ਕੈਪਟਨ ਤੋਂ ਇਕ ਇਕ ਪੈਸੇ ਦਾ ਹਿਸਾਬ ਲਵਾਂਗੇ: ਸੁਖਬੀਰ ਬਾਦਲ

Shiromani Akali Dal (SAD) President Sukhbir Singh Badal.

ਮਾਛੀਵਾੜਾ ਸਾਹਿਬ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਤਿਹਾਸਕ ਸ਼ਹਿਰ ਮਾਛੀਵਾੜਾ ਦੀ ਫੇਰੀ ਦੌਰਾਨ ਪਰਮਜੀਤ ਸਿੰਘ ਢਿੱਲੋਂ ਨੂੰ ਸਮਰਾਲਾ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ-ਬਸਪਾ ਸਰਕਾਰ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਤੋਂ ਇਕ ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਅਤੇ ਸੂਬੇ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ 10 ਹਜ਼ਾਰ ਮੈਗਾਵਾਟ ਦਾ ਸੋਲਰ ਪਲਾਂਟ ਲਗਾਇਆ ਜਾਵੇਗਾ। ਇਸ ਦੌਰਾਨ ਸੁਖਬੀਰ ਨੂੰ ਕਿਸਾਨਾਂ ਦੇ ਵਿਰੋਧ ਕਰਕੇ ਮਾਛੀਵਾੜਾ ਸ਼ਹਿਰ ਦੇ ਇਕ ਪੈਲੇਸ ਵਿੱਚ ਰੱਖੀ ਮੀਟਿੰਗ ਰੱਦ ਕਰਨੀ ਪਈ। ਸ੍ਰੀ ਬਾਦਲ ਦੇ ਪਿੰਡਾਂ ’ਚ ਰੈਲੀਆਂ ਕਰਨ ਉਪਰੰਤ ਮਾਛੀਵਾੜਾ ਸ਼ਹਿਰ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਕਿਸਾਨਾਂ ਨੇ ਪੈਲੇਸ ਨੂੰ ਘੇਰ ਲਿਆ। ਇੱਥੇ ਪੈਲੇਸ ਨੇੜੇ ਹੀ ਅਕਾਲੀ ਵਰਕਰਾਂ ਤੇ ਕਿਸਾਨਾਂ ਵਿਚਕਾਰ ਹਲਕੀ ਝੜਪ ਵੀ ਹੋਈ, ਜਿਸ ਵਿਚ ਚਾਰ ਗੱਡੀਆਂ ਨੁਕਸਾਨੀਆਂ ਗਈਆਂ। ਮਾਹੌਲ ਤਣਾਅਪੂਰਣ ਹੁੰਦਾ ਦੇਖ ਕੇ ਭਾਰੀ ਗਿਣਤੀ ’ਚ ਪੁਲੀਸ ਫੋਰਸ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਨੇ ਕਿਸਾਨ ਆਗੂਆਂ ਨੂੰ ਸਮਝਾ ਕੇ ਮਾਮਲਾ ਸੁਲਝਾਇਆ।

ਇਸ ਤੋਂ ਪਹਿਲਾਂ ਸ੍ਰੀ ਬਾਦਲ ਅੱਜ ਸਵੇਰੇ 11 ਵਜੇ ਦੇ ਕਰੀਬ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪੁੱਜੇ। ਹਲਕੇ ਦੇ ਅਕਾਲੀ ਆਗੂਆਂ ਪਰਮਜੀਤ ਸਿੰਘ ਢਿੱਲੋਂ, ਜਥੇਦਾਰ ਸੰਤਾ ਸਿੰਘ ਉਮੈਦਪੁਰ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਮੈਨੇਜਰ ਸਰਬਦਿਆਲ ਸਿੰਘ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਰਕਲ ਜਥੇ. ਕੁਲਦੀਪ ਸਿੰਘ ਜਾਤੀਵਾਲ, ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ, ਰੁਪਿੰਦਰ ਸਿੰਘ ਬੈਨੀਪਾਲ ਆਦਿ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਪਰੰਤ ਸੁਖਬੀਰ ਬਾਦਲ ਅਕਾਲੀ ਆਗੂਆਂ ਤੇ ਵਰਕਰਾਂ ਸਮੇਤ ਨਵੀਂ ਅਨਾਜ ਮੰਡੀ ਲੱਖੋਵਾਲ ਕਲਾਂ ਪੁੱਜੇ। ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਹਲਕਾ ਵਾਰ ਸੂਬੇ ਦੇ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਸ ਤਹਿਤ ਉਹ ਅੱਜ 7ਵੇਂ ਹਲਕੇ ਸਮਰਾਲਾ ’ਚ ਪਹੁੰਚੇ ਹਨ।

ਉਨ੍ਹਾਂ ਕਾਂਗਰਸ ਪਾਰਟੀ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਸਾਢੇ 4 ਸਾਲ ਘਰੋਂ ਨਹੀਂ ਨਿਕਲੇ ਅਤੇ ਆਪਣੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਖ਼ਜ਼ਾਨੇ ਦੀ ਕਥਿਤ ਦੁਰਵਰਤੋ ਕੀਤੀ ਹੈ, ਜਿਸ ਦਾ ਉਹ ਆਪਣੀ ਸਰਕਾਰ ਆਉਣ ’ਤੇ ਇੱਕ-ਇੱਕ ਪੈਸੇ ਦਾ ਹਿਸਾਬ ਲੈਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਬੜੇ ਸੋਚ ਵਿਚਾਰ ਤੋਂ ਬਾਅਦ ਹੀ ਪੰਜਾਬ ਦੇ ਲੋਕਾਂ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ। ਇਸ ਮੌਕੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ, ਦਵਿੰਦਰ ਸਿੰਘ ਬਵੇਜਾ, ਬਲਜਿੰਦਰ ਸਿੰਘ ਸ਼ੈਂਕੀ, ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਅਰਵਿੰਦਰਪਾਲ ਸਿੰਘ ਵਿੱਕੀ, ਚਰਨਜੀਤ ਸਿੰਘ ਲੱਖੋਵਾਲ, ਕੌਂਸਲਰ ਮਨੀ ਬਰਾੜ, ਕੌਂਸਲਰ ਸੂਰਜ ਕੁਮਾਰ, ਨਰਿੰਦਰ ਧਨੋਆ, ਦਲਜੀਤ ਸਿੰਘ ਬੁੱਲੇਵਾਲ, ਮਨਜੀਤ ਸਿੰਘ ਇਰਾਕ, ਜਗਦੀਪ ਸਿੰਘ ਝੱਜ, ਦੇਸਰਾਜ ਸਿੰਘ ਰਹੀਮਾਬਾਦ, ਕਰਮਜੀਤ ਸਿੰਘ ਗਰੇਵਾਲ, ਉਪਜਿੰਦਰ ਸਿੰਘ ਔਜਲਾ, ਭੁਪਿੰਦਰ ਸਿੰਘ ਕਾਹਲੋਂ ਆਦਿ ਮੌਜੂਦ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਤਵਾਜ਼ੀ ਜਥੇਦਾਰ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤਲਬ
Next articleਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਕਰਨਾਲ ਲਾਠੀਚਾਰਜ ਖਿਲਾਫ਼ ਗੁੱਸਾ ਵਧਿਆ