ਹਲਕੇ ਦਾ ਸਮੁੱਚਾ ਯੂਥ ਨਾਨਕਪੁਰ ਦੀ ਪਿੱਠ ਤੇ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਫਰਵਰੀ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਜਿੱਥੇ ਅੱਧੀ ਦਰਜਨ ਦੇ ਕਰੀਬ ਆਗੂ ਪਾਰਟੀ ਹਾਈਕਮਾਂਡ ਅੱਗੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਉੱਥੇ ਹੀ ਹਲਕੇ ਨਾਲ਼ ਸੰਬੰਧਿਤ ਦੋ ਦਰਜਨ ਦੇ ਕਰੀਬ ਯੂਥ ਅਕਾਲੀ ਦਲ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿੱਚ ਜੋਗਾ ਸਿੰਘ ਕਾਲੇਵਾਲ, ਸਤਨਾਮ ਸਿੰਘ ਰਾਮੇ, ਮਲਕੀਤ ਸਿੰਘ ਚੰਦੀ, ਭੁਪਿੰਦਰ ਸਿੰਘ ਮਾਛੀਜੋਆ, ਹਰਮਿੰਦਰ ਸਿੰਘ ਬੱਬੂ ਪੰਡੋਰੀ, ਅਮਰਜੀਤ ਸਿੰਘ ਖਿੰਡਾ, ਹਰਮਿੰਦਰ ਸਿੰਘ ਭਵਾਨੀਪੁਰ, ਸਵਰਨਦੀਪ ਸਿੰਘ ਪੱਡਾ ਖੀਰਾਂਵਾਲੀ, ਸਿਮਰਜੀਤ ਸਿੰਘ ਸੈਦਪੁਰ, ਜਸਵਿੰਦਰ ਸਿੰਘ ਮੰਗੂਪੁਰ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ ਆਦਿ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਪਾਰਟੀ ਹਾਈਕਮਾਂਡ ਤੋਂ ਜੋਰਦਾਰ ਮੰਗ ਕਰਦਿਆਂ ਕਿਹਾ ਕਿ ਜੇ ਹਲਕਾ ਸੁਲਤਾਨਪੁਰ ਲੋਧੀ ਦੀ ਪੰਥਕ ਸੀਟ ਉਪਰ ਮੁੜ ਸ੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਧੜੱਲੇਦਾਰ ਅਤੇ ਸੁਲਝੇ ਹੋਏ ਯੂਥ ਆਗੂ ਸੁਖਦੇਵ ਸਿੰਘ ਨਾਨਕਪੁਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ 60 ਫੀਸਦੀ ਦੇ ਕਰੀਬ ਨੌਜਵਾਨ ਵੋਟਰ ਹੈ ਅਤੇ ਇਹ ਵਰਗ ਹਮੇਸ਼ਾ ਉਮੀਦਵਾਰ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਬਿਨਾਂ ਕਿਸੇ ਡਰ ਦੇ ਸੇਵਾ ਕੀਤੀ ਹੈ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਸਮੇਂ-ਸਮੇਂ ਤੇ ਸੌਂਪੀਆਂ ਗਈਆਂ ਸੇਵਾਵਾਂ ਨੂੰ ਬਾਖੂਬੀ ਨਿਭਾਇਆ ਹੈ।ਅੱਜ ਹਲਕੇ ਦਾ ਯੂਥ ਉਨ੍ਹਾਂ ਦੀ ਪਿੱਠ ਤੇ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਔਖੇ ਸਮੇਂ ਵੀ ਸੁਖਦੇਵ ਸਿੰਘ ਨਾਨਕਪੁਰ ਸ਼੍ਰੋਮਣੀ ਅਕਾਲੀ ਦਲ ਲਈ ਡੱਟ ਕੇ ਖੜ੍ਹੇ ਰਹੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly