ਲਾਇਬ੍ਰੇਰੀਆਂ ਸਾਡੀ ਅੱਖਰਾਂ ਨਾਲ ਸਾਂਝ ਪਾਉਣ ਦਾ ਕੰਮ ਕਰ ਰਹੀਆਂ ਹਨ-ਪ੍ਰੋ. ਕੁਲਵੰਤ ਸਿੰਘ ਔਜਲਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ‘ਅੱਖਰ ਮੰਚ’ ਕਪੂਰਥਲਾ ਦਾ ਪਰਿਵਾਰ ਇਲਾਕੇ ਦੀ ਮਸ਼ਹੂਰ ‘ਸ਼ਹੀਦ ਊਧਮ ਸਿੰਘ ਲਾਇਬ੍ਰੇਰੀ’ ਟਿੱਬਾ ਵਿਖੇ ਸ਼ਿਰਕਤ ਕੀਤੀ।ਜਿਸ ਵਿੱਚ ਸਰਪ੍ਰਸਤ ਪ੍ਰੌ. ਕੁਲਵੰਤ ਸਿੰਘ ਔਜਲਾ,ਪ੍ਰਧਾਨ ਸਰਵਣ ਸਿੰਘ ਔਜਲਾ ਵਿਸ਼ੇਸ਼ ਤੌਰ ਤੇ ਪੁੱਜੇ।ਲਾਇਬ੍ਰੇਰੀ ਦੀ ਟੀਮ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਜਿਸ ਦੌਰਾਨ ਲਾਇਬ੍ਰੇਰੀ ਦੇ ਮੁੱਖ ਸੰਚਾਲਕ ਮਾ. ਜਸਵਿੰਦਰ ਸਿੰਘ ਨੇ ਸੰਖੇਪ ਵਿੱਚ ‘ਸ਼ਹੀਦ ਊਧਮ ਸਿੰਘ ਲਾਇਬ੍ਰੇਰੀ’ ਦੇ ਹੁਣ ਤੱਕ ਦੇ ਸਫਰ ਬਾਰੇ ਜਾਣਕਾਰੀ ਦਿੱਤੀ।
ਇਸ ਮੋਕੇ ਪ੍ਰੋ. ਕੁਲਵੰਤ ਔਜਲਾ ਨੇ ਆਖਿਆ ਕਿ ਪੰਜਾਬ ਵਾਸੀਆਂ ਚ ਕਿਤਾਬਾਂ ਪੜ੍ਹਨ ਦਾ ਰੁਝਾਨ ਲਗਾਤਾਰ ਘੱਟ ਰਿਹਾ ਹੈ ਤੇ ਖਾਸ ਕਰ ਨੌਜਵਾਨਾਂ ਚ ਇਸ ਬਾਰੇ ਰੁਚੀ ਬਹੁਤ ਮੱਧਮ ਹੈ।ਜਿਸਦਾ ਕਾਰਨ ਸਾਡੀ ਭੱਜ ਨੱਠ ਵਾਲੀ ਜੀਵਨ ਸ਼ੈਲੀ ਅਤੇ ਸਮਾਰਟ ਫੋਨ ਮੁੱਖ ਤੌਰ ਤੇ ਜਿੰਮੇਵਾਰ ਹਨ। ਉਹਨਾਂ ਭਾਰਤ ਦੇ ਦੋ ਰਾਜਾਂ ਕੇਰਲ ਤੇ ਪੱਛਮੀ ਬੰਗਾਲ ਦੀ ਉਦਾਹਰਨ ਦਿੰਦਿਆ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਕਿਵੇਂ ਪੁਸਤਕ ਕਲਚਰ ਪ੍ਰਫੁਲਤ ਹੋਇਆ ਹੈ, ਤੇ ਉਥੋਂ ਦੀ ਔਰਤ ਸਬਜੀ ਲੈਣ ਤੋੋਂ ਪਹਿਲਾਂ ਕਿਤਾਬ ਤੇ ਪੈਸੇ ਖਰਚ ਕਰਦੀ ਹੈ। ਪਰ ਸਾਡੇ ਪੰਜਾਬੀਆਂ ਦੀ ਬੇਰੁੱਖੀ ਕਾਰਨ ਸਖਤ ਮਿਹਨਤ ਨਾਲ ਲਿਖੀਆਂ ਤੇ ਛਾਪੀਆਂ ਕਿਤਾਬਾਂ ਧੂੜ ਚੱਟ ਰਹੀਆਂ ਹਨ।
ਉਹਨਾਂ ਕਿਹਾ ਕਿ ਪੰਜਾਬੀ ਹਰ ਜੋਰ ਦਾ ਕੰਮ ਕਰ ਲੈਂਦੇ ਹਨ। ਪਰ ਸਾਹਿਤ ਨਾਲ ਇਹਨਾਂ ਅਜੇ ਗਲਵਕੜੀ ਨਹੀਂ ਪਾਈ ਜੋ ਕਿ ਗਿਆਨ ਦੇ ਪੱਖੋ ਇੱਕ ਘਾਟ ਹੈ ਤੇ ਲਾਇਬ੍ਰੇਰੀ ਇਸ ਕਾਰਜ ਨੂੰ ਪੂਰਾ ਕਰ ਸਕਦੀ ਹੈ।ਇਸ ਮੌਕੇ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਕਿਹਾ ਕਿ ਸਾਡੀ ਸੰਸਥਾ ‘ਅੱਖਰ ਮੰਚ’ ਲੋਕਾਂ ਨੂੰ ਅੱਖਰਾਂ ਨਾਲ ਸਾਂਝ ਪਾਉਣ ਲਈ ਤੱਤਪਰ ਹੈ ਤੇ ਇਸੇ ਕੜੀ ਤਹਿਤ ਇਹ ਇਲਾਕੇ ਦੀ ਲਾਇਬ੍ਰੇਰੀ ਦੇਖਣ ਲਈ ਆਈ ਹੈ। ਉਹਨਾਂ ਲਾਇਬ੍ਰੇਰੀ ਦੇ ਕੰਮ ਕਰਨ ਬਾਰੇ ਜਾਣਕਾਰੀ ਹਾਸਲ ਕਰਦਿਆ ਕਿਹਾ ਕਿ ਕਿਵੇਂ ਇਹ ਸੰਸਥਾ ਹਰ ਸਾਲ ਬੱਚਿਆਂ ਦਾ ਪੇਂਟਿੰਗ ਮੁਕਾਬਲਾ ਕਰਾਉਂਦੀ ਹੈ ਤੇ ਹੋਰ ਵੀ ਸਮਾਜਿਕ ਮੁੱਦਿਆਂ ਬਾਰੇ ਸਮੇਂ ਸਮੇਂ ਤੇ ਸੈਮੀਨਾਰ ਕਰਵਾਉਂਦੀ ਰਹਿੰਦੀ ਹੈ।
ਲਾਇਬ੍ਰੇਰੀ ਬਾਰੇ ਮੁਢਲੀ ਜਾਣਕਾਰੀ ਤੇ ਇਸਦੇ ਹੋਰ ਕੰਮ ਕਾਜ ਬਾਰੇ ਸੁਰਜੀਤ ਟਿੱਬਾ ਨੇ ਦੱਸਿਆ ਕਿ ਇਹ ਲਾਇਬ੍ਰੇਰੀ ਚਾਰ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ ਤੇ ਤਦ ਤੋਂ ਹੀ ਲਾਇਬ੍ਰੇਰੀ ਦੇ ਸਾਰੇ ਮੈਂਬਰ ਵਧੀਆਂ ਮਿਹਨਤ ਕਰ ਰਹੇ ਹਨ।ਸੁਖਦੇਵ ਸਿੰਘ ਐਡੀਸ਼ਨਲ ਐਸ.ਡੀ.ਓ ਢਿਲਵਾਂ,ਕਿਸਾਨ ਯੂਨੀਅਨ ਤੋਂ ਅਮਰਜੀਤ ਸਿੰਘ ਟਿੱਬਾ ਤੇ ਮਾ.ਮਨਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਅੱਖਰ ਮੰਚ ਵਲੋ ਲਾਇਬ੍ਰੇਰੀ ਨੂੰ ਪ੍ਰੋ ਕੁਲਵੰਤ ਔਜਲਾ ਜੀ ਦੀ ਲਿਖੀ ਕਵਿਤਾ ਦੀ ਜਸਵੀਰ ਸਿੰਘ ਦੀ ਸੁੰਦਰ ਲਿਖਾਈ ਚ ਜੜੀ ਫੋਟੋ ਤੇ ਕਿਤਾਬਾਂ ਦਾ ਸੈੱਟ ਲਾਇਬ੍ਰੇਰੀ ਦੇ ਸੰਚਾਲਕਾਂ ਨੂੰ ਭੇਂਟ ਕੀਤਾ ਗਿਆ। ਜਿਸ ਵਾਸਤੇ ਲਾਇਬ੍ਰੇਰੀ ਦੀ ਸਮੁਚੀ ਟੀਮ ਵੱਲੋ ਉਹਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਮੰਗਲ ਸਿੰਘ ਨੈਸ਼ਨਲ ਐਵਾਰਡੀ,ਸੁਖਵਿੰਦਰ ਸਿੰਘ ਭੱਟੀ,ਜਗੀਰ ਸਿੰਘ,ਮਾ.ਸੰਦੀਪ ਸਿੰਘ,ਮਦਲ ਲਾਲ ਕੰਡਾ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly