ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਤੇ ਆਮ ਲੋਕਾਂ ਦਰਮਿਆਨ ਵਿਸ਼ਵਾਸ ਦਾ ਪੁਲ ਬਣਨ। ਉਨ੍ਹਾਂ ਭਰੋਸਾ ਜਤਾਇਆ ਕਿ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਦਾ ਵਿਸ਼ਵਾਸ ਜ਼ਰੂਰ ਜਿੱਤੇਗੀ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪਾਰਟੀ ‘ਸੇਵਾ, ਸੰਕਲਪ ਤੇ ਸਮਰਪਣ ਦੀਆਂ ਕਦਰਾਂ-ਕੀਮਤਾਂ ਉਤੇ ਚੱਲਦੀ ਹੈ।’ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਪ੍ਰਧਾਨ ਮੰਤਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਭਾਜਪਾ ਇਕ ਪਰਿਵਾਰ ਦੁਆਲੇ ਨਹੀਂ ਘੁੰਮਦੀ’।
ਯਾਦਵ ਨੇ ਮੀਡੀਆ ਨੂੰ ਦੱਸਿਆ ਕਿ ਚੋਣਾਂ ਵਾਲੇ ਸੂਬਿਆਂ- ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਦੌਰਾਨ ਅਗਾਮੀ ਵਿਧਾਨ ਸਭਾ ਚੋਣਾਂ ਬਾਰੇ ਆਪਣੇ ਵੱਲੋਂ ਜਾਣਕਾਰੀ ਤੇ ਤਿਆਰੀ ਸਾਂਝੀ ਕੀਤੀ ਹੈ। ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਰਕਰਾਂ ਨੂੰ ਪਾਰਟੀ ਦੇ ਇਤਿਹਾਸ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਉਨ੍ਹਾਂ ਮੁੱਦਿਆਂ ਨਾਲ ਨੇੜਿਓਂ ਜੁੜੀ ਹੈ ਜੋ ਦੇਸ਼ ਦੇ ਆਮ ਆਦਮੀ ਨੂੰ ਪ੍ਰਭਾਵਿਤ ਕਰਦੇ ਹਨ।
ਮੋਦੀ ਨੇ ਕਿਹਾ ਕਿ ਪਾਰਟੀ ਨੇ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਉਤੇ ਧਿਆਨ ਕੇਂਦਰਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਹੁਣ ਉਨ੍ਹਾਂ ਮੁੱਦਿਆਂ ਵੱਲ ਵੱਧ ਰਹੀ ਹੈ ਜੋ ਲੋਕਾਂ ਦੇ ਨੇੜੇ ਹਨ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਤਿਲੰਗਾਨਾ ਵਿਚ ਭਾਜਪਾ ਜਿੱਤੀ ਹੈ, ਏਲਨਾਬਾਦ ਵਿਚ ਪਾਰਟੀ ਦੀ ਕਾਰਗੁਜ਼ਾਰੀ ਸੁਧਰੀ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿਚ ਵੋਟ ਸ਼ੇਅਰ ਵਧਿਆ ਹੈ। ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਸੁਰ ਤੈਅ ਕਰਦਿਆਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਬਿਹਤਰੀਨ ਪ੍ਰਦਰਸ਼ਨ ਅਜੇ ਬਾਕੀ ਹੈ।
ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਮਹਾਮਾਰੀ ਖ਼ਿਲਾਫ਼ ਯੋਗ ਅਗਵਾਈ ਤੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਪ੍ਰਧਾਨ ਨੇ ਨੱਢਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਰਾਜਨੀਤੀ ਸ਼ਾਸਤਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਪੱਛਮੀ ਬੰਗਾਲ ਵਿਚ ਵੀ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ। ਨੱਢਾ ਨੇ ਕਿਹਾ ਕਿ ਪਾਰਟੀ 25 ਦਸੰਬਰ ਤੱਕ ਸਾਰੇ 10.40 ਲੱਖ ਚੋਣ ਕੇਂਦਰਾਂ ’ਤੇ ਬੂਥ ਪੱਧਰੀ ਕਮੇਟੀਆਂ ਦਾ ਗਠਨ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ‘ਪੰਨਾ ਕਮੇਟੀਆਂ’ ਵੀ ਹੋਣਗੀਆਂ ਜਿਸ ਦੇ ਘੇਰੇ ਵਿਚ ਛੇ ਅਪਰੈਲ ਤੱਕ ਵੋਟਰ ਸੂਚੀ ਦਾ ਹਰ ਪੇਜ ਹੋਵੇਗਾ। ਭਾਜਪਾ ਨੇ ਇਸ ਮੌਕੇ ਇਕ ਮਤਾ ਪਾਸ ਕਰ ਕੇ ਵਿਰੋਧੀ ਧਿਰ ਦੀ ‘ਮੌਕਾਪ੍ਰਸਤ’ ਸਿਆਸਤ ਦੀ ਨਿਖੇਧੀ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly