ਕੋਲੰਬੋ (ਸਮਾਜ ਵੀਕਲੀ) : ਸ੍ਰੀਲੰਕਾਈ ਫ਼ੌਜੀ ਸੈਨਿਕਾਂ ਦੇ ਇਕ ਸਮੂਹ ’ਤੇ ਇਕ ਤਾਮਿਲ ਪੱਤਰਕਾਰ ਉੱਪਰ ਬੇਰਹਿਮੀ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਪੱਤਰਕਾਰ 2009 ਵਿਚ ਸਰਕਾਰੀ ਸੈਨਿਕਾਂ ਦੇ ਨਾਲ ਐੱਲਟੀਟੀਈ (ਲਿਟੇ) ਦੀ ਆਖ਼ਰੀ ਲੜਾਈ ਵਿਚ ਮਾਰੇ ਗਏ ਸ੍ਰੀਲੰਕਾਈ ਤਾਮਿਲਾਂ ਦੀ ਯਾਦ ਵਿਚ ਕਰਵਾਏ ਜਾਂਦੇ ਇਕ ਪ੍ਰੋਗਰਾਮ ਦੀ ਕਵਰੇਜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮੀਡੀਆ ਮੰਤਰੀ ਡੱਲਾਸ ਅਲਹਾਪੇਰੂਮਾ ਨੂੰ ਲਿਖੀ ਇਕ ਈ-ਮੇਲ ਵਿਚ ਦਿ ਫੈਡਰੇਸ਼ਨ ਆਫ਼ ਮੀਡੀਆ ਐਂਪਲਾਈਜ਼ ਟਰੇਡ ਯੂਨੀਅਨਜ਼’ (ਐੱਫਐੱਮਈਟੀਯੂ) ਨੇ ਕਿਹਾ ਕਿ 28 ਨਵੰਬਰ ਨੂੰ ਹੋਏ ਪ੍ਰੋਗਰਾਮ ਨੂੰ ਕਵਰ ਕਰਨ ਪਹੁੰਚੇ ਪੱਤਰਕਾਰ ਵਿਸ਼ਵਲਿੰਗਮ ਵਿਸ਼ਵਚੰਦਰਨ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਮੇਲ ’ਚ ਕਿਹਾ ਗਿਆ,‘‘ਉਸ ਉੱਪਰ ਉਸ ਸਮੇਂ ਕੰਡਿਆਲੀ ਤਾਰ ਵਿਚ ਲਿਪਟੇ ਤਾੜ ਦੇ ਡੰਡੇ ਨਾਲ ਬੜੀ ਕਰੂਰਤਾ ਨਾਲ ਹਮਲਾ ਕੀਤਾ ਗਿਆ, ਜਦੋਂ ਉਹ ਮੁੁੱਲੀਵੈਕੁੱਲਾ ਬੋਰਡ ਦੀ ਫੋਟੋ ਖਿੱਚ ਰਿਹਾ ਸੀ।’’
ਫੈਡਰੇਸ਼ਨ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਹਮਲਾ ਮੌਕੇ ’ਤੇ ਤਾਇਨਾਤ ਸੈਨਿਕਾਂ ਦੇ ਇਕ ਸਮੂਹ ਨੇ ਕੀਤਾ। ਖ਼ਬਰਾਂ ਅਨੁਸਾਰ, ਮੁੱਲਾਤੀਵੂ ਪੁਲੀਸ ਨੇ ਇਸ ਮਾਮਲੇ ਵਿਚ ਤਿੰਨ ਸੈਨਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ੍ਰੀਲੰਕਾ ਦੇ ਉੱਤਰ ਵਿਚ ਸਥਿਤ ਮੁੱਲਾਤੀਵੂ ਲਿਟੇ ਦਾ ਗੜ੍ਹ ਸੀ। ਸੁਰੱਖਿਆ ਅਦਾਰੇ ਜੰਗੀ ਖੇਤਰ ਵਿਚ ਤਾਮਿਲਾਂ ਨੂੰ ਮ੍ਰਿਤਕਾਂ ਦੀ ਯਾਦ ਵਿਚ ਹੁੰਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦੇ ਜੋ 2009 ਵਿਚ ਸੈਨਾ ਵੱਲੋਂ ਦਰੜੇ ਜਾਣ ਤੋਂ ਪਹਿਲਾਂ ਲਿਟੇ ਦੇ ਵੀਰ ਹਫ਼ਤਾ ਸਮਾਰੋਹ ਵਿਚ ਸ਼ਾਮਲ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly