ਨਵੀਂ ਦਿੱਲੀ (ਸਮਾਜ ਵੀਕਲੀ): ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ 24 ਸਤੰਬਰ ਲਈ ਤਜਵੀਜ਼ਤ ਮੁਲਾਕਾਤ ਦੌਰਾਨ ਦੋਵੇਂ ਆਗੂ ਵਪਾਰ, ਨਿਵੇਸ਼ ਅਤੇ ਰੱਖਿਆ ਤੇ ਸੁਰੱਖਿਆ ਦੇ ਖੇਤਰ ਵਿੱਚ ਦੁਵੱਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ’ਤੇ ਗੱਲਬਾਤ ਕਰ ਸਕਦੇ ਹਨ।
ਸ਼੍ਰਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਤੇ ਐਤਵਾਰ ਨੂੰ ਦੇਸ਼ ਪਰਤ ਆਉਣਗੇ। ਪ੍ਰਧਾਨ ਮੰਤਰੀ ਨਾਲ ਅਮਰੀਕਾ ਜਾਣ ਵਾਲੇ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਵਿਦੇਸ਼ ਸਕੱਤਰ ਸ਼੍ਰਿੰਗਲਾ ਵੀ ਸ਼ਾਮਲ ਹੋਣਗੇ। ਇਥੇ ਪੱਤਰਕਾਰਾਂ ਨਾਲ ਸੰਖੇਪ ਮੁਲਾਕਾਤ ਦੌਰਾਨ ਸ਼੍ਰਿੰਗਲਾ ਨੇ ਕਿਹਾ ਕਿ ਮੋਦੀ ਤੇ ਬਾਇਡਨ ਦਰਮਿਆਨ ਹੋਣ ਵਾਲੀ ਦੁਵੱਲੀ ਗੱਲਬਾਤ ਵਿੱਚ ਪ੍ਰਮੁੱਖ ਖੇਤਰੀ ਮੁੱਦਿਆਂ ਤੋਂ ਇਲਾਵਾ ਕੱਟੜਵਾਦ ਤੇ ਦਹਿਸ਼ਤਗਰਦੀ ਨਾਲ ਸਿੱਝਣ ਦੇ ਢੰਗ ਤਰੀਕਿਆਂ ’ਤੇ ਵੀ ਚਰਚਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਦੀ ਆਹਮੋ-ਸਾਹਮਣੀ ਮੀਟਿੰਗ ਵਿੱਚ ਅਫ਼ਗ਼ਾਨਿਸਤਾਨ ਦਾ ਮੁੱਦਾ ਵੀ ਵਿਚਾਰਿਆ ਜਾਵੇਗਾ।
ਸ੍ਰੀ ਮੋਦੀ ਆਪਣੀ ਫੇਰੀ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਮਿਲਣਗੇ। ਅਮਰੀਕੀ ਆਗੂਆਂ ਨਾਲ ਦੁਵੱਲੇ ਸੰਵਾਦ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ 24 ਸਤੰਬਰ ਨੂੰ ਵਾਸ਼ਿੰਗਟਨ ਵਿੱਚ ਕੁਐਡ (ਚਾਰ ਮੁਲਕੀ) ਵਾਰਤਾ ਵਿੱਚ ਵੀ ਸ਼ਾਮਲ ਹੋਣਗੇ। ਵਾਰਤਾ ਦੌਰਾਨ ਸਮਕਾਲੀ ਆਲਮੀ ਤੇ ਖੇਤਰੀ ਮੁੱਦਿਆਂ ’ਤੇ ਧਿਆਨ ਰਹਿਣ ਦੀ ਉਮੀਦ ਹੈ। ਸ਼੍ਰਿੰਗਲਾ ਨੇ ਕਿਹਾ ਕਿ ਸ੍ਰੀ ਮੋਦੀ ਵਾਸ਼ਿੰਗਟਨ ਵਿੱਚ ਪ੍ਰਮੁੱਖ ਅਮਰੀਕੀ ਕੰਪਨੀਆਂ ਦੇ ਸਿਖਰਲੇ ਅਧਿਕਾਰੀਆਂ ਨੂੰ ਵੀ ਮਿਲਣਗੇ। ਇਸ ਤੋਂ ਪਹਿਲਾਂ ਸ੍ਰੀ ਮੋਦੀ ਸਤੰਬਰ 2019 ਵਿੱਚ ਅਮਰੀਕਾ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly