ਕਾਹਿਰਾ (ਸਮਾਜ ਵੀਕਲੀ): ਸੂਡਾਨ ਦੇ ਚੋਟੀ ਦੇ ਫ਼ੌਜੀ ਜਨਰਲ ਨੇ ਮੁਲਕ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ ਤੇ ਫ਼ੌਜ ਨੇ ਪ੍ਰਧਾਨ ਮੰਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਕ ਵਿਚ ਰਾਜਪਲਟੇ ਦੀ ਕੋਸ਼ਿਸ਼ ਦੌਰਾਨ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਟੀਵੀ ’ਤੇ ਬੋਲਦਿਆਂ ਜਨਰਲ ਅਬਦੁਲ-ਫਤਾਹ ਬੁਰਹਾਨ ਨੇ ਐਲਾਨ ਕੀਤਾ ਕਿ ਉਹ ਮੁਲਕ ਦੀ ਸੱਤਾਧਾਰੀ ਖ਼ੁਦਮੁਖਤਿਆਰ ਕੌਂਸਲ ਨੂੰ ਖ਼ਤਮ ਕਰ ਰਹੇ ਹਨ, ਨਾਲ ਹੀ ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਦੀ ਸਰਕਾਰ ਨੂੰ ਵੀ ਭੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਧੜਿਆਂ ਵਿਚਾਲੇ ਝਗੜੇ ਨੇ ਫ਼ੌਜ ਨੂੰ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।
ਫ਼ੌਜੀ ਜਨਰਲ ਨੇ ਨਾਲ ਹੀ ਅਹਿਦ ਕੀਤਾ ਕਿ ਉਹ ਮੁਲਕ ਨੂੰ ਲੋਕਤੰਤਰ ਬਣਾਉਣ ਦੀ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣਗੇ। ਫ਼ੌਜ ਵੱਲੋਂ ਕਮਾਨ ਸੰਭਾਲਣ ਦੇ ਵਿਰੋਧ ’ਚ ਹਜ਼ਾਰਾਂ ਮੁਜ਼ਾਹਰਾਕਾਰੀ ਸੜਕਾਂ ਉਤੇ ਨਿਕਲ ਆਏ। ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ ਤੇ ਟਾਇਰਾਂ ਨੂੰ ਅੱਗ ਲਾ ਦਿੱਤੀ। ਰੋਸ ਮੁਜ਼ਾਹਰਿਆਂ ਵਿਚ 12 ਜਣੇ ਜ਼ਖ਼ਮੀ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਸੂਡਾਨ ਵਿਚ ਤਾਨਾਸ਼ਾਹ ਓਮਾਰ ਅਲ-ਬਸ਼ੀਰ ਨੂੰ ਦੋ ਸਾਲ ਪਹਿਲਾਂ ਲੋਕਾਂ ਨੇ ਵੱਡੇ ਰੋਸ ਮੁਜ਼ਾਹਰੇ ਕਰ ਕੇ ਗੱਦੀ ਤੋਂ ਲਾਹਿਆ ਸੀ। ਫ਼ੌਜ ਵੱਲੋਂ ਕੀਤੀ ਗਈ ਤਾਜ਼ਾ ਕਾਰਵਾਈ ਨਾਲ ਸੂਡਾਨ ਦੇ ਲੋਕਤੰਤਰ ਵੱਲ ਵਧਣ ਦੇ ਯਤਨਾਂ ਨੂੰ ਧੱਕਾ ਲੱਗਾ ਹੈ।
ਅਮਰੀਕਾ ਤੇ ਯੂਰੋਪੀਅਨ ਯੂਨੀਅਨ ਨੇ ਇਸ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਗ੍ਰਿਫ਼ਤਾਰ ਪ੍ਰਧਾਨ ਮੰਤਰੀ ਨੂੰ ਕਿਸੇ ਅਣਦੱਸੀ ਥਾਂ ਲਿਜਾਇਆ ਗਿਆ ਹੈ। ਕਈ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਹਫ਼ਤਿਆਂ ਤੋਂ ਫ਼ੌਜੀ ਤੇ ਨਾਗਰਿਕ ਲੀਡਰਸ਼ਿਪ ਵਿਚਾਲੇ ਖਿੱਚੋਤਾਣ ਬਣੀ ਹੋਈ ਸੀ। ਇਸ ਤੋਂ ਪਹਿਲਾਂ ਸਤੰਬਰ ਵਿਚ ਰਾਜ ਪਲਟੇ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿਸਫ਼ਲ ਨਹੀਂ ਹੋ ਸਕੀ ਸੀ। ਸੂਡਾਨ ਵਿਚ ਪਹਿਲਾਂ ਵੀ ਕਈ ਵਾਰ ਰਾਜ ਪਲਟੇ ਹੋ ਚੁੱਕੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly