ਪਿਆਰੇ ਬੱਚਿਓ ! ਆਓ ਪਰਵਾਸੀ – ਪੰਛੀਆਂ ਬਾਰੇ ਜਾਣੀਏ “

(ਸਮਾਜ ਵੀਕਲੀ)- ਪਿਆਰੇ ਬੱਚਿਓ ! ਹਰ ਸਾਲ ਕਿਸੇ ਵੀ ਦੇਸ਼ , ਸਥਾਨ ਜਾਂ ਭੂ – ਖੰਡ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਅਨੇਕਾਂ ਪੰਛੀ ਹਜ਼ਾਰਾਂ ਮੀਲ ਦੀਆਂ ਯਾਤਰਾਵਾਂ ਕਰਕੇ ਗਰਮ ਪ੍ਰਦੇਸਾਂ ਵਿੱਚ ਆ ਜਾਂਦੇ ਹਨ , ਅਜਿਹੇ ਪੰਛੀਆਂ ਨੂੰ ‘ ਪਰਵਾਸੀ – ਪੰਛੀ ‘ ਆਖਦੇ ਹਨ। ਹਰ ਸਾਲ ਪੰਛੀਆਂ ਦਾ ਇੱਕ ਤੋਂ ਦੂਜੀ ਥਾਂ ‘ਤੇ ਜਾਣਾ ਅਤੇ ਕੁਝ ਸਮਾਂ ਉੱਥੇ ਰੁਕਣਾ ” ਪਰਵਾਸ ” ਅਖਵਾਉਂਦਾ ਹੈ। ਇਨ੍ਹਾਂ ਪੰਛੀਆਂ ਦਾ ਪਰਵਾਸ ਹੋਰ ਕੁਝ ਨਹੀਂ , ਬਲਕਿ ਇੱਕ ਛਿਮਾਹੀ/ਸਾਲਾਨਾ ਗਤੀਵਿਧੀ ਹੀ ਹੁੰਦੀ ਹੈ। ਬੱਚਿਓ ! ਪੰਛੀਆਂ ਨੂੰ ਪ੍ਰਵਾਸ ਦੀ ਜ਼ਰੂਰਤ ਭੋਜਨ ਅਤੇ ਪਾਣੀ ਦੀ ਭਾਲ , ਅਨੁਕੂਲ ਮੌਸਮ ਦੀ ਭਾਲ , ਠੰਢ ਤੋਂ ਬਚਣ , ਅੰਡੇ ਦੇਣ , ਬੱਚੇ ਪਾਲਣ , ਆਪਣੇ ਆਪ ਨੂੰ ਗਰਮ ਰੱਖਣ , ਸੋਕੇ ਤੋਂ ਬਚਣ ਆਦਿ ਕਾਰਨਾਂ ਕਰਕੇ ਪੈਂਦੀ ਹੈ। ਕਈ ਠੰਢੇ ਦੇਸ਼ਾਂ ਵਿੱਚ ਜਦੋਂ ਭਾਰੀ ਬਰਫਬਾਰੀ ਪੈਂਦੀ ਹੈ ਤਾਂ ਪੰਛੀਆਂ ਨੂੰ ਭੋਜਨ ਦੇ ਤੌਰ ‘ਤੇ ਕੀੜੇ – ਮਕੌੜੇ , ਦਾਣਾ , ਚੋਗਾ , ਫ਼ਲ , ਫੁੱਲ ਅਤੇ ਹੋਰ ਬਨਸਪਤੀ ਆਦਿ ਖਾਣ ਲਈ ਨਹੀਂ ਮਿਲਦਾ ਤੇ ਰਹਿਣ ਲਈ ਯੋਗ ਹਾਲਾਤ ਵੀ ਨਹੀਂ ਹੁੰਦੇ । ਤਦ ਅਜਿਹੀ ਸਥਿਤੀ ਵਿੱਚ ਪੰਛੀਆਂ ਨੂੰ ਪਰਵਾਸ ਕਰਨਾ ਪੈਂਦਾ ਹੈ।ਪਿਆਰੇ ਬੱਚਿਓ !

ਪੰਛੀਆਂ ਦਾ ਪਰਵਾਸ ਕੋਈ ਮਜ਼ੇਦਾਰ ਗੱਲ ਨਹੀਂ ਹੁੰਦੀ , ਸਗੋਂ ਪੰਛੀਆਂ ਦੇ ਲਈ ਇੱਕ ਵੱਡੀ ਚੁਣੌਤੀ ਹੁੰਦੀ ਹੈ ; ਕਿਉਂਕਿ ਪੰਛੀਆਂ ਨੂੰ ਅਣਥੱਕ ਸਰੀਰਕ ਮਿਹਨਤ ਕਰਕੇ ਅਤੇ ਬੇਹੱਦ ਜੋਖਿਮ ਉਠਾ ਕੇ , ਤੇਜ਼ ਹਵਾਵਾਂ ਦੇ ਵੇਗ ਦਾ ਸਾਹਮਣਾ ਕਰਦੇ ਹੋਏ , ਵੱਖ – ਵੱਖ ਦੁਰਘਟਨਾਵਾਂ ਦਾ ਸਾਹਮਣਾ ਕਰਦੇ ਹੋਏ ਤੇ ਕਸ਼ਟ ਝੱਲਦੇ ਹੋਏ , ਵੱਖ – ਵੱਖ ਔਖੇ ਸਥਾਨਾਂ , ਟਾਪੂਆਂ , ਬਰਫੀਲੇ ਇਲਾਕਿਆਂ , ਉੱਚੇ ਪਹਾੜਾਂ , ਸਮੁੰਦਰਾਂ , ਦਰਿਆਵਾਂ , ਚੋਟੀਆਂ , ਵੱਖ – ਵੱਖ ਦੇਸ਼ਾਂ ਆਦਿ ਨੂੰ ਪਾਰ ਕਰਦੇ ਹੋਏ ਪਰਵਾਸ ਕਰਨਾ ਪੈਂਦਾ ਹੈ। ਪੰਛੀ ਅਕਸਰ ਉੱਤਰ ਤੋਂ ਦੱਖਣ ਵੱਲ ਹੀ ਪਰਵਾਸ ਕਰਦੇ ਹਨ ਅਤੇ ਜ਼ਿਆਦਾ ਕਰਕੇ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਰਵਾਸ – ਯਾਤਰਾ ਸ਼ੁਰੂ ਕਰ ਦਿੰਦੇ ਹਨ , ਪਰ ਕੁਝ ਪੰਛੀ ਦੱਖਣ ਦਿਸ਼ਾ ਤੋਂ ਉੱਤਰ ਵੱਲ ਵੀ ਪਰਵਾਸ ਕਰਦੇ ਹਨ। ਪੰਛੀ ਅਕਸਰ ਇਹ ਯਾਤਰਾਵਾਂ ਸੂਰਜ , ਤਾਰਿਆਂ , ਚੰਨ ਆਦਿ ਤੋਂ ਪ੍ਰੇਰਿਤ ਹੋ ਕੇ ਸਹੀ ਦਿਸ਼ਾ ਅਤੇ ਸਹੀ ਮੰਜ਼ਿਲ ਵੱਲ ਕਰਦੇ ਹਨ। ਉਨ੍ਹਾਂ ਵਿੱਚ ਪਰਵਾਸ ਸਬੰਧੀ ਜਨਮ – ਜਾਤ ਸ਼ਕਤੀ ਵੀ ਹੁੰਦੀ ਹੈ। ਪੰਛੀ ਸੂਰਜ ਦੀ ਮਦਦ ਨਾਲ ਉੱਡਣ ਦੀ ਦਿਸ਼ਾ ਤੈਅ ਕਰਦੇ ਹਨ। ਕਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਪੰਛੀ ਪ੍ਰਿਥਵੀ ਦੇ ਚੁੰਬਕੀ ਖੇਤਰ ਦੇ ਅਨੁਸਾਰ ਵਿਸ਼ੇਸ਼ ਸੰਵੇਦਨਾ ਪ੍ਰਾਪਤ ਕਰਕੇ ਪਰਵਾਸ ਕਰਦੇ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਪੰਛੀ ਪਰਵਾਸ ਕਰਨ ਤੋਂ ਪਹਿਲਾਂ ਜ਼ਿਆਦਾ ਖੁਰਾਕ ਦਾ ਸੇਵਨ ਕਰਦੇ ਹਨ। ਜਿਸ ਨਾਲ ਇਹਨਾਂ ਦੇ ਸਰੀਰ ਦੀ ਚਰਬੀ ਦੀ ਪਰਤ ਮੋਟੀ ਹੋ ਜਾਂਦੀ ਹੈ ਤੇ ਇਹਨਾਂ ਦਾ ਭਾਰ ਲਗਭਗ ਦੁੱਗਣਾ ਹੋ ਜਾਂਦਾ ਹੈ। ਬੱਚਿਓ ! ਪੰਛੀਆਂ ਦੀ ਇਹ ਪਰਵਾਸ – ਕਿਰਿਆ /ਸਥਾਨਾਂਤਰਣ ਕਿਰਿਆ ਬਹੁਤ ਹੀ ਨਿਯਮਤ ਅਤੇ ਸੁਵਿਵਸਥਿਤ ਹੁੰਦੀ ਹੈ।

ਪਿਆਰੇ ਬੱਚਿਓ ! ਪੰਛੀਆਂ ਦੀ ਇਹ ਪਰਵਾਸ – ਯਾਤਰਾ ਬਿਨਾਂ ਕਿਸੇ ਟਰੇਨਿੰਗ ਜਾਂ ਪੂਰਵ ਅਨੁਮਾਨ ਦੇ ਹੁੰਦੀ ਹੈ। ਪੰਛੀ ਪਰਵਾਸ – ਯਾਤਰਾ ਦੌਰਾਨ 900 ਮੀਟਰ ਤੋਂ 9000 ਮੀਟਰ ਤੱਕ ਦੀ ਉਚਾਈ ‘ਤੇ ਉੱਡਦੇ ਹਨ। ਕਥਿਤ ਤੌਰ ‘ਤੇ ਪਰਵਾਸੀ – ਪੰਛੀ ਲਗਭਗ ਚਾਰ ਹਜ਼ਾਰ ਕਿਲੋਮੀਟਰ ਤੋਂ ਪੰਜਾਹ – ਸੱਠ ਹਜ਼ਾਰ ਕਿਲੋਮੀਟਰ ਤੱਕ ਦੀ ਸਾਲਾਨਾ ਪਰਵਾਸ – ਯਾਤਰਾ ਕਰ ਲੈਂਦੇ ਹਨ। ਬੱਚਿਓ ! ਇਨ੍ਹਾਂ ਪਰਵਾਸੀ ਪੰਛੀਆਂ ਵਿੱਚ ਚਿੱਟਾ ਸਟੋਰਕ , ਆਰਕਟਿਕ ਟਰਨ , ਗਰੇਲੈਗ ਗੂਜ , ਬਾਰ ਹੈਡਡ ਗੂਜ਼ , ਸੇਜ ਵਾਰਬਲਰ , ਕਾਲੀਆਂ ਮੁਰਗ਼ਾਬੀਆਂ , ਆਰਕਟਿਕ ਟਰਨ ਚਿਡ਼ੀਆਂ , ਰਿਫੋਸ ਹਮਿੰਗਬਰਡ ਆਦਿ – ਆਦਿ ਨਾਮ ਸ਼ਾਮਿਲ ਹਨ। ਪਿਆਰੇ ਬੱਚਿਓ ! ਪੰਜਾਬ ਦੇ ਹਰੀਕੇ ਪੱਤਣ ਝੀਲ , ਰੋਪੜ ਜਲਗਾਹ , ਕਾਂਜਲੀ ਝੀਲ , ਹੁਸੈਨੀਵਾਲਾ ਝੀਲ , ਨੰਗਲ ਡੈਮ ਝੀਲ , ਸੁਖਨਾ ਝੀਲ ਆਦਿ ਥਾਵਾਂ ਵਿਖੇ ਵੱਖ – ਵੱਖ ਦੇਸ਼ਾਂ ਜਿਵੇਂ ਕਿ ਸਾਇਬੇਰੀਆ , ਰੂਸ , ਕਜ਼ਾਕਿਸਤਾਨ , ਮੰਗੋਲੀਆ , ਉੱਤਰ ਪੂਰਬੀ ਚੀਨ , ਯੂਰੇਸ਼ੀਆ , ਯੂਰਪ , ਤੁਰਕੀ ਆਦਿ ਸਥਾਨਾਂ ਤੋਂ ਪਰਵਾਸੀ – ਪੰਛੀ ਆਉਂਦੇ ਹਨ। ਇਹ ਪਰਵਾਸੀ – ਪੰਛੀ ਮਾਰਚ ਮਹੀਨੇ ਦੇ ਕਰੀਬ ਵਾਪਿਸ ਆਪਣੇ ਪਰਦੇਸਾਂ ਨੂੰ ਚਲੇ ਜਾਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਛੀਆਂ ਤੋਂ ਇਲਾਵਾ ਕਈ ਥਣਧਾਰੀ ਜੀਵ , ਕੀਟ , ਪਤੰਗੇ , ਸੱਪ , ਈਲ ਮੱਛੀ , ਤਿੱਤਲੀਆਂ , ਚਮਗਾਦੜ , ਅਲਾਸਕਾ ਸੀਲ , ਸਿਅਰਵਾਟਰ ਚਿੜੀ ਆਦਿ ਪ੍ਰਾਣੀ ਵੀ ਆਪਣੀ ਜ਼ਰੂਰਤ ਅਨੁਸਾਰ ਪਾਣੀ , ਧਰਤੀ ਅਤੇ ਆਕਾਸ਼ ਮਾਰਗ ਰਾਹੀਂ ਪਰਵਾਸ ਕਰਦੇ ਹਨ। ਪਿਆਰੇ ਬੱਚਿਓ ! ਸੰਨ 2016 ਤੋਂ 10 ਮਈ ਨੂੰ ਮਾਈਗ੍ਰੇਟਰੀ ਵਰਲਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਿਆਰੇ ਬੱਚਿਓ ! ਜੇਕਰ ਤੁਹਾਡੇ ਆਲੇ – ਦੁਆਲੇ ਕਿਸੇ ਝੀਲ , ਜਲਗਾਹ ਆਦਿ ਸਥਾਨ ‘ਤੇ ਦੂਰ ਦੇਸ਼ਾਂ – ਪ੍ਰਦੇਸਾਂ ਤੋਂ ਪਰਵਾਸੀ – ਪੰਛੀ ਪਰਵਾਸ ਦੌਰਾਨ ਆਉਂਦੇ ਹੋਣ ਤਾਂ ਤੁਸੀਂ ਉਨ੍ਹਾਂ ਨੂੰ ਦੇਖਣ ਲਈ ਜ਼ਰੂਰ ਜਾਣਾ ਅਤੇ ਇਹ ਵੀ ਯਾਦ ਰੱਖਣਾ ਕਿ ਕਦੇ ਕਿਸੇ ਪੰਛੀ ਨੂੰ ਤੰਗ – ਪ੍ਰੇਸ਼ਾਨ ਨਾ ਕਰਨਾ , ਉਨ੍ਹਾਂ ਦਾ ਸ਼ਿਕਾਰ ਨਾ ਕਰਨਾ ਤੇ ਨਾ ਹੀ ਉਨ੍ਹਾਂ ਨੂੰ ਕਦੇ ਡਰਾਉਣਾ , ਤਾਂ ਜੋ ਉਹ ਸਾਡੇ ਦੇਸ਼ ਵਿੱਚ ਆਉਣ ਤੋਂ ਗੁਰੇਜ਼ ਨਾ ਕਰਨ। ਇਸ ਸਭ ਦੇ ਲਈ ਸਾਨੂੰ ਸਭ ਨੂੰ ਕੁਦਰਤ , ਪਾਣੀ , ਧਰਤੀ ਅਤੇ ਹਵਾ ਦੀ ਸ਼ੁੱਧਤਾ ਨੂੰ ਵੀ ਬਰਕਰਾਰ ਰੱਖਣਾ ਹੋਵੇਗਾ ਤੇ ਵੱਧ ਤੋਂ ਵੱਧ ਰੁੱਖ ਲਗਾਉਂਦੇ ਰਹਿਣਾ ਚਾਹੀਦਾ ਹੈ । ਸੋ ਪਿਆਰੇ ਬੱਚਿਓ ! ਜਦੋਂ ਵੀ ਮੌਕਾ ਮਿਲੇ ਪਰਵਾਸੀ – ਪੰਛੀਆਂ ਨੂੰ ਜ਼ਰੂਰ ਨਿਹਾਰਨਾ ਅਤੇ ਕੁਦਰਤ ਦਾ ਅਨੰਦ ਮਾਨਣਾ। ਅਗਲੀ ਵਾਰ ਕਿਸੇ ਹੋਰ ਵਿਸ਼ੇ ਨਾਲ ਫੇਰ ਮਿਲਾਂਗੇ ……
ਤੁਹਾਡਾ ਆਪਣਾ…

 ਮਾਸਟਰ ਸੰਜੀਵ ਧਰਮਾਣੀ
( ਅੰਤਰਰਾਸ਼ਟਰੀ ਲੇਖਕ )
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

Previous articleਚੌਣ ਚੱਕਰ
Next articleDelhi reports 4 new Omicron cases, tally reaches 6