(ਸਮਾਜ ਵੀਕਲੀ)
ਹੰਕਾਰ ਦਿਆਂ ਤੂਫ਼ਾਨਾਂ ਨੂੰ , ਲੈ ਜਦ ਵੀ ਹਾਕਮ ਚੜਿਐ
ਸਿਰੜ ਕਿਸਾਨੀ ਉੱਚ ਹਿਮਾਲਾ, ਜਿਉਂ ਤਣ ਹਿੱਕਾਂ ਨੂੰ ਖੜਿਐ
ਸਿਰ ਝੁਕ ਜਾਂਦੈ ਖੁਦ-ਵਾ ਖੁਦ ਹੀ, ਜਾਬਰ-ਸ਼ਾਹੀ-ਸ਼ਕਤੀ ਦਾ
ਮਿੱਟੀ ਜਾਇਆ, ਮਿੱਟੀ ਖਾਤਿਰ, ਜਦ ਨਾਲ ਗੜਾਂ ਦੇ ਲੜਿਐ
ਆੜਾਂ ਵਿੱਚੋਂ ਭੱਖੜਾ-ਲੇਹਾ, ਕੱਢ ਵਗਾਵੇ, ਸਾੜ ਦਵੇ
ਜਦ ਵੀ ਤਿੱਖਾ ਦੱਭ ਦਾ ਕੰਡਾ, ਹਾਲ਼ੀ ਦੇ ਪੈਰੀਂ ਗੜਿਐ
ਨਾਲ਼ ਬੁਛਾੜਾਂ ਮੁੱਢੋਂ ਪੇਚੇ, ਹੈ ਨਾਲ਼ ਸ਼ਹਾਦਤ ਯਾਰੀ
ਕੌਮ ਅਸਾਡੀ ਸ਼ੇਰਾਂ ਵਰਗੀ, ਅੜਿਐ ਜਦ ਕੋਈ ਝੜਿਐ
ਸਿਰ ਰਹਿਮਤ ਹੈ ਦਰਿਆਵਾਂ ਦੀ,ਇਕ ਸ਼ਕਤੀ ਜਲ ਦੇ ਅੰਦਰ
ਆਪ ਕਲਾਮ ਖੁਦਾ ਨੇ ਇਸਤੇ, ਹੈ ਪਾਕਿ ਇਲਾਹੀ ਪੜਿਐ
ਭੋਲ਼ਾਪਣ ਹੈ ਫ਼ੱਕਰ ਦਿਲ ਦਾ, ਏ ਮਿੱਟੀ ਹੋ ਹੋ ਰਹਿੰਦੈ
ਹਰ ਖੇਤਾਂ ਦਾ ਪੁੱਤ ਖੁਦਾ ਨੇ, ਲੈ ਖੇਤੋਂ ਮਿੱਟੀ ਘੜਿਐ
ਨਾ ਝੁਕਣਾ ਤੇ ਨਾ ਮੁੜਨਾ ਇਸ, ਲੈ ਨਾਲ਼ ਵਹੇਗਾ ਮੁੜਕਾ
ਜਦ ਵੀ ਅਪਣੇ ਆਪ ਜਲੌਅ ਲੈ, ਏ ਤਖਤਾਂ ਵੱਲ ਹੜਿਐ
ਰਿਜਕ ਉਗਾਵੇ ਦੇਸ਼ ਰਜਾਵੇ , ਮਰ ਤਿੱਖੜ ਧੁੱਪਾਂ ਥੱਲੇ
ਕਰਜ਼ੇ ਅੰਦਰ ਦਬਿਆ ਵਿਲਕੇ, ਹੈ ਰਿਝ-ਰਿਝ ਅੰਦਰ ਕੜਿਐ
ਹਾਲ਼ੀ-ਪਾਲ਼ੀ ਦੇਸ਼ ਦਾ “ਬਾਲੀ”, ਭੁੱਲ ਗਈਆਂ ਸਰਕਾਰਾਂ
ਬਿੱਲੀ ਸਾਡੀ ਸਾਨੂੰ ਮਿਆਊਂ, ਨਾ ਡੰਡਾ ਇਸ ਤੇ ਝੜਿਐ
ਬਲਜਿੰਦਰ ਸਿੰਘ” ਬਾਲੀ ਰੇਤਗੜੵ “
23/7/2021
9465129168
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly