ਸੋਮਨਾਥ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਿੰਸਕ ਤਾਕਤਾਂ ਤੇ ਲੋਕ, ਜੋ ਅਤਿਵਾਦ ਰਾਹੀਂ ਸਾਮਰਾਜ ਕਾਇਮ ਕਰਨ ਦੀ ਵਿਚਾਰਧਾਰਾ ਦੇ ਹਾਮੀ ਹਨ, ਉਹ ਕੁਝ ਦੇਰ ਲਈ ਤਾਂ ਹਾਵੀ ਹੋ ਸਕਦੇ ਹਨ, ਪਰ ਉਨ੍ਹਾਂ ਦੀ ਹੋਂਦ ਸਥਾਈ ਨਹੀਂ ਹੈ ਕਿਉਂਕਿ ਉਹ ਮਨੁੱਖਤਾ ਨੂੰ ਹਮੇਸ਼ਾ ਲਈ ਨਹੀਂ ਦਬਾ ਸਕਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤੀ ਲੋਕਾਂ ਦਾ ਅਧਿਆਤਮਕ ਮਨ ਹੈ ਜਿਸ ਨੇ ਮੁਲਕ ਨੂੰ ਸਦੀਆਂ ਤੋਂ ਇਕ ਕਰ ਕੇ ਰੱਖਿਆ ਹੋਇਆ ਹੈ।
ਗੁਜਰਾਤ ਵਿਚ ਇਕ ਸਮਾਗਮ ਨੂੰ ਆਨਲਾਈਨ ਸੰਬੋਧਨ ਕਰਦਿਆਂ ਉਨ੍ਹਾਂ ਅੱਜ ‘ਅਧਿਆਤਮਕ ਸੈਰ-ਸਪਾਟੇ’ ਨੂੰ ਹੁਲਾਰਾ ਦੇਣ ਦਾ ਸੱਦਾ ਦਿੱਤਾ। ਮੋਦੀ ਨੇ ਅੱਜ ਗੁਜਰਾਤ ਦੇ ਗਿਰ-ਸੋਮਨਾਥ ਜ਼ਿਲ੍ਹੇ ਵਿਚ ਸਥਿਤ ਪ੍ਰਸਿੱਧ ਸੋਮਨਾਥ ਮੰਦਰ ’ਚ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਮੋਦੀ ਨੇ ਕਿਹਾ ਕਿ ਇਹ ਮੰਦਰ ਗੁਜ਼ਰੀਆਂ ਸਦੀਆਂ ਵਿਚ ਕਈ ਵਾਰ ਢਾਹ ਦਿੱਤਾ ਗਿਆ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਵੀ ਬੇਅਦਬੀ ਕੀਤੀ ਗਈ। ਮੰਦਰ ਦੀ ਹੋਂਦ ਮਿਟਾਉਣ ਲਈ ਕਾਫ਼ੀ ਯਤਨ ਕੀਤੇ ਗਏ ਪਰ ਇਹ ਆਪਣੇ ਪਹਿਲਾਂ ਵਾਲੇ ਸ਼ਾਨਦਾਰ ਸਰੂਪ ਵਿਚ ਪਰਤਦਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੰਦਰ ਪੂਰੇ ਸੰਸਾਰ ਨੂੰ ਇਕੋ ਸੁਨੇਹਾ ਦਿੰਦਾ ਹੈ ਕਿ ‘ਸੱਚ ਨੂੰ ਝੂਠ ਘੜ ਕੇ ਹਰਾਇਆ ਨਹੀਂ ਜਾ ਸਕਦਾ, ਤੇ ਆਸਥਾ ਨੂੰ ਅਤਿਵਾਦ ਨਾਲ ਦਬਾਇਆ ਨਹੀਂ ਜਾ ਸਕਦਾ।’
ਉਨ੍ਹਾਂ ਕਿਹਾ ਕਿ ਇਹ ਗੱਲਾਂ ਵਰਤਮਾਨ ਸਮੇਂ ’ਚ ਵੀ ਸੱਚ ਹੀ ਹਨ ਹਾਲਾਂਕਿ ਦੁਨੀਆ ਨੂੰ ਖ਼ਦਸ਼ੇ ਹਨ ਕਿਉਂਕਿ ਕੁਝ ਲੋਕ ਹਿੰਸਕ ਵਿਚਾਰਧਾਰਾ ਦੇ ਧਾਰਨੀ ਹਨ ਤੇ ਹਾਵੀ ਹੋ ਰਹੇ ਹਨ। ਭਾਰਤੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਅਫ਼ਗਾਨਿਸਤਾਨ ਦੀ ਸਥਿਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਉਤੇ ਤਾਲਿਬਾਨ ਨੇ ਹਾਲ ਹੀ ਵਿਚ ਕਬਜ਼ਾ ਕਰ ਲਿਆ ਹੈ। ਇਸ ਸਮਾਗਮ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਮੋਦੀ ਨੇ ਇਸ ਮੌਕੇ ਸਰਦਾਰ ਵੱਲਭਭਾਈ ਪਟੇਲ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੀ ਵਰਤਮਾਨ ਸੋਮਨਾਥ ਮੰਦਰ ਨੂੰ ਉਸਾਰਨ ਵਿਚ ਅਹਿਮ ਭੂਮਿਕਾ ਰਹੀ। ਉਨ੍ਹਾਂ ਇਸ ਮੌਕੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly