(ਸਮਾਜ ਵੀਕਲੀ)
ਲਿਖਣਾ ਵੀ ਕਿਸੇ ਰੱਬੀ ਦਾਤ ਤੋਂ ਘੱਟ ਨਹੀਂ , ਕਹਿੰਦੇ ਜਿਸ ਤੇ ਪ੍ਰਮਾਤਮਾ ਦੀ ਮਿਹਰ ਹੋਵੇ ਤਾਂ ਉਹ ਪ੍ਰੀਤਮ ਅਰਸ਼ੀ ਪ੍ਰਮਾਤਮਾ ਆਪ ਬਹੁੜਦਾ , ਕਿਸੇ ਨਾ ਕਿਸੇ ਢੰਗ ਨਾਲ ਮੰਜ਼ਿਲਾਂ ਦੇ ਰਾਹ ਸਾਫ਼ ਕਰਨ ਲਈ ਉਹ ਇਨਸਾਨ ਨੂੰ ਵਿਸ਼ੇਸ਼ ਗੁਣਾ ਨਾਲ ਸਜ਼ਦਾ ਫਿਰ ਉਹ ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਸਮਾਜ ਤਾਂ ਫ਼ਰਕ ਰੱਖ ਸਕਦਾ ਮੁੰਡੇ ਕੁੜੀ ਦਾ ਪਰ ਪ੍ਰਮਾਤਮਾ ਨਹੀਂ ਕੋਈ ਫ਼ਰਕ ਕਰਦਾ ਗੁਣ ਨਿਵਾਜਣ ਵੇਲੇ। ਲਿਖਣਾ ਅੱਖ਼ਰਾਂ, ਸ਼ਬਦਾਂ ਦੀ ਬੰਦਗੀ ਕਰਨ ਵਰਗਾ ਕਾਰਜ ਹੈ ਜੋ ਹਰ ਕੋਈ ਨਹੀਂ ਕਰ ਸਕਦਾ। ਜੋ ਇਨਸਾਨ ਸਿਰੜ, ਸਿਦਕ, ਸਬਰ – ਸੰਤੋਖ ਦੇ, ਕਹਿਣੀ ਕਰਨੀ ਦੇ ਪੂਰੇ ਹੁੰਦੇ ਹਨ ਉਹ ਜਲਦੀ ਹੀ ਜ਼ਿੰਦਗੀ ਦੇ ਰਾਹਾਂ ਦੇ ਭੇਦ ਸਮਝ ਜਾਂਦੇ ਨੇ ਤੇ ਆਪਣੀ ਮੰਜ਼ਿਲ ਵੱਲ ਇਕੱਲਿਆਂ ਹੀ ਪੈਰ ਪੁੱਟ ਲੈਂਦੇ ਨੇ, ਬੱਸ ਤੁਰਦੇ ਜਾਂਦੇ ਨੇ ਚੁੱਪ, ਖ਼ਾਮੋਸ਼ ਹੋ ਕੇ , ਬੇਸ਼ੱਕ ਜਮਾਨਾ ਕੁੱਝ ਵੀ ਕਹੇ, ਪਰ ਉਹ ਆਪਣੇ ਰਾਹਾਂ ਤੇ ਤੁਰੇ ਜਾਂਦੇ ਨੇ ਨਿਰੰਤਰ, ਅਡੋਲ, ਬੇਖ਼ੌਫ਼ ਕਿਸੇ ਝਰਨੇ ਵਾਂਗ ਆਪਣੀ ਮੰਜ਼ਿਲ ਵੱਲ, ਕੋਈ ਵਿਸ਼ੇਸ਼ ਕਾਰਜ ਕਰਨ, ਜੋ ਉਹਨਾਂ ਨੂੰ ਪ੍ਰਮਾਤਮਾ ਨੇ ਸ਼ੌਪਿਆਂ ਹੁੰਦਾ ਪੂਰਾ ਕਰਨ ਲਈ।
ਅਜਿਹੀ ਹੀ ਇੱਕ ਉੱਭਰ ਰਹੀ ਕਵਿੱਤਰੀ /ਕਹਾਣੀਕਾਰਾ/ ਚਿੱਤਰਕਾਰਾ ਜਿਸ ਨੂੰ ਇਹ ਸਭ ਗੁਣ ਪ੍ਰਮਾਤਮਾ ਵੱਲੋਂ ਬਚਪਨ ਤੋਂ ਹੀ ਮਿਲੇ ਹੋਏ ਨੇ, ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਦਾ ਅਣਮੁੱਲ ਨਾਂ ਸਿਮਰਨਜੀਤ ਕੌਰ ਸਿਮਰ ਹੈ ਜਿਸ ਦਾ ਜਨਮ ਜ਼ਿਲ੍ਹਾ ਪਟਿਆਲਾ ਵਿੱਚ ਵਸਦੇ ਇੱਕ ਨਿੱਕੇ ਜਿਹੇ ਪਿੰਡ ਮਵੀ-ਸੱਪਾਂ ਵਿਖੇ ਪਿਤਾ ਸਰਦਾਰ ਗੱਜਣ ਸਿੰਘ ਦੇ ਘਰ ਹੋਇਆ। ਸਿਮਰ ਨੂੰ ਬਚਪਨ ਤੋਂ ਹੀ ਸਾਹਿਤ ਪੜ੍ਹਨ ਵੱਲ ਰੁਚੀ ਹੋਣ ਕਾਰਨ ਜਲਦੀ ਅੱਖ਼ਰਾਂ ਨਾਲ ਗੱਲਾਂ ਕਰਨੀਆਂ ਆ ਗਈਆਂ । ਹੌਲੀ-ਹੌਲੀ ਸ਼ਬਦਾਂ ਦੀਆਂ ਲੜੀਆਂ ਪਰੋਣ ਲੱਗੀ ਜੋ ਜਗਮਗ ਕਰਨ ਲੱਗੀਆਂ ਤੇ ਪਾਠਕਾਂ ਨੂੰ ਪ੍ਰਵਾਨ ਚੜ੍ਹਨ ਲੱਗੀਆਂ। ਪੜ੍ਹਨ ਦਾ ਸ਼ੌਕ ਸਿਮਰ ਜੀ ਨੂੰ ਆਪਣੇ ਦਾਦਾ ਜੀ ਨੂੰ ਵੇਖ ਕੇ ਪਿਆ, ਜੋ ਅਕਸਰ ਕੁੱਝ ਨਾ ਕੁੱਝ ਪੜ੍ਹਦੇ ਰਹਿੰਦੇ ਸਨ।
ਸਿਮਰਨਜੀਤ ਕੌਰ ਸਿਮਰ ਜੀ ਨੇ ਆਪਣੀ ਕਲਮ ਰਾਹੀਂ ਹਰ ਵਿਸ਼ੇ ਤੇ ਲਿਖਿਆ ਹੈ, ਚਾਹੇ ਉਹ ਬਚਪਨ ਬਾਰੇ ਹੋਵੇ, ਔਰਤ ਨਾਲ ਹੁੰਦੇ ਵਿਤਕਰੇ ਬਾਰੇ ਹੋਵੇ, ਕੁਦਰਤ ਨਾਲ ਹੁੰਦੀ ਛੇੜਛਾੜ ਹੋਵੇ, ਅਲੋਪ ਹੋ ਰਿਹਾ ਪੰਜਾਬੀ ਵਿਰਸਾ, ਚਰਖੇ, ਚੱਕੀਆਂ, ਮਧਾਣੀਆਂ ਬਾਰੇ, ਨਸ਼ਿਆਂ ਚ ਰੁਲ ਰਹੀ ਜਵਾਨੀ ਦੀ ਗੱਲ ਹੋਵੇ ਜਾਂ ਫਿਰ ਦਿੱਲੀ ਚ ਚੱਲ ਰਹੇ ਕਿਰਸਾਨੀ ਘੋਲ ਦੀ ਗੱਲ ਹੋਵੇ, ਸਿਮਰ ਜੀ ਨੇ ਨਿੱਠ ਕੇ ਆਪਣੀ ਕਲਮ ਦੀ ਆਵਾਜ਼ ਬੁਲੰਦ ਕੀਤੀ। ਆਪਣੀਆਂ ਰਚਨਾਵਾਂ ਨੂੰ ਬੜੀ ਸੂਝਬੂਝ ਨਾਲ ਲਿਖ ਕੇ ਲੋਕ ਕਚਹਿਰੀ ਚ ਰੱਖਣਾ ਸਿਮਰਨ ਜੀ ਦੇ ਹਿੱਸੇ ਆਇਆ ਹੈ , ਧਰਤੀ ਤੋਂ ਅੰਬਰ ਤੱਕ ਪ੍ਰਵਾਜ਼ ਭਰ ਲੈਣਾ ਤੇ ਫਿਰ ਇੱਕ ਵਰਕੇ ਤੇ ਸਮੇਟ ਲੈਣਾ ਵਰਗੇ ਗੁਣ ਵੀ ਸਿਮਰਨ ਜੀ ਦੇ ਹਿੱਸੇ ਆਏ ਹਨ ਜੋ ਲੋਕਾਂ ਨੇ ਵੀ ਪ੍ਰਵਾਨ ਵੀ ਕੀਤੇ ਹਨ ।
ਜੇ ਸਿਮਰਨਜੀਤ ਕੌਰ ਸਿਮਰ ਜੀ ਦੀਆਂ ਛਪ ਰਹੀਆਂ ਰਚਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਅਜੀਤ ਪੰਜਾਬੀ ਅਖ਼ਬਾਰ ਜਲੰਧਰ,ਡੇਲੀ ਹਮਦਰਦ,ਸਮਾਜ ਵੀਕਲੀ,ਬੀ.ਟੀ. ਟੀ. ਨਿਊਜ਼,ਲਿਸ਼ਕਾਰਾ,ਪੰਜਾਬ ਟਾਈਮਜ਼ ਯੂ ਕੇ, ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ,ਪ੍ਰੀਤਨਾਮਾ, ਸਾਡੇ ਲੋਕ ਤੇ ਹੋਰ ਮੈਗਜ਼ੀਨਾਂ, ਆਨਲਾਇਨ ਸਾਇਟਾਂ, ਆਨਲਾਈਨ ਅਖ਼ਬਾਰਾਂ ਵਿੱਚ ਪਾਠਕਾਂ ਦੇ ਸਨਮੁੱਖ ਆਪਣੀ ਹਾਜ਼ਰੀ ਲਗਵਾਉੰਦੇ ਰਹਿੰਦੇ ਨੇ। ਬਹੁਤ ਸਾਰੇ ਆਨਲਾਈਨ ਪੰਜਾਬੀ ਕਵੀ-ਦਰਬਾਰਾਂ ਜਿਵੇਂ ਰੂਬਰੂ, ਪੰਜਾਬੀ ਸੱਥ ਮੈਲਬੌਰਨ, ਸਾਹਿਤਕ ਦੀਪ, ਉੱਘੇ ਲੇਖ਼ਕ ਸਰਦਾਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ (ਰਚੇਤਾ ਅੰਮ੍ਰਿਤਸਰ ਵੱਲ ਜਾਂਦੇ ਰਾਹੀਓ) ਦੇ ਚੈਨਲ ਅਤੇ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਸਾਹਿਤਕ ਵਿੱਚ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਨੂੰ ਹੋਸਟ ਵੀ ਕਰ ਚੁੱਕੇ ਨੇ ਤੇ ਅੱਗੇ ਵੀ ਇਹ ਕਾਰਜ ਜਾਰੀ ਹੈ।
ਜੇ ਸਿਮਰ ਜੀ ਦੀਆਂ ਛਪ ਰਹੀਆਂ ਕਿਤਾਬਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਜਿਵੇ ਕਿ :- ਜਗਦੇ ਦੀਵੇ , ਨਵੀਆਂ ਕਲਮਾਂ ਦੇ ਰੰਗ ਗਗਨ ਦੇ ਸੰਗ , ਕਲਮਾਂ ਦੀ ਸਾਂਝ , ਵਿਹੜੇ ਦੀਆਂ ਰੌਣਕਾਂ ਆਦਿ ਅਤੇ ਕਹਾਣੀ ਸੰਗ੍ਰਹਿ :- ਰੰਗ ਬਰੰਗੇ ਮੋਤੀ, ਰੂਹ ਦੀ ਚੀਖ ਆ ਚੁੱਕੇ ਨੇ , ਇਹ ਸਫ਼ਰ ਅੱਗੇ ਵੀ ਜਾਰੀ ਹੈ ਜੋ ਹੋਰ ਬਹੁਤ ਕੁੱਝ ਨਵਾਂ ਲੈ ਕੇ ਆ ਰਹੇ ਹਨ।
ਸਿਮਰਨਜੀਤ ਕੌਰ ਸਿਮਰ ਜੀ ਦੀ ਬੀ. ਏ. , ਬੀ. ਐੱਡ ਤੱਕ ਪੜ੍ਹਾਈ ਕੀਤੀ ਹੋਈ ਹੈ। ਜਿੰਨਾ ਦਾ ਸੁਫ਼ਨਾ ਇੱਕ ਚੰਗੀ ਅਧਿਆਪਕਾ ਤੇ ਚੰਗੀ ਕਲਮਕਾਰਾ ਬਣਨਾ ਹੈ। ਸਿਮਰਨਜੀਤ ਕੌਰ ਸਿਮਰ ਜੀ ਚੰਗੇ ਸਾਹਿਤਕਾਰਾਂ ਵਿੱਚ ਨਾਂ ਦਰਜ਼ ਕਰਵਾਉਣ ਬਾਰੇ ਇੱਕ ਤਕਦੀਰ ਨੂੰ ਮੰਨਦੇ ਨੇ ਜਿਸ ਨੇ ਉਹਨਾਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਸਿਮਰ ਜੀ ਅੱਜ – ਕੱਲ੍ਹ ਕੀ ਅਹੁਦਿਆਂ ਤੇ ਆਪਣੀ ਜ਼ਿੰਮੇਵਾਰੀ ਪੂਰੀ ਤਨ ਦੇਹੀ ਨਾਲ ਨਿਭਾ ਰਹੇ ਨੇ ਜਿੰਨਾਂ ਚੋਂ ਜਨਰਲ ਸਕੱਤਰ ਸਾਹਿਤਕ ਫੁਲਵਾੜੀ, ਕੋਆਰਡੀਨੇਟਰ ਅੰਤਰਰਾਸ਼ਟਰੀ ਸੁਨਹਿਰੇ ਲਫ਼ਜ਼ ਅਤੇ ਹੋਰ ਵੱਖ – ਵੱਖ ਸਾਹਿਤਕ ਸੱਸਥਾਂਵਾਂ ਦੇ ਮੈਂਬਰ ਵੀ ਹਨ।ਸਿਮਰ ਦੀਆਂ ਦੋ ਛੋਟੀਆਂ ਤੇ ਵਧੀਆ ਕਵਿਤਾਵਾਂ-ਜਿੰਦਗੀ ਹੁਣ ਰੰਗੀਨ ਨਾ ਹੋਸੀ,
ਮੈਨੂੰ ਕਿਤੇ ਤਸਕੀਨ ਨਾ ਹੋਸੀ….
ਉਦਮਾਦ ਸਖਨ ਦਾ ਐਕਣ ਮੁੱਕਾ,
ਅਕਰਾ ਹੁਣ ਕੋਈ ਹਮਵਾਰ ਨਾ ਹੋਸੀ…
ਹਾਨਤ ਹੈ ਮੈਨੂੰ ਆਪਣੇ ਦਮ ਤੇ,
ਸਰਪੋਸ ਕਰ ਮੈਂ ਚਰਖਾਬ ਨਾ ਹੋਸੀ….
ਛਨਾਰ ਹੀ ਝੋਲੀ ਪਾ ਗਿਆ ਮਹਿਰਮ,
ਖਬੀਸ ਕਹਾ ਕੇ ਪਾਕ ਨਾ ਹੋਸੀ….
ਰੰਜੂਰ ਇਸ਼ਕ ਦਾ ਐਸਾ ਚੜ੍ਹਿਆ,
ਸਿਮਰਨ ਇਹਦਾ ਮਰਜ ਨਾ ਹੋਸੀ….
ਸੱਜਣਾ ਭੇਦ ਖੁੱਲ੍ਹ ਗਏ ਨੇ ਸਾਰੇ ,
ਕੀ ਅੰਬਰ ਸੀ ਕੀ ਜਮੀਨ ਸੀ।
ਵਫਾ ਦਾ ਦੀਵਾ ਬਲਿਆ ਨਾ ਦਿੱਸਿਆ,
ਉਹ ਬਦੁਆ ਸੀ ਜਾਂ ਆਮੀਨ ਸੀ
ਥੋੜ੍ਹੇ ਜਿਹੇ ਪਲ ਤੇ ਸਫ਼ਰ ਲੰਮੇਰਾ
ਬਹੁਤਾ ਫਿੱਕਾ ਤੇ ਕੁਝ ਕੁ ਰੰਗੀਨ ਸੀ
ਲੈ ਕੇ ਦਰਦ ਤੁਰਿਆ ਜੋ ਡਾਢਾ
ਖਬਰੇ ਗਮਾਂ ਦਾ ਕਿੰਨਾ ਸ਼ੌਕੀਨ ਸੀ
ਚਾਨਣ ਚੋਂ ਹਨੇਰੇ ਵਿੱਚ ਐਸਾ ਸੁੱਟਿਆ
ਦਿਲ ਸੀ ਉਹ ਜਾਂ ਕੋਈ ਮਸ਼ੀਨ ਸੀ
ਤੇਰੀ ਲਿਆਕਤ ਲਈ ਕੀ ਕੋਈ ਆਖੇ
ਹੋਣੀ ਤਾਰੀਫ ਜਾਂ ਫੇਰ ਹੋਈ ਤੌਹੀਨ ਸੀ
ਸਿਮਰਨਜੀਤ ਕੌਰ ਸਿਮਰ ਜੀ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੈ, ਆਪਣੇ ਆਪ ਨੂੰ ਸੁਭਾਗਾ ਸਮਝਦੇ ਨੇ ਜੋ ਪੰਜਾਬ ਦੀ ਧਰਤੀ ਤੇ ਜਨਮ ਲਿਆ ਤੇ ਪੰਜਾਬੀ ਮਾਂ ਬੋਲੀ ਵਿੱਚ ਲੋਰੀਆਂ ਗੀਤਾਂ ਦਾ ਨਿੱਘ ਮਾਣਿਆਂ। ਉਹ ਦਿਨ ਰਾਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਨੇ। ਸਿਮਰ ਜੀ ਅਕਸਰ ਆਖਦੇ ਨੇ ਕਿ ਆਪਾਂ ਪੰਜਾਬੀ ਮਾਂ ਬੋਲੀ ਕਰਕੇ ਹਾਂ, ਮਾਂ ਬੋਲੀ ਆਪਣੇ ਕਰਕੇ ਹੈ, ਆਪਾਂ ਨੂੰ ਸ਼ੁੱਧ ਪੰਜਾਬੀ ਬੋਲਣੀ ਲਿਖਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ । ਪੰਜਾਬੀ ਬੋਲੀ ਬਹੁਤ ਮਹਾਨ ਹੈ ਜੋ ਗੁਰੂਆਂ ਪੀਰਾਂ ਦੀ ਜਾਈ ਬੋਲੀ ਹੈ। ਬਾਬਾ ਨਾਨਕ, ਕਬੀਰ, ਬਾਬਾ ਫਰੀਦ, ਬਾਬਾ ਬੁੱਲ੍ਹੇ ਸ਼ਾਹ, ਵਾਰਿਸ਼ ਸ਼ਾਹ, ਸ਼ਿਵ ਕੁਮਾਰ ਬਟਾਲਵੀ ਜਿਹੇ ਮਹਾਨ ਕਵੀਆਂ ਦੀ ਬੋਲੀ ਵੀ ਮਹਾਨ ਹੀ ਹੋ ਸਕਦੀ ਹੈ ਕਿਸੇ ਗੱਲੋਂ ਘੱਟ ਨਹੀਂ। ਸਾਨੂੰ ਸਭ ਨੂੰ ਹੋਰ ਬੋਲੀਆਂ ਸਿੱਖਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਦੀ ਸੇਵਾ ਕਦਰ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਨੇ ਸਾਨੂੰ ਮਾਫ਼ ਨਹੀਂ ਕਰਨਾ। ਸ਼ਾਲਾ! ਸਾਡੇ ਵੱਲੋਂ ਦਿਲੀ ਦੁਆਵਾਂ ਨੇ ਕਿ ਸਿਮਰਨਜੀਤ ਕੌਰ ਸਿਮਰ ਜੀ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀਆਂ ਕਰਨ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।ਸਿਮਰ ਦੀ ਕਲਮ ਵਿਚ ਮੈਂ ਵੇਖਿਆ ਹੈ ਕਿ ਇਹ ਅਜੋਕੇ ਲੇਖਕਾ ਨਾਲੋਂ ਬਹੁਤ ਅਲੱਗ ਹਨ।ਪਿਆਰ ਮੁਹੱਬਤ ਦੀਆਂ ਮਨਘੜਤ ਕਹਾਣੀਆਂ ਤੋਂ ਬਹੁਤ ਦੂਰ ਸਾਡੇ ਸਮਾਜ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦੀਆਂ ਰਚਨਾਵਾਂ ਸਾਹਿਤ ਦੇ ਕਿਸੇ ਵੀ ਰੰਗ ਵਿੱਚ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਦੀਆਂ ਹਨ।ਇਸ ਤਰ੍ਹਾਂ ਮਿਹਨਤ ਕਰਦੇ ਰਹੇ ਬਹੁਤ ਜਲਦੀ ਲੇਖਕਾਂ ਦੀ ਪਹਿਲੀ ਕਤਾਰ ਵਿੱਚ ਖੜ੍ਹੇ ਨਜ਼ਰ ਆਉਣਗੇ – ਆਮੀਨ..