ਪੰਜਾਬ ਦੀ ਮੁੱਖ ਸਕੱਤਰ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਜਲਦੀ ਸ਼ੁਰੂਆਤ ਲਈ ਹਫ਼ਤਾਵਾਰੀ ਸਮੀਖਿਆ ਸ਼ੁਰੂ

ਚੰਡੀਗੜ੍ਹ (ਸਮਾਜ ਵੀਕਲੀ): ਨਿਊ ਚੰਡੀਗੜ੍ਹ (ਮੁਹਾਲੀ) ਵਿੱਚ ਮੈਡੀਸਿਟੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੂੰ ਛੇਤੀ ਸ਼ੁਰੂ ਕਰਨ ਲਈ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਪ੍ਰਾਜੈਕਟ ਦੀ ਹਫ਼ਤਾਵਾਰੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਸਾਰੇ ਭਾਈਵਾਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਅਤਿ ਆਧੁਨਿਕ ਕੇਂਦਰ ਨੂੰ ਨਵੰਬਰ ਤੱਕ ਚਾਲੂ ਕਰ ਦਿੱਤਾ ਜਾਵੇ। ਮੁੱਖ ਸਕੱਤਰ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਡਾ. ਆਰਏ ਬਡਵੇ, ਪ੍ਰਮੁੱਖ ਸਕੱਤਰ ਸਿਹਤ ਅਤੇ ਮੈਡੀਕਲ ਸਿੱਖਿਆ ਅਲੋਕ ਸ਼ੇਖਰ, ਪੀਡਬਲਿਊਡੀ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਨਾਲ ਇਥੇ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਸਨ। ਮੁੱਖ ਸਕੱਤਰ ਨੇ ਪੀਜੀਆਈ ਚੰਡੀਗੜ੍ਹ ਨੇੜੇ ਬਣਨ ਵਾਲੇ ਇਸ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਇਸ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਪਿਛਲੇ ਹਫਤੇ ਮੌਕੇ ਦਾ ਦੌਰਾ ਕੀਤਾ ਸੀ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸੀ-ਵਿੰਗ ਦੇ ਸਾਰੇ ਬਕਾਇਆ ਕੰਮ 15 ਸਤੰਬਰ ਤੋਂ ਪਹਿਲਾਂ ਮੁਕੰਮਲ ਕੀਤੇ ਜਾਣਗੇ ਤਾਂ ਜੋ ਰੇਡੀਓਲੋਜੀ ਉਪਕਰਨਾਂ ਨੂੰ ਲਾਇਆ ਜਾ ਸਕੇ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਡੀ-ਵਿੰਗ ਵਿੱਚ ਲਿਨਾਕ ਮਸ਼ੀਨ ਦੀ ਸਥਾਪਨਾ 3 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਹਸਪਤਾਲ ਅਤੇ ਦਫ਼ਤਰ ਦੇ ਵੱਖ-ਵੱਖ ਫ਼ਰਨੀਚਰ ਸਬੰਧੀ ਵੀ ਜਾਣਕਾਰੀ ਲਈ।

ਡਾ. ਆਰਏ ਬਡਵੇ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਫਰਨੀਚਰ ਅਤੇ ਹੋਰ ਉਪਕਰਣਾਂ ਦੀ ਖਰੀਦ ਪ੍ਰਗਤੀ ਅਧੀਨ ਹੈ ਤੇ ਸਭ ਕੁੱਝ ਤੈਅ ਸਮੇ ਵਿੱਚ ਹੋ ਜਾਵੇਗਾ। 663.74 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਲਾਗਤ ਨਾਲ ਸਥਾਪਤ ਕੀਤੇ ਜਾ ਰਹੇ ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਵੱਲੋਂ 50 ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਗਈ ਹੈ। ਇਹ ਕੈਂਸਰ ਕੇਅਰ ਸੈਂਟਰ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਜਿਵੇਂ ਦੋ ਲੀਨੀਅਰ ਐਕਸਲਰੇਟਰ, ਪੀਈਸੀਟੀ ਸੀਟੀ, ਬੋਨ ਮੈਰੋ ਟ੍ਰਾਂਸਪਲਾਂਟ (ਬੀਐੱਮਟੀ), ਸੀਟੀ ਸਿਮੂਲੇਟਰ, ਐੱਮਆਰ ਸਿਮੂਲੇਟਰ, ਇੰਟਰਵੈਂਸ਼ਨਲ ਰੇਡੀਓਲੋਜੀ ਅਤੇ ਸਰਜੀਕਲ ਸਹੂਲਤਾਂ ਨਾਲ ਲੈਸ ਹੋਵੇਗਾ।

ਇਸ ਮੌਕੇ ਐੱਮਡੀ ਪੀਐੱਚਐੱਸਸੀ ਤਨੂ ਕਸ਼ਯਪ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਡਾ. ਸੁਜਾਤਾ ਸ਼ਰਮਾ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ, ਐੱਚਬੀਸੀਐੱਚ ਐਂਡ ਆਰਸੀ ਇੰਚਾਰਜ ਅਧਿਕਾਰੀ ਡਾ. ਅਸ਼ੀਸ਼ ਗੁਲੀਆ, ਸਹਾਇਕ ਮੈਡੀਕਲ ਸੁਪਰਡੈਂਟ ਐੱਚਬੀਸੀਐੱਚ ਐਂਡ ਆਰਸੀ ਡਾ. ਨਿਤਿਨ ਮਰਾਠੇ, ਐੱਸਪੀਸੀਐੱਲ ਦੇ ਮੁਖੀ ਐੱਸ. ਦੀਕਸ਼ਿਤ, ਏਜੀਐੱਮ ਐੱਸਪੀਸੀਐੱਲ ਡਾ. ਗੁਰਪ੍ਰੀਤ ਮਾਨ ਮੌਜੂਦ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੋਕੀਓ ਪੈਰਾਲੰਪਿਕਸ: ਭਾਰਤ ਦੇ ਨਿਸ਼ਾਦ ਨੇ ਉੱਚੀ ਛਾਲ ’ਚ ਚਾਂਦੀ ਦਾ ਤਗਮਾ ਜਿੱਤਿਆ
Next articleਅਟਾਰੀ: ਕਰੋਨਾ ਕਾਰਨ ਭਾਰਤ ’ਚ ਫਸੇ 90 ਪਾਕਿਸਤਾਨੀ ਹਿੰਦੂ ਯਾਤਰੀ ਵਤਨ ਪਰਤੇ