ਚੰਡੀਗੜ੍ਹ (ਸਮਾਜ ਵੀਕਲੀ): ਕਾਬੁਲ ਦੇ ਗੁਰਦੁਆਰੇ ਕਰਤੇ ਪਰਵਾਨ (ਅਰਥ : ਜੋ ਕਰਤਾ ਪੁਰਖ ਨੂੰ ਮਨਜ਼ੂਰ ਹੋਏ। ਇਸ ਦਾ ਉਚਾਰਨ ‘ਕਾਰਤੇ ਪਰਵਾਨ’ ਵੀ ਕੀਤਾ ਜਾਂਦਾ ਹੈ) ਵਿਚ ਲਗਭਗ 270 ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਸ਼ਰਨ ਲਈ ਹੋਈ ਹੈ। ਵੱਖ ਵੱਖ ਸਰੋਤ ਪਰਿਵਾਰਾਂ ਦੀ ਗਿਣਤੀ ਵੱਖਰੀ ਵੱਖਰੀ ਦੱਸ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਗਭਗ 50 ਹਿੰਦੂ ਮਰਦ, ਔਰਤਾਂ ਅਤੇ ਬੱਚੇ ਵੀ ਇਸ ਗੁਰਦੁਆਰੇ ਵਿਚ ਰਹਿ ਰਹੇ ਹਨ। ਦਿੱਲੀ ਵਿਚ ਇਸ ਵੇਲੇ ਲਗਭਗ 15,000 ਅਫ਼ਗਾਨੀ ਸਿੱਖ ਰਹੇ ਹਨ। ਜਨਕਪੁਰੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰਾ, ਜਿਸ ਨੂੰ ਕਾਬੁਲੀ ਗੁਰਦੁਆਰਾ ਵੀ ਕਿਹਾ ਜਾਂਦਾ ਹੈ, ਵਿਚ ਰੋਜ਼ ਸੰਗਤ ਜੁੜਦੀ ਅਤੇ ਉਹ ਅਫ਼ਗ਼ਾਨਿਸਤਾਨ ਵਿਚ ਫਸੇ ਸਿੱਖਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ।
ਅਫ਼ਗਾਨੀ ਸਿੱਖਾਂ ਦੇ ਆਗੂ ਸਰਦਾਰ ਪਰਤਾਪ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਫ਼ਗ਼ਾਨਿਸਤਾਨ ਵਿਚ ਇਸ ਵੇਲੇ 300 ਤੋਂ ਉਪਰ ਸਿੱਖ ਬਾਹਰ ਆਉਣ ਦੀ ਉਡੀਕ ਕਰ ਰਹੇ ਹਨ। ਕੁਝ ਹੋਰ ਸਰੋਤਾਂ ਅਨੁਸਾਰ ਪੂਰੇ ਅਫ਼ਗ਼ਾਨਿਸਤਾਨ ਵਿਚ ਲਗਭਗ 650 ਸਿੱਖ ਫਸੇ ਹੋਏ ਹਨ। ਲਗਭਗ 50 ਸਾਲ ਪਹਿਲਾਂ (1970 ਵਿਚ) ਅਫ਼ਗ਼ਾਨਿਸਤਾਨ ਵਿਚ ਸਿੱਖਾਂ ਦੀ ਗਿਣਤੀ ਦੋ ਲੱਖ ਤੋਂ ਜ਼ਿਆਦਾ ਸੀ। ਅਫ਼ਗ਼ਾਨਿਸਤਾਨ ਵਿਚ 1979 ਬਾਅਦ ਮਰਦਮਸ਼ੁਮਾਰੀ ਨਹੀਂ ਹੋਈ ਅਤੇ ਕਈ ਸਰੋਤ ਇਹ ਗਿਣਤੀ 4 ਤੋਂ 5 ਲੱਖ ਤਕ ਵੀ ਦੱਸਦੇ ਹਨ। ਗੁਰੂ ਨਾਨਕ ਦੇਵ ਜੀ ਨੇ ਅਫ਼ਗ਼ਾਨਿਸਤਾਨ ਦੀ ਯਾਤਰਾ ਕੀਤੀ ਸੀ ਅਤੇ ਉਨ੍ਹਾਂ ਦੀ ਯਾਦਗਾਰ ਵਜੋਂ ਅਫ਼ਗ਼ਾਨਿਸਤਾਨ ਵਿਚ ਕਈ ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਜਲਾਲਾਬਾਦ ਦਾ ਸ੍ਰੀ ਗੁਰੂ ਨਾਨਕ ਦਰਬਾਰ ਹੈ। ਸਿੱਖਾਂ ਦੀ ਵੱਡੀ ਗਿਣਤੀ ਕਾਬੁਲ, ਜਲਾਲਾਬਾਦ, ਗਜ਼ਨੀ, ਹੇਰਾਤ ਅਤੇ ਕੰਧਾਰ ਵਿਚ ਰਹਿੰਦੀ ਸੀ।
ਅਫ਼ਗ਼ਾਨਿਸਤਾਨ ਵਿਚ 50 ਤੋਂ ਜ਼ਿਆਦਾ ਗੁਰਦੁਆਰੇ ਸਨ। 1979 ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਦੇ ਅਫ਼ਗ਼ਾਨਿਸਤਾਨ ਵਿਚ ਦਾਖ਼ਲ ਹੋਣ ਤੋਂ ਬਾਅਦ ਇਲਾਕਾਈ ਸਰਦਾਰਾਂ (Warlords) ਨੇ ਘੱਟਗਿਣਤੀ ਫ਼ਿਰਕਿਆਂ ’ਤੇ ਹਮਲੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਛੱਡਣਾ ਪਿਆ। 1989 ਦੀ ਜਲਾਲਾਬਾਦ ਦੀ ਜੰਗ ਵਿਚ ਬਹੁਤ ਸਾਰੇ ਗੁਰਦੁਆਰੇ ਤਬਾਹ ਕਰ ਦਿੱਤੇ ਗਏ। ਉਨ੍ਹਾਂ ਦੇ ਘਰ ਲੁੱਟੇ ਗਏ, ਕਤਲੇਆਮ ਹੋਇਆ ਤੇ ਔਰਤਾਂ ਨਾਲ ਜਬਰ-ਜਨਾਹ ਕੀਤਾ ਗਿਆ। 1992 ਵਿਚ ਕਮਿਊਨਿਸਟ ਹਕੂਮਤ ਖ਼ਤਮ ਹੋਣ ਬਾਅਦ ਗ੍ਰਹਿ ਯੁੱਧ ਹੋਰ ਤੇਜ਼ ਹੋਇਆ ਅਤੇ ਸਿੱਖਾਂ ਤੇ ਹਿੰਦੂਆਂ ’ਤੇ ਹਮਲੇ ਹੋਰ ਵਧੇ। 1996 ਵਿਚ ਤਾਲਿਬਾਨ ਦੇ ਤਾਕਤ ਵਿਚ ਆਉਣ ਨਾਲ ਘੱਟਗਿਣਤੀ ਫ਼ਿਰਕਿਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। 2001 ਵਿਚ ਅਮਰੀਕਾ ਤੇ ਨਾਟੋ ਦੀਆਂ ਫ਼ੌਜਾਂ ਦਾ ਪ੍ਰਵੇਸ਼ ਵੀ ਇਨ੍ਹਾਂ ਹਮਲਿਆਂ ਨੂੰ ਰੋਕ ਨਾ ਸਕਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly