ਸ੍ਰੀਨਗਰ (ਸਮਾਜ ਵੀਕਲੀ): ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੌਮਾਂਤਰੀ ਉਡਾਣਾ ਤੇ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਜਾਣਾ ਮਹਿਜ਼ ਵਿਖਾਵੇ ਲਈ ਕੀਤੀ ਪੇਸ਼ਕਦਮੀ ਹੈ, ਜਿਸ ਨਾਲ ਜੰਮੂ ਤੇ ਕਸ਼ਮੀਰ ਦੀ ‘ਅਸਲ’ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਣਾ। ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਚੰਗਾ ਹੁੰਦਾ ਜੇਕਰ ਕੇਂਦਰੀ ਗ੍ਰਹਿ ਮੰਤਰੀ ਇਹ ਵੇਖਣ ਲਈ ਆਉਂਦੇ ਕਿ ਇਸ ਸਾਲ ਜੂਨ ਵਿੱਚ ਪ੍ਰਧਾਨ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਆਗੂਆਂ ਨੂੰ ਦਿੱਤੇ ਭਰੋਸਿਆਂ ਨੂੰ ਕਿੰਨਾ ਕੁ ਅਮਲੀ ਰੂਪ ਦਿੱਤਾ ਗਿਆ ਹੈ।’’
ਪੀਡੀਪੀ ਮੁਖੀ ਨੇ ਲੜੀਵਾਰ ਟਵੀਟਾਂ ਵਿੱਚ ਕਿਹਾ, ‘‘ਗ੍ਰਹਿ ਮੰਤਰੀ ਵਲੋਂ ਸ੍ਰੀਨਗਰ ਤੋਂ ਕੌਮਾਂਤਰੀ ਉਡਾਣਾਂ ਦਾ ਉਦਘਾਟਨ ਕਰਨਾ ਤੇ ਨਵੇਂ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣਾ ਕੋਈ ਨਵੀਂ ਗੱਲ ਨਹੀਂ ਹੈ। ਯੂਪੀਏ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਅੱਧੀ ਦਰਜਨ ਮੈਡੀਕਲ ਕਾਲਜ ਹੁਣ ਚਾਲੂ ਹੋ ਚੁੱਕੇ ਹਨ। ਧਾਰਾ 370 ਨੂੰ ਮਨਸੂਖ਼ ਕੀਤੇ ਜਾਣ ਮਗਰੋਂ ਗਿਣ-ਮਿੱਥ ਕੇ ਸੰਕਟ ਖੜ੍ਹਾ ਕੀਤਾ ਗਿਆ, ਜੰਮੂ ਤੇ ਕਸ਼ਮੀਰ ਨੂੰ ਹਨੇਰੇ ’ਚ ਧੱਕ ਦਿੱਤਾ।’’ ਮਹਿਬੂਬਾ ਨੇ ਕਿਹ ਕਿ ਕੇਂਦਰ ਸਰਕਾਰ ਅਸਲ ਮੁੱਦਿਆਂ ਨੂੰ ਮੁਖਾਤਿਬ ਹੋਵੇ, ਜਿਸ ਨਾਲ ਲੋਕਾਂ ਨੂੰ ਰਾਹਤ ਦਾ ਅਹਿਸਾਸ ਹੋਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly