ਲਖੀਮਪੁਰ: ਵਿਸ਼ੇਸ਼ ਜਾਂਚ ਟੀਮ ਵੱਲੋਂ ਕਿਸਾਨਾਂ ਤੋਂ ਪੁੱਛ-ਪੜਤਾਲ

Lakhimpur Kheri violence.

ਲਖੀਮਪੁਰ ਖੀਰੀ(ਯੂਪੀ) (ਸਮਾਜ ਵੀਕਲੀ):  ਲਖੀਮਪੁਰ ਖੀਰੀ ਘਟਨਾ, ਜਿਸ ਵਿੱਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਮੇਤ ਨੌਂ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਕੁਝ ਸਥਾਨਕ ਕਿਸਾਨਾਂ ਤੋਂ ਪੁੱਛਗਿੱਛ ਕੀਤੀ ਹੈ। ਤਿੰਨ ਅਕਤੂਬਰ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਦਰਜ ਐੱਫਆਈਆਰ ਨੂੰ ਲੈ ਕੇ ‘ਸਿਟ’ ਹੁਣ ਤੱਕ 50 ਤੋਂ ਵੱਧ ਕਿਸਾਨਾਂ ਨੂੰ ਤਲਬ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ 15 ਕਿਸਾਨਾਂ ਨੇ ਲੰਘੇ ਦਿਨ ‘ਸਿਟ’ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸਨ। ਸਥਾਨਕ ਕਿਸਾਨਾਂ ਨੂੰ ਸੀਆਰਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਨੋਟਿਸ ਭੇਜੇ ਗੲੇ ਸਨ।

‘ਸਿਟ’ ਅਧਿਕਾਰੀ ਨੇ ਕਿਹਾ, ‘‘ਅਸੀਂ ਦੋਵਾਂ ਐੱਫਆਈਆਰਜ਼ ਦੀ ਜਾਂਚ ਕਰ ਰਹੇ ਹਾਂ ਤੇ ਕਿਸਾਨਾਂ ਨੂੰ ਦੂਜੀ ਐੱਫਆਈਆਰ ਦੇ ਸਬੰਧ ਵਿੱਚ ਸੰਮਨ ਕੀਤਾ ਗਿਆ ਸੀ।’ ਸੂਤਰਾਂ ਨੇ ਕਿਹਾ ਕਿ ਹਰੇਕ ਕਿਸਾਨ ਤੋਂ 15 ਮਿੰਟਾਂ ਤੋਂ ਵੱਧ ਪੁੱਛਗਿੱਛ ਕੀਤੀ ਗਈ ਤੇ ਇਸ ਮੌਕੇ ਉਨ੍ਹਾਂ (ਕਿਸਾਨਾਂ) ਦਾ ਵਕੀਲ ਮੁਹੰਮਦ ਅਮਾਨ ਵੀ ਮੌਜੂਦ ਸੀ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਸਿਟ’ ਕੋਲ ਪੇਸ਼ 15 ਕਿਸਾਨਾਂ ’ਚੋਂ ਸਿਰਫ਼ 11 ਨੇ ਹੀ ਆਪਣੇ ਬਿਆਨ ਦਰਜ ਕਰਵਾਏ।

ਵਿਰਕ ਨੇ ਕਿਹਾ, ‘‘ਸਿਟ ਨੇ ਲਖੀਮਪੁਰ ਹਿੰਸਾ ਨਾਲ ਸਬੰਧਤ ਸਵਾਲ ਪੁੱਛੇ ਤੇ ਦੋਵਾਂ ਐੱਫਆਈਆਰਜ਼ ਲਈ ਇਕੋ ਬਿਆਨ ਦਰਜ ਕੀਤਾ ਗਿਆ। ਉਨ੍ਹਾਂ ਨੂੰ ਸਵਾਲ ਪੁੱਛੇ ਗਏ ਕਿ (ਕਿਸਾਨਾਂ ਨੂੰ) ਇਹ ਅਹਿਸਾਸ ਕਿਵੇਂ ਹੋਇਆ ਕਿ ਉਹ ਖ਼ਤਰੇ ਵਿੱਚ ਹਨ ਤੇ ਕਿਸਾਨਾਂ ਨੂੰ ਵਾਹਨ ਹੇਠ ਦਰੜਨ ਮਗਰੋਂ ਉਨ੍ਹਾਂ ਨੇ ਕੀ ਕੀਤਾ। ਅਸੀਂ ਸਿਟ ਮੈਂਬਰਾਂ ਨੂੰ ਦੱਸਿਆ ਕਿ ਕਿਸਾਨ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ।’’ ਕਾਬਿਲੇਗੌਰ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਸੋਮਵਾਰ ਨੂੰ ਇਸ ਕੇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ (ਜੋ ਲਖੀਮਪੁਰ ਹਿੰਸਾ ਮਾਮਲੇ ਵਿੱਚ ਪਹਿਲਾਂ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੈ) ਦੇ ਚਾਰ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਸੁਮਿਤ ਜੈਸਵਾਲ ਵੀ ਸ਼ਾਮਲ ਹੈ, ਜਿਸ ਨੇ ਲਖੀਮਪੁਰ ਹਿੰਸਾ ਕੇਸ ਵਿੱਚ ਕਿਸਾਨਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਸੀ। ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਵਾਹਨ ਹੇਠ ਦਰੜਨ ਦੀ ਘਟਨਾ ਮਗਰੋਂ ਜੈਸਵਾਲ ਫ਼ਰਾਰ ਹੋ ਗਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਰਲਾ ਦੇ 11 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ
Next articleਜਲਦੀ ਹੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਾਂਗਾ: ਅਮਰਿੰਦਰ