ਮੁੰਬਈ (ਸਮਾਜ ਵੀਕਲੀ): ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਆਈਪੀਐੱਸ ਅਧਿਕਾਰੀ ਤੇ ਮੁੰਬਈ ਦਾ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਫ਼ਰਾਰ ਨਹੀਂ ਹੋਇਆ, ਬਲਕਿ ਉਸ ਨੂੰ ਦੇਸ਼ ’ਚੋਂ ਬਾਹਰ ਕੱਢਿਆ ਗਿਆ ਹੈ। ਰਾਊਤ ਨੇ ਕਿਹਾ ਕਿ ਇਹ ਕੰਮ ਕੇਂਦਰ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਪਰਮਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਕੇਂਦਰ ਵੱਲੋਂ ਸਿੰਘ ਦੀ ਕਥਿਤ ਮਦਦ ਕੀਤੇ ਜਾਣਾ ‘ਬਹੁਤ ਮੰਦਭਾਗਾ ਤੇ ਅਨੈਤਿਕ’ ਹੈ।
ਰਾਊਤ ਨੇ ਕਿਹਾ, ‘ਜਦੋਂ ਡੀਜੀਪੀ ਦੇ ਅਹੁਦੇ ’ਤੇ ਕੰਮ ਕਰਦਾ ਕੋਈ ਵਿਅਕਤੀ ਦੇਸ਼ ’ਚੋਂ ਬਾਹਰ ਜਾਂਦਾ ਹੈ, ਤਾਂ ਉਹ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਅਜਿਹਾ ਨਹੀਂ ਕਰ ਸਕਦਾ। ਉਹ ਫਰਾਰ ਨਹੀਂ ਹੋਇਆ, ਬਲਕਿ ਉਸ ਨੂੰ ਦੇਸ਼ ’ਚੋਂ ਬਾਹਰ ਕੱਢਿਆ ਗਿਆ ਹੈ।’’ ਰਾਊਤ ਨੇ ਕਿਹਾ ਕਿ ਸਿੰਘ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ ਜਾਂਚ ਵਿੱਢੀ ਜਾ ਸਕਦੀ ਸੀ, ਪਰ ਈਡੀ ਦੇ ਅਧਿਕਾਰੀਆਂ ਨੇ ਜਾਂਚ ਦੇ ਪਹਿਲੇ ਦਿਨ ਹੀ ਦੇਸ਼ਮੁਖ ਨੂੰ ਗ੍ਰਿਫਤਾਰ ਕਰ ਲਿਆ। ਰਾਜ ਸਭਾ ਮੈਂਬਰ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਗਿਣੀ-ਮਿੱਥੀ ਯੋਜਨਾ ਤਹਿਤ ਮਹਾਰਾਸ਼ਟਰ ਸਰਕਾਰ ਦੇ ਆਗੂਆਂ ਨੂੰ ਬਦਨਾਮ ਤੇ ਉਨ੍ਹਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly