ਆਓ ! ਪੰਜਾਬੀ ਕਾ ਕਤਲ ਕਰੇ !

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਮੁਆਫ਼ ਕਰਨਾ ਮੈਂ ਪੰਜਾਬੀ ਬੰਦੇ ਦੇ ਕਤਲ ਦੀ ਗੱਲ ਨਹੀਂ ਕਰਦਾ ਜੀ। ਗੱਲ ਮਾਂ ਬੋਲੀ ਪੰਜਾਬੀ ਦੀ ਕਰਦਾ ਹਾਂ । ਇਹ ਕਤਲ ਨਾਲੋਂ ਵੀ ਵੱਡਾ ਅਪਰਾਧ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਦਾ ਕਤਲ ਕਰਦ ਦਿੱਤਾ.ਇਸੇ ਹੀ ਕਰਕੇ ਉਹ ਜਿਉਂਦੇ ਜੀਅ ਘਰੋਂ ਬੇਘਰ ਹੋਈ ਫਿਰਦੀ ਹੈ, ਜਿਵੇਂ ਬਹੁਤੇ ਅਮੀਰਾਂ ਨੇ ਆਪਣੇ ਮਾਪਿਆਂ ਨੂੰ ਬੇਘਰ ਕੀਤਾ ਹੋਇਆ ਹੈ।

ਇਕ ਪਾਸੇ ਅਸੀਂ ਪੰਜਾਬੀ ਹੋਣ ਦੀਆਂ ਚਾਂਗਰਾਂ ਮਾਰਦੇ ਨੀ ਥੱਕਦੇ ਤੇ ਦੂਜੇ ਬੰਨੇ ਅਸੀਂ ਮਾਤ ਭਾਸ਼ਾ ਨੂੰ ਵਸਾਰੀ ਜਾ ਰਹੇ ਹਾਂ । ਸਾਡੇ ਦੋਹਰੇ ਤੇ ਚੌਹਰੇ ਕਿਰਦਾਰ ਨੰਗੇ ਹੋ ਰਹੇ ਹਨ । ਅਸੀਂ ਘਰਾਂ ਦੇ ਵਿੱਚੋ ” ਊੜਾ ਤੇ ਜੂੜਾ ” ਦੋਵੇਂ ਬੇਦਖਲ ਕਰ ਦਿੱਤੇ। ਇਥੇ ਮੈਨੂੰ ਸਾਵਲ ਧਾਮੀ ਦੀ ਉਹ ਗੱਲ ਚੇਤੇ ਆਉਦੀ ਹੈ ; ਜਿਹੜੀ ਉਸਨੂੰ ਦੇਸ਼ ਵੰਡ ਵੇਲੇ ਬਚੇ ਬਜ਼ੁਰਗ ਨੇ ਕਹੀ।

ਕਹਿੰਦਾ ਪਾਕਿਸਤਾਨ ਦੇ ਵਿੱਚ ਰਹਿੰਦਾ ਤਾਇਆ ਅਬਦੁੱਲ ਮੇਰਾ ਘੋਨ ਮੋਨ ਸਿਰ ਦੇਖ ਕੇ ਅੱਖਾਂ ਭਰਦਾ ਬੋਲਿਆ ; ” ਪੁੱਤਰਾ ਜੇ ਘੋਨਮੋਨ ਹੀ ਹੋਣਾ ਸੀ ਫੇਰ ਪਾਕਿਸਤਾਨ ਕਿਉਂ ਛੱਡਕੇ ਗਏ….ਆ ਕੰਮ ਤੇ ਇਥੇ ਵੀ ਹੋ ਜਾਣਾ ਸੀ…ਤੁਸੀਂ ਨਾ ਸਿੱਖੀ ਸੰਭਾਲ ਸਕੇ ਤੇ ਨਾ ਮਾਂ ਬੋਲੀ ਪੰਜਾਬੀ …ਤੇਰੀਆਂ ਅੱਧੀਆਂ ਗੱਲਾਂ ਮੇਰੇ ਸਿਰ ਤੋਂ ਲੰਘ ਜਾਂਦੀਆਂ ਨੇ….ਨਾ ਸ਼ੁੱਧ ਪੰਜਾਬੀ ਬੋਲਦੇ ਹੋ…ਤੇ…!””
ਉਹਦਾ ਗ਼ਲਾ ਭਰ ਆਇਆ ।

ਹੁਣ ਅਸੀਂ ( ਅਖੌਤੀ ਅਮੀਰ ) ਘਰ, ਬਾਹਰ ਤੇ ਬਜ਼ਾਰ ਦੇ ਵਿੱਚ ਪੰਜਾਬੀ ਦੇ ਨਾਲੋਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲਬਾਤ ਕਰਨੀ ਪਸੰਦ ਕਰਦੇ ਹਾਂ । ਕਈ ਵਾਰ ਤੇ ਪਤਾ ਹੀ ਨਹੀ ਲੱਗਦਾ ਕਿਹੜੀ ਪਸਤੋ ਬੋਲਦੇ ਹਾਂ ।

ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਅਜੇ ਤੱਕ ਭਾਸ਼ਾ ਕਾਨੂੰਨ ਲਾਗੂ ਨਹੀਂ ਹੋਇਆ । ਕਈ ਕੌਨਵੈਟ ਸਕੂਲਾਂ ਨੇ ਪੰਜਾਬੀ ਬੋਲੀ ਵਿੱਚ ਘਰ ਤੇ ਸਕੂਲਾਂ ਦੇ ਵਿੱਚ ਗੱਲਬਾਤ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਸ ਗੱਲ ਦਾ ਕਿਸੇ ਨੇ ਕੋਈ ਉਜਰ ਨਹੀ ਕੀਤਾ । ਸਭ ਨੇ ਆਪੋ ਆਪਣਾ ਮੂੰਹ ਸੀਤਾ ਹੋਇਆ ਹੈ। ਲੇਖਕ ਜੱਥੇਦਾਰ ਆਪਣੀਆਂ ਰੋਟੀਆਂ ਸੇਕ ਦੇ ਹਨ…ਭਾਵ ਪੁਰਸਕਾਰ ਵੰਡਣ ਤੇ ਖੋਹਣ ਵਿੱਚ ਮਸ਼ਰੂਫ ਹਨ।

ਪੰਜਾਬ ਦੇ ਬਜ਼ਾਰਾਂ ਦੇ ਵਿੱਚ ਬਹੁਗਿਣਤੀ ਦੁਕਾਨਾਂ ਦੇ ਬੋਰਡ ਅੰਗਰੇਜ਼ੀ ਵਿੱਚ ਹਨ। ਸਾਹਿਤ ਦੇ ਜੱਥੇਦਾਰ ਇਸ ਬਾਰੇ ਵੀ ਚੁੱਪ ਹਨ । ਕਾਨੂੰਨ ਦੇ ਕਾਗਜ਼ਾਂ ਦੇ ਵਿੱਚ ਤਾਂ ਪੰਜਾਬ ਦੇ ਸਾਰੇ ਹੀ ਅਦਾਰਿਆਂ ਨੂੰ ਹਿਦਾਇਤ ਹੈ ਕਿ ਪੰਜਾਬੀ ਵਿੱਚ ਚਿੱਠੀ ਪੱਤਰ ਕਰੋ। ਪਰ ਹੁੰਦਾ ਨਹੀਂ । ਇਹ ਕਿਉਂ ਨਹੀਂ ਹੁੰਦਾ ?

ਤਾਂ ਮੈਨੂੰ ਕਹਾਵਤ ਯਾਦ ਆ ਗਈ.” ਮਾਂ ਪਰ ਧੀ ਬਾਪ ਪਰ ਘੋੜਾ ..ਬਹੁਤਾ ਨਹੀਂ ਤਾਂ ਥੋੜ੍ਹਾ !”” ਗੱਲ ਸਮਝੋ ਵਿੱਚੋ ਕੀ ਹੈ ?

ਜਦ ਕਿਸੇ ਦੇ ਘਰ ਜੁਆਕ ਜਨਮ ਲੈਦਾ ਤਾਂ ਉਸਦੇ ਨੈਣ ਨਕਸ਼ ਦੇਖ ਕੇ ਪਛਾਣੇ ਜਾਂਦੇ ਹਨ । …. ਜੇ ਤਾਂ ਜੁਆਕ ਦੇ ਘਰਦਿਆਂ ਨਾਲ ਨੈਣ ਨਕਸ਼ ਮਿਲਦੇ ਹੋਣ ,ਪਿਓ ਤੇ ਜਾਂ ਚਾਚੇ ‘ਤੇ ਮਾਮਿਆਂ ‘ ਤੇ ਗਿਆ ਆਖਿਆ ਜਾਂਦਾ । ਜੇ ਫੇਰ ਦੋਹਾਂ ਨਾਲ ਨੈਣ ਨਕਸ਼ ਨਾ ਮਿਲਦੇ ਹੋਣ… ਫੇਰ….ਬੇਬੇ ਮੋਟੀ ਜਿਹੀ ਗਾਲ ਕੱਢ ਕੇ..ਬੇਬੇ ਆਖਦੀ ਹੈ…””..ਜੈ ਖਾਣਾ ਪਤਾ ਨੀ ਕੀਹਦੇ ‘ ਤੇ ਗਿਆ ? ਨਾਲੇ ਆਪਣੀ ਨੂੰਹ ਦੇ ਵੱਲ ਘੂਰੀ ਵੱਟ ਕੇ ਝਾਕਦੀ !

ਹੁਣ ਹੋਰ ਵਿਚਲੀ ਗੱਲ ਸਮਝਣ ਦੇ ਲਈ ਲੋਕ ਬੋਲੀ ਦੇ ਅਰਥ ਸਮਝੋ ਕਿ ਅਸਲ ਗੱਲ ਕੀ ਹੁੰਦੀ ਹੈ ? ਪਰ ਇਹ ਸਭ ਉਤੇ ਲਾਗੂ ਨਹੀਂ ।
“” ਪਹਿਲਾ ਮੁੰਡਾ ਮਿੱਤਰਾਂ ਦਾ ਲਾਵਾਂ ਵਾਲੇ ਦਾ ਉਜਰ ਨਾ ਕੋਈ …!””

ਖੈਰ ਆਪਾਂ ਤੇ ਪੰਜਾਬੀ ਭਾਸ਼ਾ ਦੇ ਕਤਲ ਦੀਆਂ ਗੱਲਾਂ ਕਰਦੇ ਹਾਂ । ਜਿਵੇਂ ਕਿਸੇ ਦੇ ਮਰਨ ਤੋਂ ਬਾਅਦ ਉਸ ਨਾਲ ਜੁੜੀਆਂ ਯਾਦਾਂ ਨੂੰ ਅੰਤਮ ਅਰਦਾਸ ਵੇਲੇ ਯਾਦ ਕਰਦੇ ਹਾਂ ।

ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ …! ਸਭ ਭਾਸ਼ਾਵਾਂ ਦਾ ਸਤਿਕਾਰ ਕਰੋ..ਪਰ ਮਾਂ ਬੋਲੀ ਨਾਲ ਪਿਆਰ ਕਰੋ।
ਕਹਾਵਤ ਹੋਰ ਸਮਝਣ ਲਈ ਹੈ…
ਸੌ ਨਿਆਮਤਾਂ ਇਕ ਘਿਓ
ਲੱਖ ਚਾਚੇ ਤੇ ਇਕ ਪਿਓ.!

ਪੰਜਾਬੀ ਦਾ ਕਤਲ ਆਪਣੇ ਹੱਥੀਂ ਕਰਨ ਵਾਲਿਆਂ ਵਿੱਚ ਡਿਗਰੀਆਂ ਵਾਲੇ ਆਪੇ ਬਣੇ ਉਹ ਵਿਦਵਾਨ ਹਨ, ਜਿਹੜੇ ਪਤਾ ਹੀ ਨਹੀਂ ਕਿਹੜੀ ਭਾਸ਼ਾ ਦੇ ਵਿੱਚ ਕੀਹਨਾਂ ਦੇ ਵਾਸਤੇ ਕਿਤਾਬਾਂ ਲਿਖ ਰਹੇ ਹਨ ? ਕਈ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨ ਵੇਲੇ ਹਿੰਦੀ , ਅੰਗਰੇਜ਼ੀ ਤੇ ਸੰਸਕ੍ਰਿਤ ਤੇ ਹੋਰ ਭਾਸ਼ਾਵਾਂ ਦੇ ਸ਼ਬਦਕੋਸ਼ ਕੋਲ ਰੱਖਣੇ ਪੈਦੇ ਹਨ। ਉਹ ਕਿਸਦੇ ਲਈ ਲਿਖਦੇ ਹਨ ?

ਨੌਕਰੀ ਤੇ ਪੁਰਸਕਾਰ ਵਾਸਤੇ….ਕੋਈ ਬੋਲਦਾ ਹੈ ! ਵਿਦਵਾਨ ਤੇ ਲੇਖਕ ਫਰਵਰੀ ਮਹੀਨੇ ਜਾਂ ਕੋਈ ਫੰਡ ਛਕਣ ਦੇ ਚੀਕਦੇ ਹਨ ਤੇ ਸੈਮੀਨਾਰ ਕਰਦੇ ਹਨ। ਹੁਣ ਪੰਜਾਬ, ਪੰਜਾਬੀ ਤੇ ਪੰਜਾਬੀਅਤ ਖਤਰੇ ਵਿੱਚ ਹੈ ! ਪਰ ਪੰਜਾਬੀ ਨੂੰ ਖਤਰਾ ਕਿਸੇ ਹੋਰ ਬਦੇਸ਼ੀ ਤੋਂ ਨਹੀਂ ਸਗੋ ਖਤਰਾ ਹੋਰ ਭਾਸ਼ਵਾਂ ਤੋਂ ਨਹੀ ਸਗੋ ਅਖੌਤੀ ਪੰਜਾਬੀਆਂ ਤੋਂ ਹੈ। ਜਿਹੜੇ ਉਸਦਾ ਗਲਾ ਘੁੱਟ ਰਹੇ ਹਨ ਪਰ ਕਾਤਲ ਨਹੀਂ ਅਖਵਾਉਦੇ…..!

ਆਓ ! ਆਪਾਂ ਆਪਣੇ ਹੱਥੀਂ ਪੰਜਾਬੀ ਦਾ ਗਲ਼ਾ ਘੁੱਟ ਕੇ …ਬੇਦਾਵਾ..ਦੇਈਏ.! ਬੇਗਾਨੀ ਤੇ ਮਤਰੇਈ ਦੇ ਛਿੱਤਰ ਖਾਈਏ ! ਮਤਰੇਈ ਮਾਂ ਵੱਲੋ ਬੇਗਾਨੇ ਧੀਆਂ ਪੁੱਤਾਂ ਬਾਰੇ ਵਿਵਹਾਰ ਦੀਆਂ ਤੁਸੀਂ ਰੋਜ਼ ਖਬਰਾਂ ਪੜ੍ਹ ਦੇ ਹੀ ਹੋ…! ਪਤਾ ਨਹੀਂ ਸਾਡੇ ਸੁਭਾਅ ਨੂੰ ਕੀ ਹੋ ਗਿਆ , ਹੁਣ ਸਾਨੂੰ ਆਪਣੇ ਘਰਦੇ ਚੰਗੇ ਨਹੀਂ ਲੱਗਦੇ ਸਗੋਂ .ਬੇਗਾਨੇ ਚੰਗੇ ਲੱਗਦੇ ਹਨ! ਬੇਗਾਨਗੀ ਦਾ ਦਰਦ ਬਦੇਸ਼ੀ ਨੇ ਭੁਗਤਿਆ ਹੈ..ਅਸੀਂ ਨਹੀਂ ! ਹੁਣ ਸਾਡੀ ਹਾਲਤ ਧੋਬੀ ਦੇ ਕੁੱਤੇ ਵਰਗੀ ਹੈ….ਨਾ ਘਰਦੇ ਤੇ ਘਾਟ ਦੇ ਰਹੇ ਹਾਂ ।

ਸਾਡੇ ਨਾਲੋਂ ਤੇ ਉਹ ਚੰਗੇ ਹਨ ਜਿਹਨਾਂ ਦੀ ਮਾਂ ਬੋਲੀ ਹੋਰ ਹੈ ਤੇ ਪੰਜਾਬੀ ਨੂੰ ਗਲੇ ਲਗਾ ਰਹੇ ਹਨ । ਅਸੀਂ ਅੰਗਰੇਜ਼ੀ ਦੇ ਮਗਰ ਹਰਲ ਹਰਲ ਕਰਦੇ ਫਿਰਦੇ ਹਾਂ !
ਇਹ ਵੀ ਸੱਚ ਹੈ :- ਕਿਸੇ ਕੌਨਵੈਟ ਸਕੂਲ ਦਾ ਟੂਰ ਸੀ…ਉਹ ਸ਼ਹਿਰ ਦੇ ਕਿਸੇ ਬਿਰਧ ਆਸ਼ਰਮ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਗਏ ਤਾਂ ਉਥੇ ਕੀ ਭਾਣਾ ਵਾਪਰਿਆ ..ਬਿਰਧ ਆਸ਼ਰਮ ਦੇ ਵਿੱਚ ਕਿਸੇ ਬੱਚੇ ਦੀ ਦਾਦੀ ਤੇ ਕਿਸੇ ਦਾ ਦਾਦਾ ਸੀ। ਉਥੋਂ ਆਪਣੀ ਦਾਦੀ ਦੇਖ ਕੇ ਇਕ ਬੱਚੇ ਨੇ ਸਵਾਲ ਕੀਤਾ ਕਿ ” ਦਾਦੀ ਮਾਂ ..ਇਹ ਆਪਣੇ ਕਿਹੜੇ ਰਿਸ਼ਤੇਦਾਰ ਦਾ ਘਰ ਹੈ ?

ਦਾਦੀ ਦੇ ਨੈਣ ਭਰ ਆਏ…ਦੋਵੇਂ ਬਹੁਤ ਰੋਣ ਲੱਗੀਆਂ । ਬੱਚੇ ਨੇ ਦੱਸਿਆ ਕਿ ਸਾਨੂੰ ਤੇ ਕਿਹਾ ਹੈ ਕਿ ਦਾਦੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹਨ। ਪਰ ਇਹ ਤੇ ਬਿਰਧ ਅਸ਼ਰਮ ਹੈ!

ਬੱਚੇ ਦੀ ਇਹ ਗੱਲ ਸੁਣ ਕੇ ਮਹੌਲ ਗ਼ਮਗੀਨ ਹੋ ਗਿਆ ।

ਪੰਜਾਬੀ ਭਾਸ਼ਾ ਦੀ ਵੀ ਹਾਲਤ ਇਹੋ ਬਣੀ ਹੈ।

ਜੋ ਅਪਣਾਇਆ ਦੇ ਜਿਉਂਦੇ ਜੀਅ ਬੇਗਾਨੀ ਹੋ ਕੇ ਬਿਰਧ ਆਸ਼ਰਮਾਂ ਦੇ ਵਿੱਚ ਰੁਲ ਰਹੀ ਹੈ। ਅਸੀਂ ਪੰਜਾਬੀ ਤੇ ਮਨੁੱਖ ਹੋਣ ਦਾ ਮਾਣ ਕਰਦੇ ਹਾਂ ।

ਇਹ ਬੋਲ ਸਾਨੂੰ ਸੋਚਣ ਲਈ ਮਜਬੂਰ ਕਿਉ ਨਹੀਂ ਕਰਦੇ ?
” ਮਾਂ ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ ਜਾਓਗੇ ! ”

ਆਓ ! ਪੰਜਾਬੀਓ….ਆਪਾਂ ਪੰਜਾਬੀ ਮਾਤ ਭਾਸ਼ਾ ਦਾ ਸਤਿਕਾਰ ਕਰੀਏ ਤੇ ਨਾ ਕਿ ਬੇਗਾਨੀ ਦਾ ਅਨੰਦ ਮਾਣੀਏ। ਜੇ ਨਹੀਂ ਸਰਦਾ ਜਰੂਰ ਅਨੰਦ ਲਵੋ ਪਰ ਮਾਂ ਬੋਲੀ ਨਾ ਵਿਸਾਰੋ । ਕੀਹਨੇ ਕੀਹਨੇ ਆਪਣੇ ਘਰਾਂ ਦੇ ਵਿੱਚ ਵਿਸਾਰਿਆ ਹੈ..ਤੁਸੀਂ ਸਭ ਜਾਣਦੇ ਹੀ ਹੋ…ਪੰਜਾਬੀਓ ! ਦੇਖੋ ਤਾਂ ਆਪੋ ਆਪਣੇ ਗਿਰੇਵਾਨ ਵਿੱਚ ਝਾਕ ਕੇ…?
ਸ਼ਰਮ ਧਰਮ ਦਾ ਡੇਰਾ ਦੂਰਿ….ਹੋਇਆ ਕਿ ਨਹੀ ?

 

ਬੁੱਧ ਸਿੰਘ ਨੀਲੋੰ
9464370823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੁੱਟੀਆਂ ਦੌਰਾਨ ਡਿਊਟੀਆਂ ਲਗਾਉਣ ਤੇ ਭੜਕੇ ਸਿਹਤ ਮੁਲਾਜ਼ਮ
Next articleਬਚਾਅ 1122