(ਸਮਾਜ ਵੀਕਲੀ)
ਕਈ ਸਾਲ ਪਹਿਲਾਂ ਦੀ ਗੱਲ ਹੈ।ਮੈਨੂੰ ਮੇਰਾ ਦੋਸਤ ਆ ਕੇ ਕਹਿਣ ਲੱਗਾ, ਮਾਸਟਰ ਜੀ ਸਾਡੇ ਪਿੰਡ ਵਿੱਚ ਇਕ ਘਰੇ ਰਾਤ ਨੂੰ ਸੁੱਤੇ ਪਏ ਬੰਦਿਆਂ ਦੇ ਮੂੰਹ ਤੇ ਜੁੱਤੀਆਂ ਪੈਂਦੀਆਂ ਹਨ ।ਅਖੌਤੀ ਸਿਆਣਿਆਂ ਤੋਂ ਪਰਿਵਾਰ ਬਹੁਤ ਲੁੱਟ ਕਰਵਾ ਚੁੱਕਿਆ ਹੈ।ਘਰ ਦੇ ਜੀਅ ਬਹੁਤ ਡਰੇ ਹੋਏ ਨੇ।ਆਪਾਂ ਇਹ ਕੇਸ ਹਲ ਕਰਨਾ ਹੈ।ਮੈਂ ਕਿਹਾ,” ਉਨਾਂ ਨੂੰ ਸੁਨੇਹਾ ਲਾ ਦਿਓ ਕਿ ਪਰਸੋਂ ਤਰਕਸ਼ੀਲਾਂ ਦੀ ਟੀਮ ਤੁਹਾਡੇ ਘਰ ਆਵੇਗੀ ਤੇ ਮੂੰਹ ‘ਤ ਜੁੱਤੀਆਂ ਮਾਰਨ ਵਾਲੇ ਜਿੰਨ ਨੂੰ ਫੜ ਕੇ ਲੈ ਜਾਵੇਗੀ ।ਉਨ੍ਹਾਂ ਦੇ ਘਰ ਦੇ ਸਾਰੇ ਜੀਆਂ ਦਾ ਘਰ ਰਹਿਣਾ ਲਾਜ਼਼ਮੀ ਹੈ।”ਮੈਂ ਤਿੰਨ ਤਰਕਸ਼ੀਲ ਸਾਥੀਆਂ ਨੂੰ ਨਾਲ ਲੈ ਕੇ ਮਿਥੇ ਸਮੇਂ ਸੰਬੰਧਿਤ ਘਰੇ ਪਹੁੰਚਿਆ।ਸਾਰੇ ਪਰਿਵਾਰਕ ਮੈਂਬਰਾਂ ਨਾਲ ਇਕੱਲਿਆਂ ਇਕੱਲਿਆਂ ਗਲ ਕੀਤੀ ਘਰ ਦੇ ਬਹੁਤੇ ਜੀਆ ਡਰੇ ਹੋਏ ਸਨ।ਅਖੌਤੀ ਸਿਆਣਿਆਂ ਨੇ ਉਨਾਂ ਦੇ ਮਨ ਵਿੱਚ ਇਹ ਗਲ ਬਿਠਾ ਦਿਤੀ ਸੀ ਕਿ ਉਨ੍ਹਾਂ ਦੇ ਘਰ ਕਿਸੇ ਜਿੰਨ ਦਾ ਵਾਸਾ ਹੈ ਜਿਹੜਾ ਉਨਾਂ ਦੇਸੁੱਤਿਆਂ ਪਿਆਂ ਦੇ ਮੂੰਹ ਤੇ ਜੁੱਤੀਆਂ ਮਾਰਦਾ ਹੈ।
ਤਰਕਸ਼ੀਲ ਨਜ਼ਰੀਏ ਨਾਲ ਅਸੀਂ ਪੜਤਾਲ ਕਰਨੀ ਸੁਰੂ ਕਰ ਦਿੱਤੀ।ਹੋ ਰਹੀਆਂ ਘਟਨਾਵਾਂ ਵਿੱਚ ਗੈਰਹਾਜ਼ਰ ਵਿਅਕਤੀਆਂ ਦੀ ਪਛਾਣ ਕੀਤੀ ਗਈ, ਹਰ ਘਟਨਾ ਵਿੱਚ ਹਾਜ਼ਰ ਮੈਂਬਰ ਦੀ ਪਛਾਣ ਕੀਤੀ ਗਈ।ਆਖਰ ਅਸੀਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਜਿੰਨ ਰੂਪੀ ਆਦਮੀ ਨੂੰ ਤਲਾਸ਼ ਲਿਆ।ਇਹੀ ਉਹ ਵਿਅਕਤੀ ਸੀ ਜੋ ਹਰ ਘਟਨਾ ਸਮੇਂ ਹਾਜ਼ਰ ਸੀ।
ਨਤੀਜੇ ਵਜੋਂ ਜੁੱਤੀਆਂ ਮਾਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ।ਜਦੋਂ ਮੈਂ ਉਸ ਨੂੰ ਕਿਹਾ,” ਦੇਖ ਤੇਰੇ ਨਾਲ ਸਾਡੀ ਕੋਈ ਜਾਣ ਪਛਾਣ ਨਹੀਂ,ਪਰ ਸਾਡੀ ਪੜਤਾਲ ਇਹ ਕਹਿੰਦੀ ਹੈ ਕਿ ਤੂੰ ਕਿਸੇ ਸਮੱਸਿਆ ਵਿੱਚ ਹੈ। ਸਾਰੀਆਂ ਘਟਨਾਵਾਂ ਦੀ ਸੂਈ ਤੇਰੇ ਦੁਆਲੇ ਘੁੰਮਦੀ ਹੈ।ਤੂੰ ਅਜਿਹਾ ਕਿਉਂ ਕਰਦੀ ਹੈਂ?”ਜਦੋਂ ਮੈਂ ਉਸ ਨੂੰ ਇਹ ਗੱਲ ਆਖੀ ਉਹ ਭੜਕ ਪਈ, ਬਾਹਰ ਭੱਜਣ ਲੱਗੀ।ਮੈਂ ਉਸਨੂੰ ਟੋਕਦਿਆਂ ਕਿਹਾ।ਸਾਡੀ ਪੜਤਾਲ ਬਿਲਕੁਲ ਸਹੀ ਹੈ
ਅਸੀਂ ਕੋਈ ਤੀਰ ਤੁੱਕਾ ਨਹੀਂ ਲਾਉਂਦੇ ।ਸਾਨੂੰ ਪਤਾ ਹੈ ਜਿੰਨ,ਭੂਤ ਪਰੇਤ ਸਭ ਕਲਪਿਤ ਹਨ।ਅਸੀਂ ਤੇਰਾ ਪੜਦਾ ਬਣਾਈ ਰੱਖਾਂਗੇ ਜੇ ਤੂੰ ਸਚਾਈ ਬਿਆਨ ਕਰ ਦੇਵੇਂਗੀ।ਹੁਣ ਜਦ ਮੈਂ ਉਸ ਨਾਲ ਗਲ ਕਰ ਕਰ ਰਿਹਾ ਸੀ , ਉਹ ਬੜੇ ਧਿਆਨ ਨਾਲ ਮੈਨੂੰ ਸੁਣ ਰਹੀ ਸੀ।ਮੇਰੇ ਪਰਭਾਵ ਵਿੱਚ ਆ ਗਈ ਸੀ।
ਉਸਨੇ ਸ਼ਾਂਤ ਹੁੰਦਿਆਂ ਕਿਹਾ,” ਤੁਸੀ ਕਿਸੇ ਅੱਗੇ ਮੇਰਾ ਨਾਂ ਤਾਂ ਨਹੀਂ ਲੈਂਦੇ?”ਮੈਂ ਕਿਹਾ ਕਿ ਜੇ ਸਾਰੀ ਗਲ ਸੱਚ ਦੱਸ ਦੇਵੇਂਗੀ ਤਾਂ ਬਿਲਕੁਲ ਵੀ ਨਹੀਂ,ਕਦੇ ਵੀ ਨਹੀਂ, ਕਿਸੇ ਨੂੰ ਵੀ ਨਹੀਂ।ਜਿਸ ਸਮੱਸਿਆ ਤਹਿਤ ਤੂੰ ਇਹ ਸਾਰੀ ਹਰਕਤ ਕਰਦੀ ਹੈ ,ਉਸ ਨੂੰ ਹਲ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰਾਂਗੇ।ਸਾਨੂੰ ਪਤਾ ਹੈ ਕਿ ਵਿਅਕਤੀ ਹਰਕਤਾਂ ਘਟਨਾਵਾਂ ,ਮਜ਼ਬੂਰੀ ਵਿੱਚ ਦੁਖੀ ਹੋ ਕੇ ਹੀ ਕਰਦਾ ਹੈ।
ਉਸਨੇ ਮੰਨਿਆ ਜੁੱਤੀਆਂ ਮੈਂ ਹੀ ਮਾਰਦੀ ਹਾਂ, ਜਦ ਸਾਰੇ ਮੈਂਬਰ ਸੌਂ ਰਹੇ ਹੁੰਦੇ ਹਨ। ਮੈਂ ਇਨ੍ਹਾਂ ਦੀ ਹੀ ਜੁੱਤੀਆਂ,ਇਨ੍ਹਾਂ ਦੇ ਮੰਜਿਆਂ ਵਲ ਸੁੱਟਦੀ ਹਾਂ।
ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੁੱਤੀਆਂ ਇਨ੍ਹਾਂ ਦੇ ਮੂੰਹ ‘ਤੇ ਹੀ ਪੈਣ। ਜਦੋਂ ਜੁੱਤੀਆਂ ਸ਼ੁਰੂ ਹੁੰਦੀਆ ਹਨ ਤਾਂ ਇਹ ਡਰਦੇ ਰਜਾਈਆਂ ਦੱਬ ਲੈਂਦੇ ਹਨ।ਫਿਰ ਮੈਂ ਦੁਬਾਰਾ ਜੁੱਤੀਆਂ ਵਰਾਣੀਆਂ ਸੁਰੂ ਕਰ ਦਿੰਦੀ ਹਾਂ ।ਇਹ ਸਾਰੇ ਘਬਰਾ ਜਾਂਦੇ ਹਨ ਅਤੇ ਡਰ ਜਾਂਦੇ ਹਨ।ਮੈਨੂੰ ਬੜੀ ਖੁਸ਼ੀ ਮਿਲਦੀ ਹੈ।ਮੈਂ ਪੁਛਿਆ, “ਅਜਿਹਾ ਕਿਉਂ ਕਰਦੀ ਹੈ ?”ਕਈ ਕਾਰਨਾਂ ਵਿੱਚੋਂ ਇੱਕ ਕਾਰਨ ਦੱਸਿਆ ਕਿ ਇਹ ਮੈਨੂੰ ਉਥੇ ਸੌਣ ਨੂੰ ਕਹਿੰਦੇ ਹਨ ਜਿੱਥੇ ਮੈਂ ਪੈਣਾ ਨਹੀਂ ਚਾਹੁਂੰਦੀ ,ਦੂਜਾ ਇਹ ਘਰਦੇ ਹਰ ਸਮੇਂ ਮੈਨੂੰ ਝਿੜਕਦੇ ਰਹਿੰਦੇ ਹਨ।ਮੈਂ ਮੌਕਾ ਤਲਾਸ਼ਣ ਲਈ ਅਜਿਹਾ ਕਰਦੀ ਹਾਂ।ਮੈਂ ਕਿਹਾ,” ਅੱਗੇ ਤੋਂ ਅਜਿਹਾ ਸਿਲਸਿਲਾ ਜਾਰੀ ਰੱਖੇਂਗੀ?”ਉਸਨੇ ਕਿਹਾ, “ਮੈਂ ਚੁੰਨੀ ਤੁਹਾਡੇ ਪੈਰਾਂ ਵਿੱਚ ਧਰਨ ਨੂੰ ਤਿਆਰ ਹਾਂ ,ਮੈਂ ਅੱਗੇ ਤੋਂ ਅਜਿਹਾ ਨਹੀਂ ਕਰਾਂਗੀ। ਜੇ ਕੀਤੀ ਤਾਂ ਜਿਹੜੀ ਮਰਜ਼ੀ ਸਜਾ ਦੇ ਦੇਈਓ।ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਮੇਰਾ ਨਾਂ ਨਾ ਲਿਓ।
ਮੈਂ ਉਸਨੂੰ ਵਿਸਵਾਸ਼ ਦਵਾਇਆ ਕਿ ਉਸਦਾ ਕਿਸੇ ਨੂੰ ਉਸ ਦਾ ਨਾਂ ਨਹੀ ਦੱਸਿਆ ਜਾਵੇਗਾ ਪਰ ਜੇ ਅੱਗੇ ਤੋਂ ਕੋਈ ਘਟਨਾ ਹੋਈ ਤਾਂ ਮਜਬੂਰੀ ਵੱਸ ਨਾਮ ਲੈਣਾ ਪਵੇਗਾ।ਸਮੱਸਿਆ ਸੰਬੰਧੀ ਉਸਨੂੰ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਤੈਨੂੰ ਸਮੱਸਿਆ ਤੋਂ ਨਜ਼ਾਤ ਦਵਾਉਣ ਦੀ।ਉਮੀਦ ਹੈ ਅੱਜ ਹੀ ਅਸੀਂ ਆਪਣੇ ਢੰਗ ਰਾਹੀਂ ਤੇਰੀ ਸਮੱਸਿਆ ਦੂਰ ਕਰ ਦੇਵਾਂਗੇ,ਅਜ ਨਹੀਂ ਤਾਂ ਅਗਲੀ ਫੇਰੀ ਦੌਰਾਨ ਲਾਜ਼ਮੀ।
ਉਸ ਵੱਲੋਂ ਦੱਸੀਆਂ ਸਮੱਸਿਆਵਾਂ ਬਾਰੇ ਅਸੀ ਸਾਰੇ ਤਰਕਸ਼ੀਲ ਸਾਥੀਆਂ ਨੇ ਵਿਚਾਰ ਵਟਾਂਦਰਾ ਕੀਤਾ।ਘਰਦੇ ਮੁਖੀ ਨੂੰ ਬੁਲਾ ਕੇ ਕਿਹਾ ਕਿ ਅਜ ਤੋਂ ਬਾਅਦ ਤੁਹਾਡੇ ਸੁੱਤੇ ਪਇਆਂ ਦੇ ਜੁੱਤੀਆਂ ਨਹੀਂ ਪੈਣਗੀਆਂ ।ਕਿਸੇ ਕਿਸਮ ਦੀ ਰਹੱਸਮਈ ਘਟਨਾ ਨਹੀਂ ਵਾਪਰੇਗਾ।
ਅਸੀਂ ਜਿਹੜੀਆਂ ਗੱਲਾਂ ਤੁਹਾਨੂੰ ਆਖਾਂਗੇ ਉਨ੍ਹਾਂ ਤੇ ਅਮਲ ਕਰਨਾ ਲਾਜ਼ਮੀ ਹੈ।ਅਸੀਂ ਕਿਹਾ “ਅੱਗੇ ਤੋਂ ਕਿਸੇ ਅਖੌਤੀ ਸਿਆਣੇ, ਚੇਲੇ ਚਾਟੜੇ ਜਾਂ ਕਿਸੇ ਤਾਂਤਰਿਕ ਕੋਲ ਨਹੀਂ ਜਾਣਾ,ਘਰੇ ਨਹੀਂ ਬੁਲਾਉਣਾ।ਕਿਸੇ ਜਾਦੂ -ਟੂਣੇ ਟਾਮਣ ਵਿੱਚ ਵਿਸਵਾਸ਼ ਕਰਨਾ।ਜੇ ਸੁੱਖ ਸੁੱਖੀ ਹੈ ਤਾਂ ਉਸ ਤੇ ਕੋਈ ਖਰਚ ਨਹੀਂ ਕਰਨਾ।ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਤੇ ਸਤਿਕਾਰ ਦੇਣਾ,ਕਿਸੇ ਨਾਲ ਪੱਖਪਾਤ ਨਹੀਂ ਕਰਨਾ, ਕੰਮ ਵੰਡ ਕੇ ਕਰਨਾ,ਕਿਸੇ ਨੂੰ ਵੀ ਝਿੜਕਣਾ ਨਹੀਂ, ਘਰ ਦੇ ਕਿਸੇ ਮੈਂਬਰ ਨੂੰ ਦੂਜਿਆਂ ਦੇ ਘਰ ਨਹੀਂ ਸੌਣ ਦੇਣਾ, ਨਾ ਹੀ ਦੂਜਿਆਂ ਨੂੰ ਆਪਣੇ ਘਰੇ ਸੌਣ ਲਈ ਕਹਿਣਾ।ਜਦੋਂ ਅਸੀਂ ਉਨਾਂ ਨੂੰ ਕਿਹਾ ਤੇ ਪੱਕਾ ਵਿਸਵਾਸ਼ ਵੀ ਦਵਾਇਆ ਕਿ ਅਜ ਤੋਂ ਬਾਅਦ ਉਨਾਂ ਦੇ ਘਰੇ ਕਦੇ ਵੀ ਜੁੱਤੀਆਂ ਮਾਰਨ ਦੀ ਜਾਂ ਕੋਈ ਹੋਰ ਰਹੱਸਮਈ ਘਟਨਾ ਨਹੀਂ ਵਾਪਰੇਗੀ ਤਾਂ ਉਨਾਂ ਦੇ ਘਰ ਦੇ ਸਾਰੇ ਜੀਆਂ ਦੇ ਚਿਹਰੇ ਖਿੜ ਗਏ ਅਤੇ ਘਰ ਦੀ ਬਜ਼ੁਰਗ ਔਰਤ ਨੇ ਸਾਨੂੰ ਤਿੰਨ ਖੇਸ ਅਤੇ ਕੁੱਝ ਨਗਦੀ ਦੇਣੀ ਚਾਹੀ।
ਅਸੀਂ ਕਿਹਾ ,”ਸਾਡੀ ਕੋਈ ਫੀਸ ਨਹੀਂ ਨਾ ਹੀ ਅਸੀਂ ਕੁੱਝ ਲੈ ਕੇ ਜਾਣਾ ਹੈ।” ਘਰਦਿਆਂ ਨੇ ਕਿਹਾ,”ਅਸੀਂ ਤਾਂ ਆਪਣਾ ਘਰ ਲੁਟਾ ਤਾ,ਹੁਣ ਤਕ ਜੁੱਤੀਆਂ ਵਜਣੋਂ ਨਹੀਂ ਹਟੀਆਂ।ਕੋਈ ਇਲਾਜ ਨਹੀਂ ਹੋਇਆ,ਜਿੰਨ ਨੇ ਸਾਨੂੰ ਵਾਹਣੀ ਪਾਇਆ ਹੋਇਆ ।ਅਸੀਂ ਤਾਂ ਘਰ ਛੱਡਣ ਨੂੰ ਤਿਆਰ ਬੈਠੇ ਸੀ।ਦੂਜੇ ਅਖੌਤੀ ਸਿਆਣੇ ਤਾਂ ਸਾਡੇ ਤੋਂ ਮੰਗ ਕੇ ਪੈਸੇ ਤੇ ਸਮਾਨ ਨਿੱਕ ਸੁੱਕ ਲੈ ਕੇ ਜਾਂਦੇ ਸੀ, ਇਹ ਤਾਂ ਤੁਸੀਂ ਪਹਿਲੇ ਆਦਮੀ ਹੋਂ ਜਿਹੜੇ ਦਿੱਤਿਆ ਤੋਂ ਵੀ ਨਹੀਂ ਲਿਜਾ ਰਹੇ।ਜੇ ਜੁੱਤੀਆਂ ਪੈਣੋਂ ਹਟ ਗਈਆਂ, ਭਰਾਵੋ ਅਸੀਂ ਜਿੰਦਗੀ ਭਰ ਤੁਹਾਡਾ ਅਹਿਸਾਨ ਨਹੀਂ ਭੁਲਾਂਗੇ।ਅਸੀਂ ਕਿਹਾ,” ਤੁਸੀਂ ਸਾਡੀਆਂ ਕਹੀਆਂ ਗੱਲਾਂ ਤੇ ਅਮਲ ਕਰੋ, ਕੁਝ ਨਹੀਂ ਹੋਵੇਗਾ।”ਅਸੀਂ ਅਗਲੇ ਹਫਤੇ ਫਿਰ ਆਵਾਂਗੇ।ਇਹ ਕਹਿ ਕੇ ਅਸੀਂ ਆ ਗਏ।ਅਗਲੇ ਹਫਤੇ ਦੁਬਾਰਾ ਗਏ, ਸਾਰੇ ਪਰਿਵਾਰਕ ਮੈਂਬਰ ਬੇਹੱਦ ਖੁਸ਼, ਸਾਨੂੰ ਦੇਖ ਕੇ ਉਨਾਂ ਦੇ ਪੈਰ ਜ਼ਮੀਨ ਤੇ ਨਹੀਂ ਲਗ ਰਹੇ ਸਨ, ਉਨਾਂ ਦੀ ਮਾਨਸਿਕ ਦਸ਼ਾ ਚਿਹਰੇ ਤੇ ਚਮਕ ਦੇਖਣ ਵਾਲੀ ਸੀ।।ਇਸ ਕੇਸ ਦੇ ਹਲ ਹੋਣ ਤੋਂ ਬਾਅਦ ਉਸ ਪਿੰਡ ਦੇ ਬਹੁਤ ਸਾਰੇ ਪੀੜਤ ਪਰਿਵਾਰਾਂ ਦੇ ਕੇਸ ਸਾਡੇ ਕੋਲ ਆਏ ਤੇ ਅਸੀਂ ਆਪਣੀ ਪੂਰੀ ਵਾਹ ਲਾ ਕੇ ਸਾਰਿਆਂ ਨੂੰ ਹੱਲ ਕੀਤਾ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
941742234
ਅਫਸਰ ਕਲੋਨੀ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly