ਜੰਮੂ (ਸਮਾਜ ਵੀਕਲੀ) : ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਧਾਰਾ 370 ਮਨਸੂਖ ਕੀਤੇ ਜਾਣ ਨੂੰ ਸਹੀ ਠਹਿਰਾਉਣ ਸਬੰਧੀ ਜਿੰਨੇ ਵੀ ਦਾਅਵੇ ਕੀਤੇ ਗਏ ਹਨ ਉਹ ਝੂਠ ਹਨ ਕਿਉਂਕਿ ਜੰਮੂ ਕਸ਼ਮੀਰ ਅਜੇ ਵੀ ਅਤਿਵਾਦ, ਵੱਖਵਾਦ, ਤਬਾਹੀ ਤੇ ਬੇਇਨਸਾਫੀ ਝੱਲ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦ ਹੁਣ ਉਨ੍ਹਾਂ ਇਲਾਕਿਆਂ ’ਚ ਵੀ ਪਹੁੰਚ ਚੁੱਕਾ ਹੈ ਜਿਨ੍ਹਾਂ ਇਲਾਕਿਆਂ ਨੂੰ 2009-15 ਦੌਰਾਨ ਉਨ੍ਹਾਂ ਦੀ ਸਰਕਾਰ ਨੇ ਅਤਿਵਾਦ ਮੁਕਤ ਐਲਾਨ ਦਿੱਤਾ ਹੈ। ਡੋਡਾ ਬੱਸ ਅੱਡੇ ’ਤੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਅਬਦੁੱਲ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਧਾਰਾ 370 ਰੱਦ ਹੋਣ ਮਗਰੋਂ ਇੱਥੇ ਅਤਿਵਾਦ ਤੇ ਵੱਖਵਾਦ ਖਤਮ ਹੋਣ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਝੂਠ ਹਨ। ਧਾਰਾ 370 ਖਤਮ ਹੋਣ ਮਗਰੋਂ ਸੂਬੇ ’ਚ ਨਿਵੇਸ਼ ਦੇ ਰਾਹ ’ਚ ਅੜਿੱਕੇ ਪੈ ਰਹੇ ਹਨ ਤੇ ਜੰਮੂ ਕਸ਼ਮੀਰ ਦੇ ਵਿਕਾਸ ’ਚ ਅੜਿੱਕਾ ਪਿਆ ਹੈ। ਚਿਨਾਬ ਘਾਟੀ ਖੇਤਰ ਦੇ ਅੱਠ ਰੋਜ਼ਾ ਦੌਰੇ ’ਤੇ ਨਿਕਲੇ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਦਾ ਅਗਸਤ 2019 ਤੋਂ ਪਹਿਲਾਂ ਵਾਲਾ ਦਰਜਾ ਬਹਾਲ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਉਹ (ਕੇਂਦਰ ਸਰਕਾਰ) ਇਸ ਤਰ੍ਹਾਂ ਪੇਸ਼ ਕਰ ਰਹੀ ਹੈ ਕਿ ਜੰਮੂ ਕਸ਼ਮੀਰ ਬਹੁਤ ਖੁਸ਼ ਹੈ ਤੇ ਇੱਥੇ ਸਾਰੇ ਪਾਸੇ ‘ਮੌਜਾਂ ਹੀ ਮੌਜਾਂ’ ਹਨ ਪਰ ਇਹ ਕੋਈ ਨਹੀਂ ਦੇਖ ਰਿਹਾ ਕਿ ਇੱਥੋਂ ਦੇ ਲੋਕਾਂ ਦੇ ਦਿਲ ਰੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਜੰਮੂ ਕਸ਼ਮੀਰ ’ਚ ਅਮਨ ਕਾਇਮ ਕਰਨ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਕਿਤੇ ਦਿਖਾਈ ਨਹੀਂ ਦੇ ਰਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly