(ਸਮਾਜ ਵੀਕਲੀ)
ਲੋਹਾ ਬਣਕੇ ਜਦ ਸਿਦਕਵਾਨੀਂਏਂ,ਲੋਹਾ ਜਿੱਤਣ ਲਈ ਭਿੜਦੇ ਨੇ।
ਫੋਕੀਆਂ ਬੜ੍ਹਕਾਂ,ਫੱਕੜ ਦਾਅਵੇ,ਹਕੂਮਤ ਦੇ ਬੁੱਲ੍ਹਾਂ ਚੋਂ ਕਿਰਦੇ ਨੇ।
ਲੋਹਾ,ਸੰਜਮ,ਲਗਨ ਤੇ ਏਕਾ,ਮੁੱਢ ਬੰਨ੍ਹਦੇ ਸੁੱਚਿਆਂ ਹਰਫ਼ਾਂ ਲੲੀ,
ਐ ਝੂਠੇ ਵਿਕਾਸੀ ਝੱਖੜ ਝੁੱਲਦੇ,ਵੱਡੇ ਪਲਾ਼ਲ਼ ਭਗਵੀਂ ਧਿਰ ਦੇ ਨੇ।
ਲੋਹਾ ਕੱਟਕੇ ਲੋਹਾ ਬਣਦਾ,ਉਦੋਂ ਸਨਮਾਨ ਵੱਡਾ ਮਿਲ ਜਾਂਦਾ ਐ,
ਜੇ ਲੋਹੇ ਲੲੀ ਕੋੲੀ ਹੱਥ ਚਲਾਵੇ,ਤਦ ਬਗਾਵਤੀ ਜੁੱਸੇ ਖਿੜਦੇ ਨੇ।
ਲੋਹਾ ਕੁੱਟੀਏ,ਲੋਹਾ ਬੀਜੀਏ,ਲੋਹਾ ਖਾਓ,ਲੋਹਾ ਹੀ ਤਾਂ ਉੱਗਦਾ ਹੈ।
ਇਹ ਦੇਖਦੇ ਕਰੂੜੀ ਹਾਕਮ,ਦਿਲੋਂ ਤ੍ਰਿਹਕਦੇ ਡਰਦੇ ਵਿਚਰਦੇ ਨੇ।
ਲੋਹਾ ਇੱਕ ਵਿਸ਼ਵਾਸ ਮੁਜੱਸਮਾ,ਲੋਹਾ ਤਾਂ ਤਾਕਤ ਬਰਕਤ ਜਿਹੀ,
ਲੋਹੇ ਵਰਗੀ ਹੋਵੇ ਸਚਿਆਈ,ਤਾਂ ਦੁਸ਼ਮਣ ਘੇਰਿਆਂ ਘਿਰਦੇ ਨੇ।
ਜੰਗਾਂ ਦੇ ਲਈ ਅਰਥ ਜਿੱਤਾਂ ਦਾ,ਮਨੁੱਖਤਾ ਜਿੱਤ ਲਈ ਜਾਵੇ ਜੀ,
ਲੋਹਿਆਂ ਦੇ ਕਈ ਰੂਪ ਨਿਖਰਕੇ,ਫੈਸਲਿਆਂ ਦੇ ਲਈ ਛਿੜਦੇ ਨੇ।
ਪੂਰਾ ਬੰਦਾ ਅਧੂਰਾ ਜਾਪੇ,ਦਿਲ ਛੱਡਦਾ ਖੂਹ ਵਿੱਚ ਡਿੱਗਦਾ ਅਜੇ,
ਪਿੰਗਲਾ ਬਾਜ਼ੀ ਮਾਰ ਹੀ ਜਾਂਦਾ, ਵੱਡੇ ਹੌਂਸਲੇ ਅਸਲੋਂ ਦਿਲ ਦੇ ਨੇ।
ਨੋਟਬੰਦੀ,ਜੀਐਸਟੀ ਤੇ ਚੰਦਰਯਾਨ,ਤੇ ਹੁਣ ਬੋਲੀ ਇੱਕੋ ਹੀ ਕਹੇ,
ਲੋਕਾਂ ਨੂੰ ਦਬਾ ਹਿਟਲਰ ਜੀ,ਕਿੰਨੇ ਗੁ਼ਰਜ਼ ਲੈਣ ਲਈ ਤਿੜਦੇ ਨੇ।
ਇਹ ਲੋਕਾਂ ਨਾਲ ਧ੍ਰੋਹਬੰਦੀ ਨਿਰੀ ਹੈ,ਮੁਲਕ ਦੀ ਘੇਰਾਬੰਦੀ ਕਰੀ,
ਕੂੜ ਪ੍ਰਚਾਰ ਨੂੰ ਦੱਸਣ ਦੇ ਲਈ,ਵਿਕਿਆਂ ਹੱਥੋਂ ਰੱਥ ਗਿੜਦੇ ਨੇ।
ਫੋਕੜ ਬਾਹੂਬਲੀਏ ਹੜਦੁੰਗੀਏ,ਆਨੇ ਦੁਆਨੀ ਦੀ ਅਕਲ ਨਹੀਂ,
ਸ਼ਿਕਾਰ ਬਣਾਕੇ ਲੋਕਾਂ ਤਾਈਂ,ਐ ਹੁਲੀਏ ਬਦਲਣ ਨੂੰ ਫਿਰਦੇ ਨੇ।
ਮੁੜ ਕਾਗਜ਼ੀ ਚੱਲਣ ਕਿਸ਼ਤੀਆਂ,ਦਮਖ਼ਮ ਕਿੱਥੋਂ ਰੱਖਣਗੀਆਂ?
ਜੇ ਡਿਜੀਟਲ ਵਿੱਚ ਸਵਾਲ ਅੜੇ,ਉਤੋਂ ਗੁਰਗੇ਼ ਬਹੁਤਾ ਚਿੜਦੇ ਨੇ।
ਸਾਡਾ ਸਿਦਕ ਹੈ ਅਸਲੀ ਲੋਹਾ,ਲੋਹੇ ਚ ਹਰ ਅਰਦਾਸ ਉੱਗਦੀ,
ਸਿੱਖ ਇਤਿਹਾਸੋਂ ਲੈ ਆਸਰੇ,ਕਈ ਪਵਿੱਤਰ ਬਣ ਗੲੇ ਹਿਰਦੇ ਨੇ।
ਗ਼ਦਰੀ ਬਾਬੇ ਭਗਤ ਸਰਾਭੇ,ਹੋਰ ਵੀ ਯੁੱਧ-ਅਜਾ਼ਦੀ ਦੱਸ ਗਏ ਨੇ,
ਲੋਹੇ ਬਣ ਰਹੇ ਧਾਰ ਨੁਕੀਲੀ,ਲੋਹੇ ਜਾਗੇ ਹੋਏ ਬੜੇ ਚਿਰ ਦੇ ਨੇ।
ਸੁਖਦੇਵ ਸਿੱਧੂ
9888633481.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly