ਭਾਰਤੀ ਲੋਕਤੰਤਰੀ ਸਮਾਜ ਦੇ ਦੱਬੇ –ਕੁਚਲੇ ਤੇ ਲਤਾੜੇ ਲੋਕਾਂ ਵਿੱਚ ਰਾਜਨੀਤਕ ਚੇਤੰਨਤਾ ਦੀ ਰੂਹ ਫੂਕਣ ਵਾਲਾ ਸੀ- ਬਹੁਜਨ ਨਾਇਕ ਸਾਹਿਬ ਕਾਸ਼ੀ ਰਾਮ।
(ਸਮਾਜ ਵੀਕਲੀ)- ਭਾਰਤੀ ਸਮਾਜ ਵਿੱਚ ਅਨੂਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਦੀ ਸਮਾਜਿਕ,ਧਾਰਮਿਕ,ਆਰਥਿਕ,ਮਾਨਸਿਕ ਅਤੇ ਰਾਜਨੀਤਿਕ ਅਜਾਦੀ,ਸੱਤਾ-ਸ਼ਾਸਨ ਉੱਤੇ ਕਾਬਜ ਹੋਣ ਵਾਸਤੇ ਡਾ.ਭੀਮ ਰਾਓ ਅੰਬਡੇਕਰ ਤੋਂ ਬਾਅਦ ਇੰਨ੍ਹਾਂ ਲੋਕਾਂ ਦੀ ਤ੍ਰਾਸਦੀ ਤੇ ਹਾਅ ਦਾ ਨਾਹਰਾ ਭਾਵੇਂ ਬਾਬੂ ਰਾਮ ਮੁੱਗੋਵਾਲੀਆ ਵਰਗੇ ਸਮਾਜ ਸੁਧਾਰਕਾਂ ਨੇ ਵੀ ਮਾਰਿਆ ਪਰ ਸ਼ੂਦਰ,ਦਲਿਤ,ਦੱਬੇ-ਕੁਚਲੇ ਅਤੇ ਹੋਰ ਕਈ ਨਾਵਾਂ-ਕੁਨਾਵਾਂ ਨਾਲ ਭਾਰਤੀ ਲੋਕਤੰਤਰ ਦਾ ਹਿੱਸਾ ਬਣੇ ਇੰਨ੍ਹਾਂ ਗਰੀਬਾਂ,ਨਿਆਸਰਿਆਂ ਅਤੇ ਮਜਲੂਮਾਂ ਨੂੰ ਰਾਜਨੀਤਿਕ ਪੱਖੋਂ ਝੰਜੋੜਨ,ਚੇਤੰਨ,ਜਾਗਰੂਕ ਕਰਨ ਅਤੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਦੇ ਹੋਕੇ ਦੇਣ ਸਦਕਾ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦਾ ਨਾਮ ਭਾਰਤੀ ਸਿਆਸਤ ਵਿੱਚ ਹੀ ਨਹੀਂ ਬਲਕਿ ਮਨੁੱਖਤਾ ਪ੍ਰਤੀ ਸੁਧਾਰਵਾਦੀਆਂ ਦੇ ਨਾਵਾਂ ਦੀ ਸੂਚੀ ਵਿੱਚ ਹਮੇਸ਼ਾਂ ਧਰੂ ਤਾਰੇ ਵਾਂਗ ਚਮਕਦਾ ਰਹੇਗਾ।
ਸ਼ਾਹਿਬ ਕਾਸ਼ੀ ਰਾਮ ਨੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਉੱਪਰ ਹੁੰਦੇ ਸ਼ੋਸਣਾਂ ਤੋਂ ਛੁਟਕਾਰਾ ਪਾਉਣ ਦੇ ਮਨੋਰਥ ਨਾਲ ਰਾਜਨੀਤਿਕ ਸ਼ਕਤੀ ਵਜੋਂ ਉਭਾਰਨ ਦੇ ਅਣਥੱਕ ਤੇ ਉਸਾਰੂ ਯਤਨ ਕੀਤੇ ਕਿਓ ਜੋ ਰਾਜਨੀਤਿਕ ਸੱਤਾ ਪ੍ਰਾਪਤੀ ਤੋਂ ਬਿਨ੍ਹਾਂ ਇੰਨ੍ਹਾਂ ਲੋਕਾਂ ਦੇ ਹਿੱਤਾਂ ਨੂੰ ਪੂਰਾ ਕਰਨਾ ਅਸੰਭਵ ਜਾਪਦਾ ਸੀ।ਉੰਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗ ਲਗਾਉਣ ਲਈ ਦਲਿਤ ਸ਼ੋਸਿਤ ਸਮਾਜ ਸੰਘਰਸ਼ ਸੰਮਤੀ ਬਣਾਉਂਦਿਆਂ ਆਪਣੇ ਸ਼ੰਘਰਸ਼ ਅਤੇ ਦਲਿਤ ਜਾਗਰਣ ਲਹਿਰ ਦਾ ਆਰੰਭ ਕੀਤਾ। ਜੋ ਬਾਅਦ ਵਿੱਚ ਬਾਮਸੇਫ ਜਾਂ ਬੈਕਵਰਡ ਐਂਡ ਮਨਿਆਰਟੀ ਕਮਿਊਨੀਟੀਜ ਇੰਪਲਾਈਜ ਫੈਡਰਸ਼ਨ ਵਜੋਂ ਉੱਭਰੀ। ਇਸ ਉਪਰੰਤ ਬਹੁਜਨ ਸਮਾਜ ਪਾਰਟੀ ਨਾਮ ਦੀ ਰਾਸ਼ਟਰੀ ਪੱਧਰ ਦੀ ਰਾਜਨੀਤਿਕ ਪਾਰਟੀ ਦਾ ਨਿਰਮਾਣ ਕਰਦਿਆਂ ਭਾਰਤ ਦੇ ਸਭ ਤੋਂ ਵੱਡੇ ਸਿਆਸੀ ਰਾਜ ਉੱਤਰ ਪ੍ਰਦੇਸ਼ ਵਿੱਚ ਕਈ ਬਾਰ ਸਰਕਾਰ ਬਣਾਈ।
ਇੱਕ ਸਰਕਾਰੀ ਅਧਿਕਾਰੀ ਤੋਂ ਲੋਕ ਸਭਾ ਤੱਕ, ਸਾਇਕ ਤੋਂ ਜਹਾਜ ਤੱਕ ਦਾ ਸਫਰ ਪੂਰਨ ਸ਼ੰਘਰਸਮਈ ਰਿਹਾ ਇਸ ਮਰਹੱਲੇ ਵਾਸਤੇ ਸਰਕਾਰੀ ਨੌਕਰੀ ਤੋਂ ਤਿਆਗ ਪੱਤਰ ਹੀ ਨਹੀਂ ਦਿੱਤਾ ਬਲਕਿ ਉਮਰ ਭਰ ਵਿਆਹ ਨਾ ਕਰਵਾਉਣ ਦਾ ਸੰਕਲਪ ਵੀ ਲਿਆ।ਇਸਤੋਂ ਇਲਾਵਾ ਆਪਣਾ ਘਰ-ਬਾਰ, ਮਾਤਾ-ਪਿਤਾ,ਅਤੇ ਭੈਣ ਭਰਾ ਸਭ ਨੂੰ ਤਿਆਗ ਕੇ “ਦਲਿਤ ਸਮਾਜ ਸੁਧਾਰ ਅਤੇ ਰਾਜਨੀਤਿਕ ਚੇਤਨਾ ਦੇ ਮਿਸ਼ਨ” ਵੱਲ ਹੋ ਤੁਰੇ।
ਆਪ ਨੇ ਮੌਜੂਦਾ ਭਾਰਤੀ ਸਮਾਜ ਵਿੱਚ ਇੰਨ੍ਹਾਂ ਲੋਕਾਂ ਦੀ ਹੋ ਰਹੀ ਸਿਆਸੀ ਦੁਰਵਰਤੋਂ ਨੂੰ ਬੜੀ ਡੂੰਘਾਈ ਨਾਲ ਜਾਣਨ ਦੀ ਕੋਸ਼ਿਸ ਹੀ ਨਾ ਕੀਤੀ ਬਲਕਿ ਇੰਨ੍ਹਾਂ ਵਰਗਾਂ ਦੇ ਹਿਤੈਸ਼ੀ ,ਪੜ੍ਹੇ ਲਿਖੇ ਲੋਕਾਂ ਤੱਕ ਪਹੁੰਚ ਬਣਾਉਂਦਿਆਂ “ਪੇ ਬੈਕ ਟੂ ਸੁਸ਼ਾਇਟੀ” ਦਾ ਮਾਟੋ ਵੀ ਦਿੱਤਾ ।ਇੰਨ੍ਹਾਂ ਲੋਕਾਂ ਵਿੱਚ ਸਿਆਸੀ ਚਿਣਗ ਲਗਾਉਣ ਹਿੱਤ , “ਜੋ ਜਮੀਨ ਸਰਕਾਰੀ ਹੈ,ਵੋਹ ਜਮੀਨ ਹਮਾਰੀ ਹੈ”ਦਾ ਨਾਹਰਾ ਵੀ ਦਿੱਤਾ।
ਆਪਣੀ ਲਿਖੀ ਕਿਤਾਬ “ਚਮਚਾ ਯੁੱਗ ਦੀ ਰੌਸ਼ਨੀ” ਅਤੇ ਤਜਰਬਿਆਂ ਰਾਹੀਂ ਅਨੁਸੂਚਿਤ ਜਾਤੀਆ ਤੇ ਜਨ ਜਾਤੀਆਂ ਦੇ ਸਿਆਸੀ ਜੀਵਨ ਹੰਢਾ ਰਹੇ ਲੋਕਾਂ ਵਿੱਚ ਰਾਜਨੀਤਿਕ ਸੱਤਾ ਸ਼ਾਸਨ ਦੀ ਕੁਰਸੀ ਪ੍ਰਾਪਤੀ ਦੀ ਲਾਲਸਾ ਪ੍ਰਤੀ ਅਵੇਸਲੇਪਣ ਦਾ ਮੂਲ ਕਾਰਣ “ਚਮਚਾ ਯੁੱਗ”ਦੇ ਆਰੰਭ ਨੂੰ ਮੰਨਿਆ।ਕਾਸ਼ੀ ਰਾਮ ਨੇ ਦਲਿਤ ਚੇਤਨਾ ਲਹਿਰਾਂ ਵਿੱਚ ਰੁਕਾਵਟ ਬਣੇ ਅਜਿਹੇ ਰਾਜਨੀਤੀਵਾਨਾਂ ਦੀਆ ਕਿਸਮਾਂ ,ਕੰਮ ਕਰਨ ਦੇ ਢੰਗਾਂ ,ਲੱਛਣਾਂ ਅਤੇ ਇੰਨ੍ਹਾਂ ਤੋਂ ਸਾਵਧਾਨੀ ਵਰਤਣ ਦੇ ਆਪਣੇ ਫਲਸਫਿਆਂ/ਵਿਚਾਰਾਂ ਨੂੰ ਇਸ ਕਿਤਾਬ ਵਿੱਚ ਪ੍ਰਗਟਾਇਆ।ਇਸ ਕਿਤਾਬ ਦਾ ਕਈ ਭਸ਼ਾਵਾ ਵਿੱਚ ਅਨੁਵਾਦ ਹੋਇਆ ਅਤੇ ਇਸ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਸੰਗਠਿਤ ਕਰਨ ਵਿੱਚ ਆਪਣੀ ਵਿਸ਼ੇਸ ਭੂਮਿਕਾ ਨਿਭਾਈ।
ਚਮਚਾ ਯੁੱਗ ਦੀ ਪ੍ਰੀਭਾਸਾ ਦਿੰਦਿਆਂ ਕਾਸ਼ੀ ਰਾਮ ਨੇ ਬਿਆਨ ਕੀਤਾ ਸੀ ਕਿ “ਇਹ ਨਿਮਨ ਸਮਾਜ ਦੇ ਉਹ ਲੋਕ ਜਾਂ ਰਾਜਨੀਤਿਕ ਪ੍ਰਤੀਨਿਧੀ ਹਨ ਜੋ ਕਿ ਆਪਣੇ ਨਿੱਜੀ ਸਵਾਰਥਾਂ ਤੱਕ ਮਹਿਫੂਜ ਰਹਿੰਦਿਆਂ ਦਲਿਤ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਹੋਏ ਆਪਣੇ ਰਾਜਨੀਤਿਕ ਅਖਤਿਆਰਾਂ ਦੀ ਵਰਤੋਂ ਸ਼ੋਸਿਤ ਸਮਾਜ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਇ ਦਲਿਤ-ਵਿਰੋਧੀਆਂ ਦੇ ਹੱਥ ਠੋਕੇ ਹੋ ਨਿਬੜਦੇ ਹਨ”।
ਇਸ ਯੁੱਗ ਦੇ ਇਤਿਹਾਸਕ ਪਿਛੋਕੜ ਬਾਰੇ ਕਾਸ਼ੀ ਰਾਮ ਜੀ ਦਲੀਲ ਦਿੰਦੇ ਸਨ ਕਿ ਜਦੋਂ ਡਾ.ਭੀਮ ਰਾਓ ਅੰਬੇਡਕਰ ਨੇ 17 ਅਗਸਤ 1932 ਨੂੰ ਗੋਲਮੇਜ ਕਾਨਫਰੰਸਾਂ ਦੇ ਸਿੱਟੇ ਵਜੋਂ ਅਛੁਤ/ਦਲਿਤ ਲੋਕਾਂ ਨੂੰ ਵੱਖਰਾ ਮੱਤਦਾਨ ਦਾ ਅਧਿਕਾਰ ਲੈਣ ਦੀਆਂ ਕੋਸ਼ਿਸਾਂ ਕੀਤੀਆਂ ਤਾਂ ਬ੍ਰਾਹਮਣਵਾਦੀ ਰਾਜਨੀਤਿਕ ਵਿਰੋਧੀਆਂ ਨੂੰ ਪਹਿਲੀ ਬਾਰੀ ਦਲਿਤ ਸਮਾਜ ਵਿੱਚ “ਅਜਿਹੇ ਵਫਾਦਾਰਾਂ”ਦੀ ਲੋੜ ਮਹਿਸੂਸ ਹੋਈ ਜੋ ਕਿ ਪਾਰਟੀ ਵਫਾਦਾਰੀਆਂ ਦੀ ਆੜ ਵਿੱਚ ਦਲਿਤ ਸਮਾਜ ਦੇ ਹੱਕਾਂ ਵਾਸਤੇ ਮੂਕ ਦਰਸ਼ਕ ਬਣ ਸਕਣ।ਅੰਗਰੇਜ ਸਰਕਾਰ ਦੁਆਰਾ ਭਾਰਤੀ ਅਛੂਤਾਂ ਵਾਸਤੇ ਕੀਤੇ ਇਸ ਰਾਜਨੀਤਿਕ ਪ੍ਰਬੰਧ ਦਾ ਵਿਰੋਧ ਡੱਟ ਕੇ ਕੀਤਾ ਗਿਆ ਜਿਸ ਕਾਰਨ 24 ਸਤੰਬਰ 1932 ਨੂੰ “ਪੂਨਾ ਪੈਕਟ”ਤਹਿਤ ਅਛੂਤਾਂ ਵਾਸਤੇ ਵੱਖਰੇ ਮੱਤਦਾਨ ਅਧਿਕਾਰ ਦੀ ਥਾਂ ਤੇ ਸੰਯੁਕਤ ਮੱਤਦਾਨ ਅਧਿਕਾਰ ਤੇ ਸਹਿਮਤੀ ਬਣੀ।
ਪੂਨਾ ਪੈਕਟ ਭਾਰਤੀ ਦਲਿਤ ਸਮਾਜ ਦੇ ਲੋਕਾਂ ਨੂੰ “ਚਮਚਾ ਯੁੱਗ” ਵੱਲ ਧਕੇਲਣ ਦਾ ਪਹਿਲਾ ਕਾਮਯਾਬ ਸਿਆਸੀ ਪੱਤਾ ਸਿੱਧ ਹੋਇਆ।ਸੰਯੁਕਤ ਮੱਤਦਾਨ ਨਾਲ ਅਛੂਤਾਂ/ਦਲਿਤਾਂ ਦੇ ਪ੍ਰਤੀਨਿਧੀ ਸਿਰਫ ਨਾਂ ਦੇ ਹੀ ਪ੍ਰਤੀਨਿਧੀ ਰਹਿ ਗਏ।ਸੰਯੁਕਤ ਮਤਦਾਨ ਪ੍ਰਣਾਲੀ ਅਤੇ ਰਾਖਵੀਆਂ ਸੀਟਾਂ ਨੇ ਅਨੁਸੂਚਿਤ ਜਾਤੀਆਂ ਦੀ ਅਜਾਦੀ ਦਾ ਅੰਦੋਲਨ ਪ੍ਰਭਾਵਹੀਣ ਕਰ ਦਿੱਤਾ।ਪੂਰਨ ਤੌਰ ਤੇ ਪ੍ਰਭਾਵਹੀਣ ਲੋਕਾਂ ਦੀ ਇਹ ਸਥਿਤੀ ਅੱਜ ਦੇ ਭਾਰਤੀ ਲੋਕਤੰਤਰ ਵਿੱਚ ਸ਼ਪੱਸਟ ਹੈ ਕਿਓ ਜੋ ਦਲਿਤ ਲੋਕਾਂ,ਔਰਤਾਂ ,ਬੱਚਿਆਂ ਤੇ ਹੋ ਰਹੇ ਜੁਲਮ ਤੇ ਲੁੱਟ ਖਸੁੱਟ ਸਿਰਫ ਕਮਿਸ਼ਨਾਂ ਦੀਆਂ ਫਾਈਲਾਂ ਤੱਕ ਮਹਿਦੂਦ ਹੋ ਕੇ ਰਹਿ ਜਾਂਦੀ ਹੈ ਤੇ ਪਾਰਟੀ ਵਫਾਦਾਰੀਆਂ ਤੱਕ ਸੀਮਤ ਇਸ ਸਮਾਜ ਦੇ ਚੁਣੇ ਹੋਏ ਪ੍ਰਤੀਨਿਧੀ ਸ਼ੋਸਿਤ ਲੋਕਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਵਿੱਚ ਕੋਈ ਰੁਚੀ ਨਹੀਂ ਵਿਖਾਉਂਦੇ।
ਸਾਹਿਬ ਕਾਸ਼ੀ ਰਾਮ ਅਜਿਹੇ ਰਾਜਨੀਤਿਕ ਪ੍ਰਤੀਨਿਧੀਆਂ ਜਾਂ ਲੋਕਾਂ ਨੂੰ “ਚਮਚੇ” ਕਹਿਣ ਵਿੱਚ ਗੁਰੇਜ ਨਹੀਂ ਸਨ ਕਰਦੇ ।ਦਲਿਤ ਲੋਕਾਂ ਪ੍ਰਤੀ ਅਜਿਹੇ ਲੋਕਾਂ ਦੀ ਪਹੁੰਚ ਦੀ ਭਵਿੱਖਬਾਣੀ ਕਰਦਿਆਂ ਕਾਸ਼ੀ ਰਾਮ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ “ਜਦੋਂ ਵੀ ਦਲਿਤ ਸਮਾਜ ਵਿੱਚ ਸਰਵਪੱਖੀ ਚੇਤਨਾ ਪੈਦਾ ਕਰਨ ਵਾਸਤੇ ਅੰਦੋਲਨ ਖੜੇ ਹੋਣਗੇ ਤਾਂ ਅਜਿਹੇ ਸਿਆਸੀ ਰਸੂਖ ਵਾਲੇ ਦਲਿਤ ਸਮਾਜ ਦੇ ਪ੍ਰਤੀਨਿਧੀਆਂ ਦੀ ਕਦਰ ਵਧੇਗੀ ਕਿਓ ਜੋ ਕਿਸੇ ਵੀ ਸ਼ੰਘਰਸ ਨੂੰ ਤਾਰੋਪੀਡਾ ਕਰਨ ਵਾਸਤੇ “ਚਮਚੇ”ਸਿਆਸੀ ਵਿਰੋਧੀਆਂ ਦਾ ਤਕੜਾ ਹਥਿਆਰ ਹੁੰਦੇ ਹਨ”।
ਕਾਸ਼ੀ ਰਾਮ ਜੀ ਦੀ ਵਿਚਾਰਧਾਰਾ ਅਤੇ ਉਨ੍ਹਾਂ ਵੱਲੋਂ ਕੀਤੀ ਭਵਿੱਖਬਾਣੀ ਦੇ ਅਧਾਰਿਤ ਮੌਜੂਦਾ ਸਮੇਂ ਦੇ ਸੰਦਰਭ ਵਿੱਚ ਦੇਸ਼ ਭਰ ਵਿੱਚ ਦਲਿਤਾਂ,ਗਰੀਬਾਂ ਅਤੇ ਮਜਦੂਰਾਂ ਤੇ ਹੋ ਰਹੇ ਸ਼ੋਸਣ ਦਾ ਸਿਹਰਾ ਰਾਜਨੀਤਿਕ ਗਲਿਆਰਿਆਂ ਵਿੱਚ ਸੱਤਾ ਦਾ ਸੁਖ ਭੋਗ ਰਹੇ ਅਜਿਹੇ ਆਗੂਆਂ ਸਿਰ ਹੀ ਜਾਂਦਾ ਹੈ ਜੋ ਕਿ ਇੰਂਨ੍ਹਾਂ ਲੋਕਾਂ ਦੇ ਹਿੱਤਾਂ ਪ੍ਰਤੀ ਅਵਾਜ ਬੁਲੰਦ ਕਰਨ ਦੀ ਬਜਾਇ ਰਾਜਨੀਤਿਕ ਵਫਾਦਾਰੀਆਂ ਨੂੰ ਆਪਣਾ ਪਰਮ ਧਰਮ ਮੰਨਦੇ ਹਨ।
ਸ਼ਾਹਿਬ ਕਾਸ਼ੀ ਰਾਮ ਦੇ ਯਤਨਾਂ,ਲੋਕਾਂ ਵਿੱਚ ਲਿਆਂਦੀ ਰਾਜਨੀਤਿਕ ਸੂਝ-ਬੂਝ,ਚੇਤੰਨਤਾ ਅਤੇ ਜਾਗਾਰੂਕਤਾ ਸਦਕਾ ਹੀ ਮੌਜੂਦਾ ਸਮਿਆਂ ਵਿੱਚ ਭਾਰਤੀ ਲੋਕਤੰਤਰ ਵਿੱਚ ਸਰਗਰਮ ਨਿੱਕੀਆਂ –ਵੱਡੀਆਂ,ਪ੍ਰਾਰੰਪਰਾਗਤ ਅਤੇ ਨਵੀਨ ਪਾਰਟੀਆ ਵੀ ਨਿਮਨ ਵਰਗਾਂ ਦੇ ਆਗੂਆਂ ਨੂੰ ਭਰਮਾਉਣ ਦੀ ਨੀਤੀ ਤਹਿਤ ਅਹਿਮ ਸਿਆਸੀ ਅਹੁਦਿਆਂ ਤੇ ਨਿਵਾਜਣ ਲੱਗੀਆਂ ਹਨ ਤਾਂ ਜੋ ਇੰਂ੍ਹਾਂ ਤਬਕਿਆਂ ਦੀ ਵੋਟ ਬੈਂਕ ਉੰਨ੍ਹਾਂ ਦੀ ਝੋਲੀ ਵਿੱਚੋਂ ਨਾ ਖਿਸਕ ਜਾਵੇ।ਦਲਿਤ ਲੋਕਾਂ ਪ੍ਰਤੀ ਇੰਨ੍ਹਾਂ ਬਦਲਦੀਆਂ ਹਾਂ ਪੱਖੀ ਸਿਆਸੀ ਪ੍ਰਸਥਿਤੀਆਂ ਦਾ ਸਿਹਰਾ ਸਾਹਿਬ ਕਾਸ਼ੀ ਰਾਮ ਜੀ ਦੀ ਰਾਜਨੀਤਿਕ ਚੇਤਨਾ ਲਹਿਰ ਨੂੰ ਹੀ ਜਾਂਦਾ ਹੈ।
ਅੱਜ ਸੰਸਾਰ ਭਰ ਵਿੱਚ ਨਿਮਨ ਜਾਤੀ ਵਰਗਾਂ,ਅੰਬੇਡਕਰਵਾਦੀ ਵਿਚਾਰਾਂ ਦੇੇ ਹਾਮੀ ਅਤੇ ਜਾਤ-ਪਾਤ,ਧਰਮ,ਰੰਗ,ਨਸਲ ਆਦਿ ਦੇ ਭੇਦ ਭਾਵ ਤੋਂ ਉੱਪਰ ਉੱਠੇ ਅਤੇ ਮਨੁੱਖਤਾ ਦੇ ਸੁਧਾਰਵਾਦੀ ਫਲਸਫੇ ਨੂੰ ਪ੍ਰਣਾਏ ਲੋਕ ਸਾਹਿਬ ਕਾਸ਼ੀ ਰਾਮ ਜੀ ਨੂੰ ਉੰਨਂ੍ਹਾਂ ਦੇ ਪ੍ਰੀ ਨਿਰਵਾਣ ਦਿਵਸ ਤੇ ਸਿਜਦਾ ਕਰ ਰਹੇ ਹਨ।
ਮਾ: ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106
ਨੋਟ: ਇਸ ਲੇਖ ਵਿੱਚ ਦਿੱਤੇ ਵਿਚਾਰ ਸਾਹਿਬ ਕਾਸੀ ਰਾਮ ਜੀ ਦੀ ਲ਼ਿਖੀ ਕਿਤਾਬ “ਚਮਚਾ ਯੁੱਗ” ਦੇ ਅਧਾਰਿਤ ਹਨ।