ਜਲੰਧਰ (ਮਹਿੰਦਰ ਰਾਮ ਫੁੱਗਲਾਣਾ)- ਪੰਜਾਬ ਬੁੱਧਿਸਟ ਸੁਸਾਇਟੀ (ਰਜਿ.) ਅਤੇ ਭਿਖਸ਼ੂ ਸੰਘ ਵੱਲੋਂ ਅਸ਼ੋਕਾ ਵਿਜੈ ਦਸਵੀਂ ਅਤੇ ਧੰਮ ਚੱਕਰ ਪਰਿਵਰਤਨ ਦਿਵਸ ਤਕਸ਼ਿਲਾ ਮਹਾਂ ਬੁੱਧ ਵਿਹਾਰ, ਕਾਦੀਆਂ ਵਿਖੇ ਬਹੁਤ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਬਾਬਾ ਸਾਹਿਬ ਡਾ. ਅੰਬੇਡਕਰ ਨੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬੁੱਧ ਧੰਮ ਗ੍ਰਹਿਣ ਕੀਤਾ ਸੀ। ਇਸ ਮੌਕੇ ਊਪਾਸ਼ਕ ਤੇ ਉਪਾਸ਼ਕਾਵਾਂ ਵੱਲੋਂ ਭਿਖਸ਼ੂਆਂ ਨੂੰ ਭੋਜਨ ਦਾਨ ਦਿੱਤਾ ਗਿਆ ਤੇ ਭਿਕਸ਼ੂਆਂ ਨੇ ਬੰਦਨਾ, ਤ੍ਰੀਸ਼ਰਨ ਤੇ ਪੰਚਸ਼ੀਲ ਦੇ ਪਾਠ ਪੜ੍ਹ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।
ਮੁੱਖ ਬੁਲਾਰੇ ਐਡਵੋਕੇਟ ਸੰਤੋਖ ਲਾਲ ਵਿਰਦੀ, ਹਰਬੰਸ ਲਾਲ ਵਿਰਦੀ ਇੰਗਲੈਂਡ, ਸੋਹਣ ਸਹਿਜਲ, ਐਡਵੋਕੇਟ ਹਰਭਜਨ ਸਾਂਪਲਾ, ਇਨਕਲਾਬ ਸਿੰਘ, ਦੇਸ ਰਾਜ ਚੌਹਾਨ, ਰਾਮ ਦਾਸ ਗੁਰੂ, ਬੰਸੀ ਲਾਲ ਪ੍ਰੇਮੀ, ਸੱਤਿਅਮ ਬੌਧ ਨੇ ਧੰਮ ਦੀਕਸ਼ਾ ਦਿਵਸ ਤੇ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਆਖਿਆ ਕਿ ਬੁੱਧ ਧਰਮ ਮੂਲ ਨਿਵਾਸੀਆਂ ਦਾ ਧਰਮ ਹੈ, ਸਭ ਨੂੰ ਬੁੱਧ ਧਰਮ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਜੀਵਨ ਜਿਊਣਾ ਚਾਹੀਦਾ ਹੈ। ਭਿਖਸ਼ੂ ਪ੍ਰੱਗਿਆ ਬੋਧੀ ਅਤੇ ਭੰਤੇ ਦਰਸ਼ਨਦੀਪ ਨੇ ਸੱਭ ਨੂੰ ਧੰਮ ਦੇਸ਼ਨਾ ਦਿੱਤੀ ਤੇ ਕਿਹਾ ਕਿ ਇਹ ਧੰਮ ਆਜ਼ਾਦੀ, ਬਰਾਬਰਤਾ, ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ।
ਇਸ ਮੌਕੇ 35 ਸ਼ਰਧਾਲੂਆਂ ਨੇ ਬੁੱਧ ਧਰਮ ਗ੍ਰਹਿਣ ਕੀਤਾ ਤੇ ਬੁੱਧ ਦੀਆਂ ਸਿੱਖਿਆਵਾਂ ਉੱਪਰ ਚੱਲਣ ਦਾ ਪ੍ਰਣ ਲਿਆ। ਹਰਬੰਸ ਲਾਲ ਵਿਰਦੀ ਨੇ ਸਾਰੀਆਂ ਸੰਗਤਾਂ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਵੱਲੋਂ ਦੱਸੀਆਂ 22 ਪ੍ਰਤਿੱਗਿਆਵਾਂ ਪਰਦਾਨ ਕਰਵਾਈਆਂ ਤੇ ਪੰਚਸ਼ੀਲ ਦੇ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰ ਵੀ ਸ਼ਰਧਾਲੂ ਹਾਜ਼ਰ ਸਨ।
ਫੋਟੋ ਕੈਪਸ਼ਨ –ਅਸ਼ੋਕਾ ਵਿਜੇ ਦਸਮੀ ਤੇ ਧੰਮ ਚੱਕਰ ਪਰਿਵਰਤਨ ਦਿਵਸ ਮਨਾਉਣ ਵੇਲੇ ਸ਼ਰਧਾਲੂ ਅਤੇ ਆਗੂ