(ਸਮਾਜ ਵੀਕਲੀ)
” ਤੇਰੇ ਹੱਥ ਜ਼ੁਲਮ ਦਾ ਡੰਡਾ ਏ
ਸਾਡੇ ਹੱਥ ਹੱਕਾਂ ਦਾ ਝੰਡਾ ਏ,
ਕੌਣ ਹਕੂਮਤ ਦੇ ਤਲਵੇ ਚੱਟਦਾ
ਕੌਣ ਕੌਮ ਦਾ ਗੱਦਾਰ ਬਣੂੰਗਾ,
ਕੌਣ ਲੜੇਗਾ ਹੱਕਾਂ ਲਈ,
ਕੌਣ ਸਾਥੋਂ ਸਰਦਾਰ ਬਣੇਗਾ…;
ਤੇਰੇ ਜ਼ਬਰ ਜ਼ੁਲਮ ਦੇ ਅੱਗੇ
ਹਿੱਕ ‘ਤੇ ਕੌਣ ਵਜਾਊ ਡੱਗੇ,
ਕਿਹੜਾ ਭੱਜ ਮੈਦਾਨੋਂ ਜਾਊ
ਕਿਹੜਾ ਫਿਰ ਖਿਦਰਾਣੇ ਆਊ,
ਕਿਹੜਾ ਢਾਲ਼ ਬਣੇਗਾ ਸਾਡੀ
ਕਿਹੜਾ ਫਿਰ ਤਲਵਾਰ ਬਣੂੰਗਾ…;
ਜਲ੍ਹਿਆਂਵਾਲਾ ਬਾਗ਼ ਦਸੇਂਦਾ
ਲਾਸ਼ਾਂ ਦਾ ਅੰਬਾਰ ਦਸੇਂਦਾ,
ਡਾਇਰ ਅੱਜ ਦੇ ਹੁਕਮਰਾਨ ਨੇ
ਨਾਂ ਊਧਮ ਸਰਦਾਰ ਦਸੇਂਦਾ,
ਭਗਤ ਸਿੰਘ ਕਦ ਬੰਦੂਕਾਂ ਬੀਜੂ
ਕੌਣ ਸਰਾਭਾ ਕਰਤਾਰ ਬਣੂੰਗਾ…;
ਹੈ ਕਾਲਾ ਕਨੂੰਨ ਹਕੂਮਤ ਦਾ
ਕਿ ਹੱਕ ਜੋ ਮੰਗਦੇ ਨੇ,
ਚਾਪਲੂਸਾਂ ਨੂੰ ਰਾਜ ਭਾਗ ਸੌਂਪਦੇ
ਵਿਦ੍ਰੋਹੀਆਂ ਨੂੰ ਸੂਲੀ ਟੰਗਦੇ ਨੇ,
ਕੌਣ ਚੜ੍ਹੇਗਾ ਸੂਲ਼ੀ ਸੱਚ ਲਈ
ਕੌਣ ਸੱਤਾ ਲਈ ਨਚਾਰ ਬਣੂੰਗਾ,
ਕੌਣ ਲੜੇਗਾ ਹੱਕਾਂ ਲਈ,
ਕੌਣ ਸਾਥੋਂ ਸਰਦਾਰ ਬਣੇਗਾ…!!”
ਹਰਕਮਲ ਧਾਲੀਵਾਲ
ਸੰਪਰਕ:- 8437403720
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly