ਲਖੀਮਪੁਰ ਖੀਰੀ (ਯੂਪੀ) (ਸਮਾਜ ਵੀਕਲੀ): ਸੀਜੇਐੇੱਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਉਸ ਦੇ ਕਥਿਤ ਸਾਥੀ ਆਸ਼ੀਸ਼ ਪਾਂਡੇ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਜਦੋਂਕਿ ਇਸੇ ਕੇਸ ਵਿੱਚ ਦੋ ਹੋਰ ਵਿਅਕਤੀਆਂ ਅੰਕਿਤ ਦਾਸ ਤੇ ਲਤੀਫ਼ ਉਰਫ ਕਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੂੰ 14 ਦਿਨਾਂ ਦੇ ਨਿਆਂਇਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਇਸ ਕੇਸ ਵਿੱਚ ਹੁੁਣ ਤੱਕ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸੀਨੀਅਰ ਪ੍ਰਾਸੀਕਿਊਸ਼ਨ ਅਧਿਕਾਰੀ ਐੱਸ.ਪੀ.ਯਾਦਵ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਆਸ਼ੀਸ਼ ਮਿਸ਼ਰਾ ਤੇ ਉਸ ਦੇ ਕਥਿਤ ਸਾਥੀ ਆਸ਼ੀਸ਼ ਪਾਂਡੇ ਨੇ ਬੁੱਧਵਾਰ ਨੂੰ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਚਿੰਤਾ ਰਾਮ ਨੇ ਰੱਦ ਕਰ ਦਿੱਤਾ। ਆਸ਼ੀਸ਼ ਮਿਸ਼ਰਾ ਨੂੰ 12 ਘੰਟਿਆਂ ਦੀ ਪੁੱਛਗਿੱਛ ਮਗਰੋਂ 9 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੰਗਲਵਾਰ ਨੂੰ ਕੋਰਟ ਨੇ ਮਿਸ਼ਰਾ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਕੇਸ ਦਾ ਇਕ ਹੋਰ ਮੁਲਜ਼ਮ ਸ਼ੇਖਰ ਭਾਰਤੀ ਵੀ ਇਸ ਵੇਲੇ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ ਹੈ। ਪੁਲੀਸ ਹੁਣ ਤੱਕ ਇਸ ਮਾਮਲੇ ਵਿੱਚ ਛੇ ਵਿਅਕਤੀਆਂ- ਆਸ਼ੀਸ਼ ਮਿਸ਼ਰਾ, ਲਵਕੁਸ਼, ਆਸ਼ੀਸ਼ ਪਾਂਡੇ, ਭਾਰਤੀ, ਅੰਕਿਤ ਤੇ ਕਾਲੇ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਅੰਕਿਤ ਦਾਸ ਤੇ ਕਾਲੇ, ਜੋ ਆਸ਼ੀਸ਼ ਮਿਸ਼ਰਾ ਦੇ ਨੇੜਲੇ ਦੋਸਤ ਦੱਸੇ ਜਾਂਦੇ ਹਨ, ਅੱਜ ਸਵੇਰੇ ਲਖੀਮਪੁਰ ਵਿੱਚ ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਪੇਸ਼ ਹੋ ਗਏ। ਤਫ਼ਤੀਸ਼ਕਾਰਾਂ ਵੱਲੋਂ ਪਹਿਲਾਂ ਹੀ ਦੋਵਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਕੀਤਾ ਗਿਆ ਸੀ। ਦਾਸ ਸਾਬਕਾ ਮੰਤਰੀ ਅਖਿਲੇਸ਼ ਦਾਸ ਦਾ ਭਤੀਜਾ ਦੱਸਿਆ ਜਾਂਦਾ ਹੈ। ਪੁਲੀਸ ਨੇ ਕਿਹਾ ਕਿ ਦਾਸ ਸਵੇਰੇ 11 ਵਜੇ ਦੇ ਕਰੀਬ ਆਪਣੇ ਵਕੀਲਾਂ ਨਾਲ ਲਖੀਮਪੁਰ ਸਥਿਤ ਪੁਲੀਸ ਲਾਈਨਜ਼ ਪੁੱਜਾ ਤੇ ਅਪਰਾਧ ਸ਼ਾਖਾ ਦਫ਼ਤਰ ਵਿੱਚ ਸਿਟ ਅੱਗੇ ਪੇਸ਼ ਹੋਇਆ। ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਨੂੰ ਦਰੜਨ ਵਾਲੀ ਕਾਰ ਪਿਛਲੀ ਐੱਸਯੂਵੀ ਦਾਸ ਦੀ ਦੱਸੀ ਜਾਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly