ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਵਾਪਸ ਲਿਆ

 

  • ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ’ਤੇ ਚੰਨੀ ਸਰਕਾਰ ਨੂੰ ਆੜੇ ਹੱਥੀਂ ਲਿਆ

ਚੰਡੀਗੜ੍ਹ (ਸਮਾਜ ਵੀਕਲੀ):  ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਰੀਬ ਸਵਾ ਮਹੀਨੇ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਵਾਂ ਐਡਵੋਕੇਟ ਜਨਰਲ ਲਾਏ ਜਾਣ ਅਤੇ ਡੀਜੀਪੀ ਦੀ ਨਿਯੁਕਤੀ ਲਈ ਕੇਂਦਰ ਤੋਂ ਪੈਨਲ ਆਉਣ ਪਿੱਛੋਂ ਕਾਂਗਰਸ ਦੀ ਪ੍ਰਧਾਨਗੀ ਦਾ ਕੰਮ ਮੁੜ ਸੰਭਾਲ ਲੈਣਗੇ। ਉਨ੍ਹਾਂ ਕਿਹਾ,‘ਇਹ ਮੇਰੀ ਹਊਮੈ ਦੀ ਲੜਾਈ ਨਹੀਂ ਸੀ ਸਗੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਚਨਾਂ ਦਾ ਸੁਆਲ ਹੈ।’ ਨਵਜੋਤ ਸਿੱਧੂ ਨੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਚੰਨੀ ਸਰਕਾਰ ਨੂੰ ਕਰਾਰੇ ਹੱਥੀਂ ਲਿਆ। ਸਿੱਧੂ ਨੇ ਅੱਜ ਪਹਿਲੀ ਦਫ਼ਾ ਚੰਨੀ ਸਰਕਾਰ ਦੇੇ ਫੈਸਲਿਆਂ ਦੀ ਤਾਰੀਫ਼ ਕੀਤੀ।

ਨਵਜੋਤ ਸਿੱਧੂ ਤੋਂ ਸੰਕੇਤ ਮਿਲੇ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਤਾਲਮੇਲ ਬਿਠਾਉਣ ਦਾ ਯਤਨ ਕਰਨਗੇ। ਸਿੱਧੂ ਨੇ ਅੱਜ ਦਾਅਵੇ ਨਾਲ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਪੰਜਾਬ ਕਾਂਗਰਸ ਨੂੰ 80 ਤੋਂ 100 ਸੀਟਾਂ ’ਤੇ ਜਿਤਾਵਾਂਗੇ। ਨਵਜੋਤ ਸਿੱਧੂ ਨੇ ਅੱਜ ਦਾਗੀ ਵਜ਼ੀਰਾਂ ਦੇ ਮਾਮਲੇ ’ਤੇ ਚੁੱਪ ਵੱਟੀ ਰੱਖੀ ਜਦੋਂ ਕਿ ਉਨ੍ਹਾਂ ਨੇ ਅਸਤੀਫ਼ਾ ਦੇਣ ਵੇਲੇ ਇਹ ਮੁੱਦਾ ਚੁੱਕਿਆ ਸੀ।

ਚੇਤੇ ਰਹੇ ਕਿ ਨਵਜੋਤ ਸਿੱਧੂ ਨੇ 28 ਸਤੰਬਰ ਨੂੰ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਇਤਰਾਜ਼ ਉਠਾ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਰੀਬ ਸਵਾ ਮਹੀਨੇ ਸੁਲ੍ਹਾ ਸਫਾਈ ਦਾ ਦੌਰ ਚੱਲਿਆ। ਸਿੱਧੂ ਨੇ ਚੰਨੀ ਸਰਕਾਰ ’ਤੇ ਸੁਆਲ ਉਠਾਏ ਕਿ 50 ਦਿਨਾਂ ਵਿੱਚ ਸਰਕਾਰ ਨੇ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ’ਤੇ ਕੀ ਕਦਮ ਉਠਾਏ।

ਨਵਜੋਤ ਸਿੱਧੂ ਨੇ ਅੱਜ ਇੱਥੇ ਪ੍ਰੈਸ ਸੰਮੇਲਨ ’ਚ ਕਿਹਾ ਕਿ ਜੇ ਬੇਅਦਬੀ ਤੇ ਨਸ਼ਿਆਂ ਦੇ ਵੱਡੇ ਮੁੱਦੇ ਨਾ ਸੁਲਝਾਏ ਗਏ ਤਾਂ ਉਹ ਲੋਕਾਂ ਨੂੰ ਕਿਵੇਂ ਮੂੰਹ ਦਿਖਾਉਣਗੇ। ਇਹ ਦੋਵੇਂ ਮਸਲੇ ਹੱਲ ਕਰਨ ਲਈ ਵੱਡੇ ਸਾਧਨ ਡੀਜੀਪੀ ਅਤੇ ਐਡਵੋਕੇਟ ਜਨਰਲ ਹਨ, ਜਦੋਂ ਇਹ ਬਦਲ ਦਿੱਤੇ ਜਾਣਗੇ, ਉਦੋਂ ਤੋਂ ਹੀ ਕਾਂਗਰਸ ਦਾ ਹਰ ਵਰਕਰ ਸਟਾਰ ਪ੍ਰਚਾਰਕ ਬਣ ਜਾਵੇਗਾ। ਇਨ੍ਹਾਂ ਦੋਵੇਂ ਮੁੱਦਿਆਂ ’ਤੇ ਹੀ 2017 ਵਿੱਚ ਸਰਕਾਰ ਬਣੀ ਸੀ ਅਤੇ ਇਨ੍ਹਾਂ ਮੁੱਦਿਆਂ ’ਤੇ ਹੀ ਅਮਰਿੰਦਰ ਨੂੰ ਕੁਰਸੀ ਗੁਆਉਣੀ ਪਈ। ਉਨ੍ਹਾਂ ਆਪਣੀ ਸਰਕਾਰ ਸਬੰਧੀ ਹਮਲਾਵਰ ਰੁਖ ’ਚ ਕਿਹਾ ਕਿ ਚੰਨੀ ਸਰਕਾਰ ਨੇ ਉਲਟਾ ਡੀਜੀਪੀ ਅਤੇ ਐਡਵੋਕੇਟ ਜਨਰਲ ਉਨ੍ਹਾਂ ਨੂੰ ਲਗਾ ਦਿੱਤਾ ਜੋ ਸੁਮੇਧ ਸੈਣੀ ਦੀ ਵਕਾਲਤ ਕਰਦੇ ਸਨ।

ਨਵਜੋਤ ਸਿੱਧੂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਂਚ ਦੀ ਸੀਲਬੰਦ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ। ਇਹ ਰਿਪੋਰਟ ਵਿਧਾਨ ਸਭਾ ਵਿੱਚ ਜਨਤਕ ਹੋਣੀ ਚਾਹੀਦੀ ਸੀ। ਜੇ ਸਰਕਾਰ ਕੋਲ ਹਿੰਮਤ ਨਹੀਂ ਤਾਂ ਉਹ ਇਹ ਰਿਪੋਰਟ ਪਾਰਟੀ ਨੂੰ ਸੌਂਪ ਦੇਵੇ, ਉਹ ਜਨਤਕ ਕਰ ਦੇਣਗੇ। ਉਨ੍ਹਾਂ ਸਾਫ਼ ਕੀਤਾ ਕਿ ਅੱਜ ਪੰਜਾਬ ਦੇ ਭਵਿੱਖ ਲਈ ਦੋ ਰਾਹ ਬਚੇ ਹਨ, ਪਹਿਲਾ ਵਾਅਦੇ ਕਰਕੇ ਅਤੇ ਲੌਲੀਪਾਪ ਦੇ ਕੇ ਸੱਤਾ ਹਾਸਲ ਕਰਨ ਦਾ ਅਤੇ ਦੂਜਾ ਪੰਜਾਬ ਦੇ ਏਜੰਡੇ ’ਤੇ ਕੰਮ ਕਰਨ ਦਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਲਈ ਉਸ ਕਿਸੇ ਸੂਰਤ ਵਿੱਚ ਕੋਈ ਸਮਝੌਤਾ ਨਹੀਂ ਕਰਨਗੇ।

ਨਵਜੋਤ ਸਿੱਧੂ ਨੇ ਅੱਜ ਕਾਂਗਰਸ ਹਾਈਕਮਾਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਹਾਈਕਮਾਨ ਨੇ ਬੇਅਦਬੀ ਤੇ ਨਸ਼ਿਆਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਾਸਤੇ ਕਿਹਾ ਸੀ। ਸਿੱਧੂ ਨੇ ਅੱਜ ਚੰਨੀ ਸਰਕਾਰ ਦੀ ਵੀ ਸ਼ਲਾਘਾ ਕਰਦਿਆਂ ਸਸਤੀ ਬਿਜਲੀ ਵਰਗੇ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤਿਆਂ ’ਤੇ ਹੁਣ ਵਾਈਟ ਪੇਪਰ ਆਉਣਾ ਚਾਹੀਦਾ ਤਾਂ ਜੋ ਗੋਲਮਾਲ ਕਰਨ ਵਾਲੇ ਬੇਪਰਦ ਹੋ ਸਕਣ। ਸਿੱਧੂ ਨੇ ਸੁਆਲਾਂ ਦੇ ਜੁਆਬ ਵਿੱਚ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਲਈ ਅਸਤੀਫ਼ੇ ਦਿੱਤੇ, ਨਾ ਕਿ ਕਿਸੇ ਅਹੁਦੇ ਦੇ ਲਾਲਚ ’ਚ।

ਅੱਜ ਸਿੱਧੂ ’ਤੇ ਸੁਆਲ ਉੱਠੇ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪਹਿਲਾਂ ਕਿਉਂ ਚੁੱਪ ਰਹੇ, ਜੁਆਬ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪਹਿਲੀ ਕੈਬਨਿਟ ਮੀਟਿੰਗ ਤੋਂ ਲੈ ਕੇ ਹੁਣ ਤੱਕ ਉਂਗਲ ਉਠਾਉਂਦੇ ਰਹੇ ਹਨ। ਉਨ੍ਹਾਂ ਵੱਲੋਂ ਉਠਾਏ ਸਭ ਮੁੱਦੇ ਠੰਢੇ ਬਸਤੇ ਵਿੱਚ ਪਾ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ,‘’ਮੈਂ ਪਾਪਾਂ ਦਾ ਭਾਗੀਦਾਰ ਨਹੀਂ ਹਾਂ।’ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਦੇ ਮੁੱਦੇ ’ਤੇ ਕਿਹਾ ਕਿ ਜੋ ਵੀ ਸਹਿਮਤੀ ਬਣੇਗੀ, ਫੈਸਲਾ ਲੈ ਲਿਆ ਜਾਵੇਗਾ। ਚੰਨੀ ਸਰਕਾਰ ਦੇ ਐਲਾਨਾਂ ਨੂੰ ਲੌਲੀਪਾਪ ਕਹੇ ਜਾਣ ਦੇ ਸੁਆਲ ਦੇ ਜੁਆਬ ’ਚ ਸਿੱਧੂ ਨੇ ਕਿਹਾ ਕਿ ਉਹ ਤਾਂ ਕੇਜਰੀਵਾਲ ਅਤੇ ਬਾਕੀਆਂ ਵੱਲ ਇਸ਼ਾਰਾ ਕਰ ਰਹੇ ਸਨ।

ਸਿੱਧੂ ਨੇ ਕਰਤਾਰਪੁਰ ਲਾਂਘੇ ਬਾਰੇ ਕਿਹਾ ਕਿ ਇਹ ਤਾਂ ਲੋਕਾਂ ਦੀ ਅਰਦਾਸ ਦਾ ਪ੍ਰਤਾਪ ਹੈ ਅਤੇ ਉਨ੍ਹਾਂ ਨੇ ਤਾਂ ਸਿਰਫ ਆਪਣਾ ਕਰਮ ਕੀਤਾ ਹੈ। ਉਨ੍ਹਾਂ ਇਹ ਵੀ ਆਸ ਜਤਾਈ ਕਿ ਪੰਜਾਬ ਸਰਕਾਰ ਤੇਲ ਕੀਮਤਾਂ ਤੋਂ ਸਟੇਟ ਟੈਕਸ ’ਚ ਕਟੌਤੀ ਕਰਨ ਬਾਰੇ ਜ਼ਰੂਰ ਕੋਈ ਫੈਸਲਾ ਲਵੇਗੀ। ਅੱਜ ਇਸ ਮੌਕੇ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਜਗਤਾਰ ਸਿੰਘ ਸਿੱਧੂ ਅਤੇ ਸੁਰਿੰਦਰ ਡੱਲਾ ਨੇ ਵੀ ਪਹਿਲਾਂ ਸੰਬੋਧਨ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੀ ਤਲਾਸ਼ੀ ਮੁਹਿੰਮ ਖਾਬਲਾ ਵਣ ਖੇਤਰ ਤਕ ਵਧੀ
Next articleਟੀ20: ਭਾਰਤ ਨੇ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾਇਆ