(ਸਮਾਜ ਵੀਕਲੀ)- ਲਾਈਲੱਗ ਜਾਂ ਕੰਨਾਂ ਦਾ ਕੱਚਾ ਵਿਅਕਤੀ ਆਪਣਾ ਦਿਮਾਗ ਕਦੇ ਵੀ ਨਹੀਂ ਵਰਤਦਾ । ਉਹ ਬਿਨਾਂ ਸੋਚੇ ਸਮਝੇ ਹੀ ਹਰ ਕਿਸੇ ਦੀਆਂ ਗੱਲਾਂ ਚ ਆ ਜਾਂਦਾ ਹੈ । ਉਹ ਹਮੇਸ਼ਾ ਇਹ ਮੰਨਕੇ ਚੱਲਦਾ ਹੈ ਕਿ ਜੋ ਕੁੱਜ ਵੀ ਕਿਸੇ ਦੂਸਰੇ ਵੱਲੋਂ ਉਸ ਦੇ ਕੰਨਾਂ ਚ ਕਾਨਾਫੂਸੀ ਕਰਕੇ ਭਰਿਆ ਜਾ ਰਿਹਾ ਹੈ, ਉਹ ਸੌ ਫੀਸਦੀ ਸੱਚ ਹੈ ਤੇ ਫਿਰ ਬਿਨਾ ਕਿਸੇ ਜਾਂਚ ਪੜਤਾਲ ਕੀਤਿਆਂ ਉਹ ਉਸ ਅੰਨ੍ਹੇਵਾਹ ਮੰਨੇ ਹੋਏ ਸੱਚ ਨੂੰ ਅੱਗੇ ਦਰ ਅਗੇਰੇ ਵੰਡਦਾ ਜਾਂਦਾ ਹੈ ਕਿਉਂਕਿ ਉਸ ਲਾਈਲੱਗਤਾ ਨੂੰ ਹਜ਼ਮ ਕਰ ਸਕਣਾ, ਉਸ ਦੇ ਉਕਾ ਹੀ ਵੱਸ ਦੀ ਗੱਲ ਨਹੀਂ ਹੁੰਦੀ । ਉਹ ਮਿੰਟੋ ਮਿੰਟੀ ਤਾਰਾਂ ਖੜਕਾ ਕੇ ਏਧਰਲੀਆਂ ਉੰਧਰ ਤੇ ਉਧਰਲੀਆ ਏਧਰ ਕਰਦਾ ਹੈ ਤੇ ਆਪਣੇ ਪੇਟ ਚ ਪਏ ਲਾਈਲੱਗਤਾ ਦੇ ਫਾਰੇ ਦੀ ਗੈਸ ਦਾ ਗੁਬਾਰ ਦੂਰ ਕਰਦਾ ਹੈ ।
ਉਂਜ ਤਾਂ ਲਾਈਲੱਗ ਹੋਣਾ ਚੁਗ਼ਲਖ਼ੋਰਾਂ ਦੀ ਹੀ ਇਕ ਸ਼੍ਰੇਣੀ ਹੈ , ਪਰ ਇਸ ਦਾ ਚੁਗ਼ਲਖ਼ੋਰਾਂ ਨਾਲ਼ੋਂ ਵੱਡਾ ਤੇ ਬੁਨਿਆਦੀ ਅੰਤਰ ਇਹ ਹੁੰਦਾ ਹੈ ਕਿ ਚੁਗ਼ਲਖ਼ੋਰ, ਚੁਗ਼ਲੀ ਕਰਦੇ ਸਮੇਂ ਜਿੱਥੇ ਆਪਣੇ ਕੋਲੋਂ ਚਾਰ ਗੱਲਾਂ ਹੋਰ ਜੋੜਕੇ ਖੰਭਾਂ ਦੀਆਂ ਡਾਰਾਂ ਬਣਾ ਦਿੰਦੇ ਹਨ, ਉੱਥੇ ਲਾਈਲੱਗ ਇਸ ਤਰਾਂ ਨਹੀਂ ਕਰਦੇ । ਉਹ ਤਾਂ ਬਸ ਦਾਸ ਦੇ ਚੇਲੇ ਹੁੰਦੇ ਹਨ, ਜੋ ਕਿਸੇ ਨੇ ਸੱਚਾ ਝੂਠਾ ਦੱਸਿਆ, ਉਸ ਨੂੰ ਹੀ ਸੱਤ ਬਚਨ ਕਹਿਕੇ ਲੜ ਬੰਨ੍ਹ ਲੈਂਦੇ ਹਨ ਤੇ ਫਿਰ ਅੱਗੇ ਪ੍ਰਸ਼ਾਦ ਵਾਂਗ ਵੰਡਣਾ ਸ਼ੁਰੂ ਕਰ ਦਿੰਦੇ ਹਨ । ਇਹ ਵੰਡਣ ਵੰਡਾਉਣ ਦਾ ਕਾਰਜ ਜੋ ਪਹਿਲੀਆਂ ਚ ਗਲੀ ਮਹੱਲੇ ‘ਤੇ ਪਿੰਡ ਦੀਆ ਸੱਥਾਂ ਚ ਚੱਲਦਾ ਹੁੰਦਾ ਸੀ ਅੱਜ-ਕੱਲ੍ਹ ਟੈਲੀਫੂਨ ਦੀਆਂ ਤਾਰਾਂ ਦੇ ਨਾਲ ਨਾਲ ਸ਼ੋਸ਼ਲ ਮੀਡੀਏ ਵਿੱਚ ਵੀ ਤੈਰ ਰਿਹਾ ਹੈ ।
ਸਿਆਣੇ ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਮੂੰਹ ਰਾਹੀਂ ਜ਼ਹਿਰ ਦਿੱਤਾ ਜਾਵੇ ਤਾਂ ਸਿਰਫ ਉਸ ਦੀ ਹੀ ਮੌਤ ਹੋਵੇਗੀ ਪਰ ਜੇਕਰ ਜ਼ਹਿਰ ਸ਼ਬਦਾਂ ਦੇ ਰੂਪ ਚ ਕੰਨਾਂ ਚ ਭਰਿਆ ਜਾਵੇ ਤਾਂ ਇਸ ਦਾ ਨੁਕਸਾਨ ਜਿੱਥੇ ਵੱਡਾ ਹੁੰਦਾ ਹੈ, ਉੱਥੇ ਬਹੁਤ ਘਾਤਕ ਵੀ ।
ਪੰਜਾਬੀ ਚ ਇਕ ਅਖਾਣ ਹੈ ਕਿ “ਲਾਈਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗੁਆਂਢ ਨਾ ਹੋਵੇ ।” ਦਰਅਸਲ ਇਹ ਅਖਾਣ ਦੋਵੇਂ ਮਾਮਲਿਆਂ ਚ ਸੌ ਫੀਸਦੀ ਸੱਚ ਹੈ । ਗੁਆਂਢ ਬਾਰੇ ਸਿਆਣੇ ਕਹਿੰਦੇ ਹਨ ਕਿ “ਕੁੜਮ ਬੇਸ਼ੱਕ ਮਾੜੇ ਹੋਣ ਪਰ ਗੁਆਂਢ ਮਾੜਾ ਨਾ ਹੋਵੇ “ ਜੇਕਰ ਕਿਸੇ ਔਰਤ ਦਾ ਘਰ ਵਾਲਾ ਲਾਈਲੱਗ ਹੋਵੇ ਤਾਂ ਬਹੁਤੀ ਵਾਰ ਘਰ ਦੀਆ ਦੋ ਔਰਤਾਂ ਦਾ ਜੀਵਨ ਨਰਕ ਬਣ ਜਾਂਦਾ ਹੈ, ਨੂੰਹ ਤੇ ਸੱਸ ਦੀ ਆਪਸ ਵਿੱਚ ਅਕਸਰ ਹੀ ਖੜਕਦੀ ਕਹਿੰਦੀ ਹੈ ਤੇ ਜੇਕਰ ਸਾਂਝਾ ਪਰਿਵਾਰ ਹੋਵੇ ਤਾਂ ਛੇਤੀਂ ਨੌਬਤ ਵੰਡ ਵੰਡਾਈਏ ਤੱਕ ਪਹੁੰਚ ਜਾਂਦੀ ਹੈ, ਜਿਸ ਕਾਰਨ ਚੰਗੇ ਭਲੇ ਘਰ ਟੁੱਟਕੇ ਬਿਖਰ ਜਾਂਦੇ ਹਨ । ਏਹੀ ਕੁੱਜ ਸਾਹਿਤਕ ਤੇ ਸਮਾਜਿਕ ਜਥੇਬੰਦੀਆ ਚ ਹੁੰਦਾ ਹੈ ਕਿਉਂਕਿ ਕੰਨਾ ਦੇ ਕੱਚੇ ਇਹਨਾ ਵਿੱਚ ਵੀ ਬਹੁਤ ਹੁੰਦੇ ਹਨ ਤੇ ਕਾਨਾਫੂਸੀ ਚਲਦੀ ਹੀ ਰਹਿੰਦੀ ਹੈ ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਲਾਈਲਗਤਾ ਇਕ ਮਾਨਸਿਕ ਰੋਗ ਹੈ । ਇਹ ਉਹ ਰੋਗ ਹੈ ਜਿਸ ਰਾਹੀਂ ਪੀੜਤ ਡਰ ਫੋਬੀਏ ਦਾ ਸ਼ਿਕਾਰ ਹੋ ਕੇ ਬਾਹਰੋਂ ਸੁਣੀਆ ਸੁਣਾਈਆ ਗੱਲਾਂ ਮੁਤਾਬਿਕ ਜਿੱਥੇ ਘਬਰਾਹਟ ਵਸ, ਬਿਨਾਂ ਸੋਚੇ ਸਮਝੇ ਆਪਣਾ ਦੂਸਰਿਆਂ ਪ੍ਰਤੀ ਵਿਵਹਾਰ ਗਿਰਗਟ ਦੀ ਤਰਾਂ ਬਦਲਦਾ ਰਹਿੰਦਾ ਹੈ, ਉਥੇ ਸ਼ੱਕ, ਵਹਿਮ ਜਾਂ ਭਰਮ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜ ਅੰਗ ਬਣਾ ਕੇ ਘਬਰਾਹਟ ਤੇ ਮਾਨਸਿਕ ਦਬਾਅ ਚੋਂ ਵਿਚਰਨ ਦਾ ਆਦੀ ਹੋ ਕੇ ਹੋਰ ਬਹੁਤ ਸਾਰੀਆਂ ਮਾਨਸਿਕ ਤੇ ਸ਼ਰੀਰਕ ਬਿਮਾਰੀਆਂ, ਸ਼ੂਗਰ, ਬਵੱਡ ਪਰੈਸ਼ਰ, ਡਿਮੈਂਸ਼ੀਆ, ਡਿਸਲੈਕਸੀਆ, ਡਿਪਰੈਸ਼ਨ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ ।
ਲਾਈਲੱਗ ਭਰੋਸੇ ਦਾ ਧਨੀ ਹੁੰਦਾ ਹੈ । ਉਹ ਹਰ ਜਣੇ ਖਣੇ, ਦੁੱਕੀ ਤਿੱਕੀ ਕੇ ਨੱਥੂ ਖੈਰੇ ਦੀਆਂ ਗੱਲਾਂ ‘ਤੇ ਆਪਣੀ ਅਕਲ ਤੇ ਸੋਚ ਦੀਆਂ ਖਿੜਕੀਆਂ ਬੰਦ ਕਰਕੇ ਭਰੋਸਾ ਕਰਦਾ ਹੈ, ਜਿਸ ਕਾਰਨ ਉਸ ਦੇ ਵਿਵਹਾਰ ਵਿੱਚ ਤਬਦੀਲੀਆਂ ਦੀ ਗਤੀ ਪਾਰੇ ਵਾਂਗ ਬੜੀ ਤੇਜ਼ ਤੇ ਅਸਹਿਜ ਹੁੰਦੀ ਹੈ । ਮਿਸਾਲ ਵਜੋਂ ਪਹਿਲਾਂ ਜਿਸ ਵਿਅਕਤੀ ਦੀਆ ਤਾਰੀਫ਼ਾਂ ਦੇ ਪੁਲ ਬੰਨ੍ਹਦਾ ਰਿਹਾ ਹੋਵੇ, ਉਸ ਸੰਬੰਧੀ ਕੰਨ ਚ ਪਈ ਚੁਗ਼ਲੀ ਨਾਲ ਉਹ ਅਗਲੇ ਹੀ ਪਲ ਤਾਰੀਫ਼ ਵਾਲਾ ਤਵਾ ਬਦਲਕੇ ਨਿੰਦਿਆਂ ਤੇ ਵਿਰੋਧਤਾ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ ਹੈ।
ਲਾਈਲੱਗ ਦਾ ਨਾ ਹੀ ਆਪਣਾ ਕੋਈ ਚਰਿੱਤਰ ਹੁੰਦਾ ਹੈ ਕੇ ਨਾ ਹੀ ਕਿਰਦਾਰ । ਉਸ ਦੀ ਨਾ ਹੀ ਆਪਣੀ ਕੋਈ ਹੋਂਦ ਗਸ਼ਤੀ ਹੁੰਦੀ ਹੈ ਤੇ ਨਾ ਹੀ ਸ਼ਖਸ਼ੀਅਤ । ਉਹ ਬੇਜ਼ਮੀਰ ਹੁੰਦਾ ਹੈ, ਉਹ ਇਕ ਭੇਡ ਦੀ ਕਿਸਮ ਦਾ ਬੰਦਾ ਹੁੰਦਾ ਹੈ, ਜੋ ਕਿਸੇ ਤੋਂ ਆਪਣੀ ਉਨ ਲੁਹਾ ਲੈਂਦਾ ਹੈ । ਕੰਨ-ਰਸ ਦੀ ਬੀਮਾਰੀ ਦਾ ਸ਼ਿਕਾਰ ਅਜਿਹਾ ਵਿਅਕਤੀ ਲਾਈਲੱਗਤਾ ਵਾਲੀਆ ਗੱਲਾਂ ਸੁਣਨ ਤੇ ਸੁਣਾਉਣ ਨੂੰ ਹਮੇਸ਼ਾ ਪਹਿਲ ਦਿੰਦਾ ਹੈ ਤੇ ਏਹੀ ਉਸ ਦੀ ਜ਼ਿੰਦਗੀ ਦਾ ਸ਼ਾਇਦ ਸਭ ਤੋਂ ਵੱਡਾ ਉਦੇਸ ਹੁੰਦਾ ਹੈ ।
ਅੱਧਾ ਸੱਚ ਸਭ ਤੋਂ ਘਾਤਕ ਹੁੰਦਾ ਹੈ ਤੇ ਲਾਈਲੱਗ ਅਕਸਰ ਹੀ ਅੱਧੇ ਸੱਚ ਨੂੰ ਪੂਰਾ ਸੱਚ ਮੰਨਕੇ ਚੱਲਦਾ ਹੈ, ਜਿਸ ਕਰਕੇ ਅਜਿਹੇ ਬੰਦੇ ਦੀ ਨਾ ਹੀ ਬਹੁਤਿਆਂ ਨਾਲ ਕਦੇ ਬਣਦੀ ਹੈ ਤੇ ਤੋੜ ਨਿਭਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਕਈ ਵਾਰ ਲਾਈਲਗਤਾ ਦੀ ਬੀਮਾਰੀ ਦਾ ਸ਼ਿਕਾਰ ਵਿਅਕਤੀ ਬੁੱਕਲ਼ ਦਾ ਸੱਪ ਬਣਕੇ ਵੀ ਡੰਗ ਮਾਰਦਾ ਹੈ, ਜਿਸ ਥਾਲੀ ਚ ਖਾਂਦਾ, ਉਸੇ ਵਿੱਚ ਹੀ ਛੇਕ ਕਰਦਾ ਹੈ ।
ਸੋ ਜਿੰਨਾ ਜਲਦੀ ਹੋ ਸਕੇ, ਆਪਣੇ ਆਲੇ ਦੁਆਲੇ ਵਿਚਰਦੇ ਲਾਈਲੱਗਾਂ ਦੀ ਪਹਿਚਾਣ ਕਰੋ ਤੇ ਇਹਨਾਂ ਥਾਲੀ ਦੇ ਬੈਂਗਣਾਂ ਤੋਂ ਛੁਟਕਾਰਾ ਪਾਓ ।ਦਰਅਸਲ ਇਸ ਤਰਾਂ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖਣਾ ਜਾਂ ਕਰਨਾ, ਜ਼ਿੰਦਗੀ ਨੂੰ ਦੁੱਖਾਂ ਕਲੇਸ਼ਾਂ ਤੇ ਝਗੜਿਆਂ ਤੋਂ ਮੁਕਤ ਕਰਕੇ ਜ਼ਿੰਦਗੀ ਦਾ ਸਹੀ ਲੁਤਫ਼ ਮਾਨਣਾ ਹੈ । ਘਰਾਂ, ਪਰਿਵਾਰਾਂ, ਸਮਾਜ ਤੇ ਸਮਾਜਕ ਜਥੇਬੰਦੀਆ ਵਿੱਚੋਂ ਜੇਕਰ ਲਾਈਲੱਗ ਤੇ ਕੰਨਾਂ ਦੇ ਕੱਚੇ ਲੋਕਾਂ ਦੀ ਪਹਿਚਾਣ ਕਰਕੇ , ਇਹਨਾਂ ਦਾ ਮਾਨਸਿਕ ਮਾਹਿਰਾਂ ਤੋ ਜੇਕਰ ਇਲਾਜ ਕਰਵਾਇਆਂ ਜਾਵੇ ਤਾਂ ਸਮਾਜ ਚ ਬਹੁਤ ਵੱਡਾ ਸੁਧਾਰ ਆ ਸਕਦਾ ਹੈ, ਨਹੀਂ ਤਾਂ ਇਹ ਨਾਰਦ ਮੁਨੀ ਤੇ ਮਹਾਂਭਾਰਤ ਦੇ ਸ਼ਗੁਨੀ ਮਾਮਾ ਹੱਸਦੇ ਵਸਦੇ ਵਿਹੜਿਆ ਚ ਫ਼ਸਾਦ ਖੜ੍ਹੇ ਕਰਕੇ ਵੰਡੀਆ ਪਾਉਂਦੇ ਰਹਿਣਗੇ ਤੇ ਸਮਾਜਕ ਰਿਸ਼ਤਿਆਂ ਦੇ ਸਮੀਕਰਨਾਂ ਚ ਸੁਨਾਮੀ ਤੇ ਭੁਚਾਲ ਪੈਦਾ ਕਰਦੇ ਰਹਿਣਗੇ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
20/08/2021