(ਸਮਾਜ ਵੀਕਲੀ)
ਡਾਲਰਾਂ, ਪੋਂਡਾਂ ਵਾਲੀਆਂ ਜਰਬਾਂ,
ਦੇਣ ਕੰਨੀ ਰਸ ਘੋਲ਼।
ਪਰ ਦੂਰ ਵਜੇਂਦੇ ਢੋਲ ਨੇ ਸੱਜਣੋ,
ਦੂਰ ਵਜੇਂਦੇ ਢੋਲ।
ਗੱਲ ਦੂਰ ਦੀ ਸਹੁਰੇ, ਪੇਕੇ,
ਗਵਾਂਢ ਤੱਕ ਨਾ ਕੋਲ਼।
ਦੂਰ ਵਜੇਂਦੇ ਢੋਲ ਨੇ ਸੱਜਣੋ,
ਦੂਰ ਵਜੇਂਦੇ ਢੋਲ।
ਡਬਲ, ਡਬਲ ਵੀ ਕਰਕੇ ਜੋਬਾਂ,
ਖਰਚੇ ਹੋਵਣ ਪੂਰੇ।
ਹੋ ਵੀ ਜਾਵਣ ਤਾਂ ਅਸਲੀ,
ਜਿੰਦਗੀ ਦੇ ਰੰਗ ਅਧੂਰੇ।
ਵੀਕ ਐਂੱਡ ‘ਤੇ ਮਾੜੇ ਮੋਟੇ,
ਹੋਵਣ ਸ਼ੂਗਲ, ਕਲੋਲ।
ਦੂਰ ਵਜੇਂਦੇ ਢੋਲ ਨੇ ਸੱਜਣੋ,
ਦੂਰ ਵਜੇਂਦੇ ਢੋਲ।
ਵਿੱਚ ਦੇਸ਼ਾਂ ਦੇ ਵਿਆਹ, ਮੰਗਣੀ,
ਪ੍ਰਦੇਸੀ ਅੰਦਰੋ ਰੋਵਣ।
ਅੰਤਿਮ ਦਰਸ਼ਨ ਤੱਕ ਆਪਣਿਆਂ ਦੇ,
ਲਾਈਵ ਫੋਨ ‘ਤੇ ਹੋਵਣ।
ਹੈਂਡ ਟੂ ਮਾਊਥ ਜਿੰਦਗੀ ਨੂੰ ਪਰ,
ਰਹਿਣਾ ਪਵੇ ਅਡੋਲ।
ਦੂਰ ਵਜੇਂਦੇ ਢੋਲ ਨੇ ਸੱਜਣੋ,
ਦੂਰ ਵਜੇਂਦੇ ਢੋਲ।
ਰਣਬੀਰ ਬੱਲ ਨੂੰ ਜਦ ਕਿਧਰੇ ਵੀ,
ਰੋਪੜ ਚੇਤੇ ਆਵੇ।
ਪਾਵਰ ਕਲੌਨੀ ਦੀਆਂ ਰੌਣਕਾਂ,
ਸੋਚ ਗੱਚ ਭਰ ਆਵੇ।
ਐਥੇ ਭੱਠਾ ਸਾਹਬ ਜਾਂ ਸਤਲੁਜ,
ਲਵੇ ਕਿੱਥੋਂ ਜੀ ਟੋਹਲ਼।
ਦੂਰ ਵਜੇਂਦੇ ਢੋਲ ਨੇ ਸੱਜਣੋ,
ਦੂਰ ਵਜੇਂਦੇ ਢੋਲ।
ਰਣਬੀਰ ਕੌਰ ਬੱਲ
ਯੂ.ਐੱਸ.ਏ.
+15108616871
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly