(ਸਮਾਜ ਵੀਕਲੀ)
“ਓ, ਹਾਂ ਭਾਈ ਮੁੰਡਿਓ, ਕਿੱਦਾਂ ਫੇਰ, ਤਿਆਰੀ ਆ ਪੂਰੀ! ਅੱਜ ਆਪਾਂ ਵੋਟਾਂ ਪਾਉਣੀਆਂ। ਕਾਕਾ, ਇਹ ਲੋਕਤੰਤਰਿਕ ਪ੍ਰਣਾਲੀ ਏ, ਆਪਾਂ ਹਣਾ… ਵੋਟਾਂ ਪਾ ਕੇ, ਮਰਜ਼ੀ ਦੇ ਬੰਦੇ ਹਾਕ਼ਮ ਚੁਣਦੇ ਆ, ਹਣਾ..!! ਵੋਟ ਪਾਇਓ ਤੇ ਮਰਜ਼ੀ ਦੇ ਬੰਦੇ-ਜ਼ਨਾਨੀਆਂ ਨੂੰ ਚੁਣ ਕੇ, ਅਸੰਬਲੀ ਵਿਚ ਭੇਜਿਓ” ਇਹ ਲੈਕਚਰ ਦੇ ਕੇ ਸੋਨਾ ਵਪਾਰੀ ਦੋਗੜ੍ਹ ਮੱਲ ਚੌਹਾਨ ਏਧਰ ਓਧਰ ਝਾਕਣ ਪਿੱਛੋਂ ਕਾਲਜੀਏਟ ਆਰਿਫ਼ ਦੇ ਮੂੰਹ ਵੱਲ ਵੇਖਣ ਲੱਗ ਪਿਆ।
##
ਆਰਿਫ਼ ਨੂੰ ਪਤਾ ਸੀ ਕਿ ਦੋਗੜ੍ਹ ਮੱਲ ਦੀ ਜਵੈਲਰੀ ਸ਼ੋਪ ਵਾਹਵਾ ਸੋਹਣੀ ਚੱਲਦੀ ਹੈ ਤੇ ਰਾਜਨੀਤਕ ਸਮਝ ਤੋਂ ਸੱਖਣੇ ਮੁਹੱਲਾ ਵਾਸੀਆਂ ਵਿਚ ਓਹਦਾ ਰੁਤਬਾ ਉੱਚਾ ਹੈ ਤੇ ਏਸ ਕਰ ਕੇ ਦੋਗੜ੍ਹ ਨੇ ਇਹ ਭਾਸ਼ਣ ਦੇਣਾ ਈ ਸੀ।
ਏਸ ਦੌਰਾਨ ਆਰਿਫ਼ ਚੁੱਪ ਕੀਤਾ ਰਿਹਾ ਤੇ ਸੋਨਾ ਵਪਾਰੀ ਦੋਗੜ੍ਹ ਮੱਲ ਵੀ ਹੁੰਗਾਰੇ ਦੀ ਉਡੀਕ ਵਿਚ ਖੜ੍ਹਾ ਰਿਹਾ।
ਸਿਆਸੀ ਪੱਖੋਂ ਸਚੇਤ ਹੋਣ ਸਦਕਾ, ਆਰਿਫ਼ ਨੇ ਦੋਗੜ੍ਹ ਦੀਆਂ ਗੱਲਾਂ ਦਾ ਜੁਆਬ ਦੇਣਾ ਜ਼ਰੂਰੀ ਸਮਝਿਆ, ਓਸ ਆਖਿਆ, “ਅੰਕਲ ਜੀ, ਕਾਹਨੂੰ ਫਿਕਰਾਂ ਵਿਚ ਪੈ ਕੇ ਆਪਣੇ ਕੰਡੇ ਲੂਹੀ ਜਾਨੇ ਓ? ਵੋਟ ਪਾਉਣਾ ਸਾਡਾ ਹਕ਼ ਆ, ਅਸੀਂ ਵੋਟ ਪਾ ਕੇ ਈ ਆਵਾਂਗੇ। …ਪਰ ਭੋਲੇ ਅੰਕਲ ਜੀ, ਅਸੀਂ ਇਕ ਦਿਨ ਦੇ ਰਾਜੇ ਆਂ, ਨਾਲੇ ਤੁਸੀਂ ਸਿਆਸੀ ਤੌਰ ਉੱਤੇ ਏਨੀਆਂ ਗੱਲਾਂ ਕਰਦੇ ਰਹਿੰਦੇ ਓ, ਇਹੁ ਵੀ ਸੋਚਿਆ ਕਦੇ ਕਿ ਇਹ ਲੋਕਰਾਜ ਪੂਰਾ ਆ ਕਿ ਅਧੂਰਾ ਆ…!!!
ਆਰਿਫ਼ ਦੀਆਂ ਗੱਲਾਂ ਤੇ ਗੱਲਕਾਰੀ ਦੇ ਤਰੀਕੇ ਨੇ ਸੋਨਾ ਵਪਾਰੀ ਦੋਗੜ੍ਹ ਨੂੰ ਸੋਚਣ ਲਈ ਜਿਵੇਂ ਮਜਬੂਰ ਈ ਕਰ ਦਿੱਤਾ ਸੀ ਪਰ ਸੋਨੇ ਦੇ ਗਹਿਣਿਆਂ ਦੀ ਹੱਟੀ ਚੱਲਣ ਕਾਰਨ ਤੇ ਮਾਰਕੀਟ ਦਾ ਮਸ਼ਹੂਰ ਸੇਠ ਹੋਣ ਕਾਰਨ ਦੋਗੜ੍ਹ ਨੇ ਕਿਸੇ ਸੀਨੀਅਰ ਵਾਂਗ ਗੱਲ ਕੀਤੀ, ਅਖੇ,
“ਆਰਿਫ਼, ਕੀ ਮਤਲਬ ਆ ਤੇਰਾ?!”
ਆਰਿਫ਼ ਨੇ ਆਖਿਆ, ਓ ਭੋਲੇ ਭਾਲੇ ਅੰਕਲ ਜੀਓ, ਇਨ੍ਹਾਂ ਸਵਾਲਾਂ ਦੇ ਜੁਆਬ ਦੱਸੋ ਕਿ ਹਰ ਸਿਆਸੀ ਪਾਰਟੀ ਅਮੀਰ ਜਿਮੀਦਾਰ ਤੇ ਅਮੀਰ ਵਪਾਰੀ ਨੂੰ ਟਿਕਟ ਦਿੰਦੀ ਐ, ਕੀ ਗੱਲ ਗ਼ਰੀਬ ਜਾਂ ਸਾਧਣਹੀਣ ਬੰਦੇ ਰਾਜ ਕਰਨ ਲਈ ਅੱਗੇ ਨਈ ਲਿਆਂਦੇ ਜਾ ਸਕਦੇ?
* ਜਦੋਂ ਕੋਈ ਰਾਜਸੀ ਪਾਰਟੀ ਕਿਸੇ ਬੰਦੇ ਨੂੰ ਹਲਕਾ ਇੰਚਾਰਜ ਜਾਂ ਹਲਕੇ ਦਾ ਮੁੱਖ ਸੇਵਾਦਾਰ ਲਾਉਂਦੀ ਏ ਤਾਂ ਕੀ ਜਨਤਾ ਨੂੰ ਪੁੱਛਿਆ ਜਾਂਦਾ? ਹਲਕਾ ਇੰਚਾਰਜ ਟਿਕਟ ਖੋਹ ਕੇ ਲੈ ਜਾਂਦਾ ਐ, ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ਵਾਲੇ ਤੇ ਵਿਕਾਸ ਕਰਵਾਉਣ ਵਾਲੇ ਆਗੂ ਹੱਥ ਮਲਦੇ ਰਹਿ ਜਾਂਦੇ ਨੇ, ਉਹਨਾਂ ਨੂੰ ਐਡਜਸਟ ਕੀਤਾ ਜਾਂਦਾ? ਆ, ਗੁਰਦਾਸਪੁਰ ਲੋਕ ਸਭਾ ਹਲਕਾ ਦੇਖ ਲਓ, ਫ਼ਿਲਮੀ ਕਲਾਕਾਰ ਓਥੋਂ ਐੱਮ ਪੀ ਬਣ ਕੇ ਸੰਸਦ ਵਿਚ ਪਹੁੰਚ ਗਏ ਤੇ ਹੁਣ ਕੋਈ ਸ਼ਕ਼ਲ ਨਹੀਂ ਵਿਖਾਉਂਦਾ, ਬੰਬੇ ਬੈਠੇ ਫ਼ਿਲਮਾਂ ਬਣਾਈ ਜਾਂਦੇ ਆ ਤੇ ਸਮਾਜ ਨੂੰ ਗੰਦ ਵਿਖਾ ਕੇ ਬਲਾਤਕਾਰਾਂ ਤੇ ਗੁਆਂਢੀ ਮੁਲਕ ਨਾਲ ਨਫਰਤ ਦਾ ਪਾਠ ਪੜ੍ਹਾਈ ਜਾਂਦੇ ਆ, ਨਾ ਕੀ ਗੱਲ ਫ਼ਿਲਮੀ ਕਲਾਕਾਰ ਜਿਆਦਾ ਅਕਲਮੰਦ ਆ?
ਭੋਲੇ ਅੰਕਲ ਜੀਓ ਇਹ ਦੱਸੋ ਕਿ ਉਮੀਦਵਾਰ ਤਾਂ ਸਿਆਸੀ ਪਾਰਟੀ ਨੇ ਲੱਭਣਾ ਹੁੰਦਾ ਏ, ਪਰ ਰਾਜਨੀਤਕ ਪਾਰਟੀਆਂ ਦੇ ਭਰਦਾਨ ਅਮੀਰ ਤੇ ਥੈਲੀਸ਼ਾਹ ਨੂੰ ਹੀ ਟਿਕਟ ਨਾਲ ਕਿਉਂ ਨਵਾਜਦੇ ਨੇ?
ਇਹ ਦੱਸੋ ਕਿ ਜਦੋਂ ਵੱਡੀਆਂ ਸਿਆਸੀ ਪਾਰਟੀਆਂ ਨੇ ਭਰਦਾਨ ਤੋਂ ਪੈਸੇ ਵਾਰਨ ਵਾਲੇ ਧਨਾਢ ਨੂੰ ਉਮੀਦਵਾਰ ਬਣਾ ਕੇ, ਭੋਲੀ ਭਾਲੀ ਜਨਤਾ ਉੱਤੇ ਥੋਪ ਦਿੱਤਾ ਤਾਂ ਲੋਕਰਾਜ ਕਿੱਧਰ ਰਹਿ ਗਿਆ? ਉਨ੍ਹਾਂ ਵੱਲੋਂ ਦਿੱਤੀ ਆਪਸ਼ਨ ਵਿਚੋਂ ਈ ਆਪਾਂ ਹਾਕਮ ਚੁਣਦੇ ਹਾਂ, ਹੈ ਕਿ ਨਹੀਂ?
ਪਾਰਟੀਆਂ ਦੇ ਸੁਪਰੀਮੋ, ਉਮੀਦਵਾਰ ਨੂੰ ਟਿਕਟ ਦੇਣ ਲੱਗਿਆਂ ਲੋਕਾਂ ਤੋਂ ਕਿਉਂ ਨਹੀਂ ਸਲਾਹ ਲੈਂਦੇ?
ਦੋਗੜ੍ਹ ਮੱਲ ਸਮਝ ਤਾਂ ਗਿਆ ਸੀ ਕਿ ਆਰਿਫ਼ ਪਤੇ ਦੀ ਗੱਲ ਕਰ ਰਿਹੈ ਪਰ ਉਮਰ ਦੀ ਸੀਨੀਆਰਟੀ ਕਾਰਨ ਮੰਨਣ ਨੂੰ ਤਿਆਰ ਨਹੀਂ ਸੀ। ਕਹਿਣ ਲੱਗਾ, “ਚੰਗਾ ਬਈ ਮੁੰਡਿਆ, ਹੁਣ ਤਾਂ ਲੱਗਦਾ ਹਰ ਪਾਰਟੀ ਨੂੰ ਹਲਕਾ ਇੰਚਾਰਜ ਤੇ ਹਲਕੇ ਦਾ ਉਮੀਦਵਾਰ ਤੇਰੇ ਕੋਲੋਂ ਪੁੱਛ ਕੇ ਲਾਉਣਾ ਪਊ!!
ਆਰਿਫ਼ ਵੱਲੋਂ ਕੀਤੇ ਸਵਾਲਾਂ ਨੂੰ ਵਿਸਾਰ ਕੇ ਦੋਗੜ੍ਹ ਮੱਲ, ਆਪਣੀ ਗੋਗੜ ਉੱਤੇ ਹੱਥ ਫੇਰਦਾ ਰਿਹਾ ਤੇ ਫੇਰ ਕੁਝ ਸੋਚ ਕੇ ਹੱਟੀ ਦੇ ਰਾਹ ਪੈ ਗਿਆ। ਓਹ ਸਾਰੇ ਰਾਹ ਸੋਚਦਾ ਰਿਹਾ, ਗੱਲ ਤਾਂ ਮੁੰਡਾ ਖਰੀ ਕਰਦੈ, ਲੋਕਰਾਜ ਵਿਚ ਖ਼ਾਮੀਆਂ ਤਾਂ ਓਹਨੇ ਸਹੀ ਫੜੀਆਂ ਨੇ ..!
ਯਾਦਵਿੰਦਰ
ਸਰੂਪ ਨਗਰ, ਰਾਓਵਾਲੀ, ਜਲੰਧਰ।
9465329617
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly