ਮੋਗਾ (ਸਮਾਜ ਵੀਕਲੀ): ਸੂਬੇ ’ਚ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮਾਗਮਾਂ ਦੌਰਾਨ ਨਾਅਰੇਬਾਜ਼ੀ ਦੀ ਆਵਾਜ਼ ਨੂੰ ਦਬਾਉਣ ਲਈ ਡੀਜੇ ਚਲਾਉਣ ਦੇ ਜਾਰੀ ਕੀਤੇ ਹੁਕਮ ਵਾਪਸ ਲੈ ਲਏ ਹਨ। ਪੰਜਾਬ ਪੁਲੀਸ ਆਈਜੀ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਲੋਂ ਸੂਬਾ ਭਰ ਦੇ ਡਿਪਟੀ ਕਮਿਸ਼ਨਰਾਂ,ਜ਼ਿਲ੍ਹਾ ਪੁਲੀਸ ਮੁਖੀਆਂ, ਪੁਲੀਸ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਦੀ ਫੇਰੀ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਦਿਸ਼ਾ-ਨਿਰਦੇਸ਼ਾਂ ਤਹਿਤ ਹੁਕਮ ਦਿੱਤਾ ਗਿਆ ਸੀ ਕਿ ਜਦੋਂ ਵੀ ਕਿਸੇ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦਾ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਆਮਦ ਦੌਰਾਨ ਜਥੇਬੰਦੀਆਂ ਵੱਲੋਂ ਉੱਚੀ ਆਵਾਜ਼ ਵਿੱਚ ਨਾਅਰੇਬਾਜ਼ੀ ਕੀਤੀ ਜਾਂਦੀ ਹੈ।
ਇਸ ਲਈ ਭਵਿੱਖ ਵਿੱਚ ਜਦੋਂ ਵੀ ਮੁੱਖ ਮੰਤਰੀ ਸਬੰਧਤ ਜ਼ਿਲ੍ਹੇ ’ਚ ਸਮਾਗਮਾਂ ਲਈ ਦੌਰੇ ਦੌਰਾਨ ਜੇ ਜਥੇਬੰਦੀਆਂ ਵੱਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਹੋਵੇ ਉਥੇ ਡੀਜੇ ਲਗਾ ਦਿੱਤਾ ਜਾਵੇ ਜਿਸ ਵਿੱਚ ਗੁਰਬਾਣੀ, ਸ਼ਬਦ, ਧਾਰਮਿਕ ਗੀਤ ਚਲਾਏ ਜਾਣ ਤਾਂ ਜੋ ਮੁਜਾਹਰਾ ਕਾਰੀਆਂ ਦੇ ਨਾਅਰਿਆਂ ਦੀ ਆਵਾਜ਼ ਸੁਣਾਈ ਨਾ ਦੇ ਸਕੇ। ਹੁਣ ਇਹ ਹੁਕਮ ਵਾਪਸ ਲੈ ਲਿਆ ਗਿਆ। ਉਸ ਪੱਤਰ ’ਤੇ ਅਗਲੇਰੀ ਕਾਰਵਾਈ ਕਰਦੇ ਹੋਏ ਡੀਜੇ ਦਾ ਫਾਰਮੂਲਾ ਬੰਦ ਕਰ ਦਿੱਤਾ ਗਿਆ। ਇਸ ਨੂੰ ਕਲੈਰੀਕਲ ਗਲਤੀ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਜਦੋਂ ਵੀ ਮੁੱਖ ਮੰਤਰੀ ਆਮ ਜਨਤਾ ਦੀ ਸ਼ਿਕਾਇਤ ਸੁਣਦੇ ਹਨ ਤਾਂ ਲਾਊਡਸਪੀਕਰ ਦੀ ਆਵਾਜ਼ ਘੱਟ ਕੀਤੀ ਜਾਵੇ ਤਾਂ ਜੋ ਮੁੱਖ ਮੰਤਰੀ ਨੂੰ ਸੁਣਨ ’ਚ ਕੋਈ ਦਿੱਕਤ ਨਾ ਆਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly