਆ ਕਿਉਂਕਿ ਦੋ ਵੰਨਗੀਆਂ ਵਿੱਚ ਦੋ ਵੱਖ-ਵੱਖ ਕਪਤਾਨ ਹੋਣ ਨਾਲ ਅਗਵਾਈ ਕਰਨ ਵਾਲੇ ਦੀ ਸਮਰੱਥਾ ਦਾ ਟਕਰਾਅ ਹੋ ਸਕਦਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly