ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੀ ਕੇਂਦਰੀ ਡਰੱਗ ਅਥਾਰਟੀ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਬੱਚਿਆਂ ਦੇ 2 ਤੋਂ 18 ਸਾਲ ਦੇ ਗਰੁੱਪ ’ਤੇ ਹੰਗਾਮੀ ਵਰਤੋਂ ਦੀ ਸਿਫਾਰਸ਼ ਕੀਤੀ ਹੈ। ਜੇ ਇਸ ਟੀਕੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ 18 ਸਾਲ ਤੋਂ ਘੱਟ ਉਮਰ ਦੇ ਲੱਗਣ ਵਾਲਾ ਦੂਜਾ ਕਰੋਨਾ ਰੋਕੂ ਟੀਕਾ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਇਹ ਟੀਕਾ ਕੁਝ ਸ਼ਰਤਾਂ ਤਹਿਤ ਲਗਾਇਆ ਜਾ ਸਕੇਗਾ।
ਦੱਸਣਾ ਬਣਦਾ ਹੈ ਕਿ ਭਾਰਤ ਬਾਇਓਟੈਕ ਨੇ 2 ਤੋਂ 18 ਸਾਲ ਵਰਗ ਲਈ ਕੋਵੈਕਸੀਨ ਦੇ ਦੂਜੇ ਤੇ ਤੀਜੇ ਪੜਾਅ ਦਾ ਟਰਾਇਲ ਪੂਰਾ ਕਰ ਲਿਆ ਹੈ। ਭਾਰਤ ਬਾਇਓਟੈਕ ਨੇ ਇਸ ਟੀਕੇ ਦੀ ਹੰਗਾਮੀ ਵਰਤੋਂ ਸਬੰਧੀ ਕਾਗਜ਼ਾਤ ਇਸ ਮਹੀਨੇ ਦੇ ਸ਼ੁਰੂ ਵਿਚ ਕੇਂਦਰੀ ਡਰੱਗ ਅਥਾਰਟੀ ਨੂੰ ਸੌਂਪ ਦਿੱਤੇ ਸਨ। ਇਸ ਤੋਂ ਬਾਅਦ ਮਾਹਿਰਾਂ ਦੀ ਕਮੇਟੀ ਨੇ ਇਸ ਕਰੋਨਾ ਰੋਕੂ ਟੀਕੇ ਦੀ ਸਮੀਖਿਆ ਕੀਤੀ ਤੇ ਕੁਝ ਸ਼ਰਤਾਂ ਤਹਿਤ ਲਾਉਣ ਦੀ ਸਿਫਾਰਸ਼ ਕਰ ਦਿੱਤੀ ਹੈ। ਇਨ੍ਹਾਂ ਸਿਫਾਰਸ਼ਾਂ ਨੂੰ ਅੰਤਿਮ ਮਨਜ਼ੂਰੀ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੂੰ ਭੇਜਿਆ ਗਿਆ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਬਾਇਓਟੈਕ ਨੂੰ ਕਲੀਨਿਕਲ ਟਰਾਇਲ ਨਿਯਮਾਂ ਅਨੁਸਾਰ ਅਧਿਐਨ ਜਾਰੀ ਰੱਖਣਾ ਪਵੇਗਾ ਤੇ ਹੋਰ ਅੰਕੜੇ ਮੁਹੱਈਆ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ ਕੰਪਨੀ ਨੂੰ ਸ਼ੁਰੂਆਤੀ ਦੋ ਮਹੀਨਿਆਂ ਵਿਚ ਕੀਤੇ ਤਜਰਬੇ ਦੇ ਅੰਕੜੇ ਵੀ ਮੁਹੱਈਆ ਕਰਵਾਉਣਗੇ ਪੈਣਗੇ। ਇਸ ਤੋਂ ਪਹਿਲਾਂ ਜ਼ਾਈਡਸ ਕੈਡਿਲਾਜ਼ ਦੇ ਸੂਈ ਰਹਿਤ ਕਰੋਨਾ ਰੋਕੂ ਟੀਕੇ ਦੀ ਹੰਗਾਮੀ ਵਰਤੋਂ ਨੂੰ ਡਰੱਗ ਰੈਗੂਲੇਟਰ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly