ਅਫ਼ਗਾਨਿਸਤਾਨ ਸਬੰਧੀ ਭਾਰਤ ਦੀ ਮੇਜ਼ਬਾਨੀ ਵਾਲੀ ਵਾਰਤਾ ਵਿੱਚ ਰੂਸ ਤੇ ਇਰਾਨ ਹੋਣਗੇ ਸ਼ਾਮਲ

ਨਵੀਂ ਦਿੱਲੀ (ਸਮਾਜ ਵੀਕਲੀ):  ਰੂਸ, ਇਰਾਨ ਅਤੇ ਲਗਭਗ ਸਾਰੇ ਮੱਧ ਏਸ਼ਿਆਈ ਮੁਲਕਾਂ ਨੇ ਅਫਗਾਨਿਸਤਾਨ ਸਬੰਧੀ 10 ਨਵੰਬਰ ਨੂੰ ਭਾਰਤ ਦੀ ਮੇਜ਼ਬਾਨੀ ਹੇਠ ਹੋਣ ਵਾਲੀ ਖੇਤਰੀ ਸੁਰੱਖਿਆ ਵਾਰਤਾ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਹ ਜਾਣਕਾਰੀ ਅਧਿਕਾਰਿਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ। ਸੂਤਰਾਂ ਨੇ ਦੱਸਿਆ ਕਿ ਵਾਰਤਾ ਵਿੱਚ ਸ਼ਾਮਲ ਹੋਣ ਬਾਰੇ ਪਾਕਿਸਤਾਨੀ ਮੀਡੀਆ ਦੀਆਂ ਟਿੱਪਣੀਆਂ ਮੰਦਭਾਗੀਆਂ ਹਨ ਪਰ ਇਹ ਹੈਰਾਨੀਜਨਕ ਨਹੀਂ ਹੈ ਕਿਉਂਕਿ ਇਸ ਨਾਲ ਇਸਲਾਮਾਬਾਦ ਦੀ ਅਫ਼ਗਾਨਿਸਤਾਨ ਨੂੰ ‘ਰਖਵਾਲੇ’ ਵਜੋਂ ਮੰਨਣ ਦੀ ਵਿਚਾਰਧਾਰਾ ਸਪੱਸ਼ਟ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਮਸਲੇ ’ਤੇ ਭਾਰਤ ਖ਼ਿਲਾਫ਼ ਪਾਕਿਸਤਾਨ ਦੀਆਂ ਟਿੱਪਣੀਆਂ ਮਹਿਜ਼ ਅਫ਼ਗਾਨਿਸਤਾਨ ਵਿੱਚ ਆਪਣੀ ਭੂਮਿਕਾ ਤੋਂ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਹੈ। ਜ਼ਿਕਰਯੋਗ ਹੈ ਕਿ ਭਾਰਤ, ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ਵਿਚਲੇ ਸੁਰੱਖਿਆ ਹਾਲਾਤ ’ਤੇ ਚਰਚਾ ਕਰਨ ਲਈ ਵਾਰਤਾ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਵਾਰਤਾ, ਹਿੱਸਾ ਲੈਣ ਵਾਲੇ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੇ ਪੱਧਰ ’ਤੇ ਆਧਾਰਿਤ ਹੋਵੇਗੀ। ਇਸ ਵਾਰਤਾ ਦੀ ਪ੍ਰਧਾਨਗੀ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕਰਨਗੇ। ਇਸ ਸਬੰਧੀ ਇਰਾਨ ਵਿੱਚ ਸਤੰਬਰ 2018 ਤੇ ਦਸੰਬਰ 2019 ਵਿੱਚ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਸੂਤਰਾਂ ਨੇ ਦੱਸਿਆ ਕਿ ਤੀਜੀ ਮੀਟਿੰਗ ਮਹਾਮਾਰੀ ਕਾਰਨ ਭਾਰਤ ਵਿੱਚ ਨਹੀਂ ਹੋ ਸਕੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਇਡਨ ਤੇ ਕਮਲਾ ਹੈਰਿਸ ਨੇ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ
Next articleਅਮਰੀਕਾ ਮੁਕੰਮਲ ਟੀਕਾਕਰਨ ਵਾਲੇ ਯਾਤਰੀਆਂ ਤੋਂ ਹਟਾਏਗਾ ਪਾਬੰਦੀਆਂ