ਤੀਆਂ ਦਾ ਬਦਲਦਾ ਰੂਪ

ਸੁਰਿੰਦਰ ਕੌਰ

(ਸਮਾਜ ਵੀਕਲੀ)

ਜੇਠ ਹਾੜ੍ਹ ਦੀ ਗਰਮੀ ਦੀ ਤਪਸ਼ ਤੋਂ ਬਾਅਦ ਸਾਉਣ ਮਹੀਨੇ ਦੀ ਆਮਦ ਨਾਲ ਜਿਥੇ ਗਰਮੀ ਤੋਂ ਰਾਹਤ ਮਿਲਦੀ ਹੈ ਉਥੇ ਹੀ ਤਿਉਹਾਰਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ।ਜਦੋਂ ਆਸਮਾਨ ਤੇ ਕਾਲੀਆਂ ਘਟਾਵਾਂ ਛਾਂਉਦੀਆਂ ਨੇ ਹਰ ਦਿਲ ਖਿੜ ਉੱਠਦਾ ਹੈ । ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਤੀਆਂ ਦਾ ਤਿਓਹਾਰ ਮਨਾਇਆ ਜਾਂਦਾ ਹੈ ।ਪੁਰਾਣੇ ਸਮਿਆਂ ਵਿੱਚ ਤੀਆਂ ਸਾਉਣ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਇਸ ਮਹੀਨੇ ਦੀ ਤੀਜ ਤਕ 15 ਦਿਨਾਂ ਤੱਕ ਮਨਾਈਆਂ ਜਾਂਦੀਆਂ ਸਨ ।ਪਿੰਡ ਦੀ ਕਿਸੇ ਖੁੱਲ੍ਹੀ ਥਾਂ ਤੇ ਪਿੱਪਲ ਜਾਂ ਬਰੋਟੇ ਤੇ ਕੁੜੀਆਂ ਪੀਂਘਾਂ ਪਾਉਂਦੀਆਂ ਸਨ ।

ਪਿੰਡ ਦੀਆਂ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਸਨ ਨਵ ਵਿਆਹੀਆਂ ਕੁੜੀਆਂ ਆਪਣੇ ਪੇਕੇ ਆਉਂਦੀਆਂ ਸਨ। ਇਸ ਨਾਲ ਇਹ ਵੀ ਵਿਚਾਰਧਾਰਾ ਜੁੜੀ ਹੋਈ ਹੈ ਕਿ ਜਿਸ ਕੁੜੀ ਦਾ ਨਵਾਂ ਵਿਆਹ ਹੋਇਆ ਹੋਵੇ ਉਹ ਪਹਿਲੇ ਸਾਉਣ ਨੂੰਹ ਤੇ ਸੱਸ ਇੱਕਠੀਆਂ ਨਹੀਂ ਹੁੰਦੀਆਂ । ਇਸ ਲਈ ਪੇਕੇ ਜਾਣਾ ਜ਼ਰੂਰੀ ਹੋ ਜਾਂਦਾ ਸੀ ਤੇ ਉਸ ਦਾ ਭਰਾ ਆ ਕੇ ਲੈ ਜਾਂਦਾ ਸੀ ਅਤੇ ਪਹਿਲਾ ਤੀਆਂ ਦਾ ਸੰਧਾਰਾ ਸਹੁਰਿਆਂ ਵੱਲੋਂ ਦਿੱਤਾ ਜਾਂਦਾ ਸੀ ਤੇ ਜੇ ਕਿਤੇ ਕਿਸੇ ਕਾਰਨ ਕੁੜੀ ਦੇ ਭਰਾ ਨਹੀਂ ਲੈਣ ਆ ਸਕਿਆ ਤਾਂ ਸੱਸ ਵੱਲੋਂ ਉਸ ਨੂੰ ਸੁਣਾਇਆ ਜਾਂਦਾ ਸੀ ਜਿਸ ਦਾ ਸੰਕੇਤ ਸਾਡੇ ਪੁਰਾਣੇ ਲੋਕ ਗੀਤਾਂ ਵਿਚ ਮਿਲਦਾ ਹੈ ।
ਤੈਨੂੰ ਤੀਆਂ ਤੇ ਲੈਣ ਨਾ ਆਏ ,
ਨੀਂ ਬਹੁਤਿਆਂ ਭਰਾਵਾਂ ਵਾਲੀਏ।

ਕੁੜੀਆਂ ਨੂੰ ਪੇਕੇ ਜਾਣ ਦਾ ਅਤੇ ਤੀਆਂ ਮਨਾਉਣ ਦਾ ਅਲੱਗ ਹੀ ਚਾਅ ਹੁੰਦਾ ਸੀ ਉਹ ਸਜ ਸੰਵਰ ਕੇ ਪੀਂਘਾਂ ਝੂਟਣ ਜਾਂਦੀਆਂ ਤੇ ਗਿੱਧਾ ਪਾਉਂਦੀਆਂ ।ਸਾਉਣ ਦਾ ਮਹੀਨਾ ਖ਼ਤਮ ਹੋਣ ਤੇ ਜਦੋਂ ਵਾਪਿਸ ਸਹੁਰੇ ਜਾਣਾ ਹੁੰਦਾ ਤਾਂ ਕੁੜੀਆਂ ਕਹਿ ਉੱਠਦੀਆਂ
ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ ।

ਪ੍ਰੰਤੂ ਸਮੇਂ ਦੇ ਨਾਲ ਨਾਲ ਇਹ ਸਭ ਕੁਝ ਅਲੋਪ ਹੁੰਦਾ ਜਾ ਰਿਹਾ ਹੈ । ਕੁੜੀਆਂ ਹੁਣ ਵੀ ਪੇਕੇ ਆਉਂਦੀਆਂ ਨੇ ਪੀਂਘਾਂ ਹੁਣ ਵੀ ਪੈਂਦੀਆਂ ਨੇ ਪਰ ਹੁਣ ਜਿਵੇਂ ਇਕ ਰਸਮ ਹੀ ਨਿਭਾਈ ਜਾਂਦੀ ਹੈ । ਤੀਆਂ ਸਿਰਫ਼ ਇੱਕ ਦਿਨ ਦੀਆਂ ਹੀ ਰਹਿ ਗਈਆਂ ਨੇ ਉਹੀ ਸਟੇਜ ਤਕ ਜਾਂ ਫਿਰ ਕਿਸੇ ਵਿਧਾਇਕ ਦੇ ਆਉਣ ਨਾਲ ਫੋਟੋ ਖਿਚਵਾਉਣ ਤੱਕ ਹੀ ਸੀਮਤ ਰਹਿ ਗਈਆਂ ਨੇ ।ਸਭ ਕੁਝ ਬਨਾਵਟੀ ਹੋ ਗਿਆ ਹੈ ।ਸਜਣ ਸੰਵਰਨ ਤੇ ਖਰਚਾ ਪਹਿਲਾਂ ਨਾਲੋਂ ਕਿਤੇ ਵੱਧ ਕਰ ਦਿੱਤਾ ਜਾਂਦਾ ਹੈ। ਸਟੇਜ ਤੇ ਡੀ ਜੇ ਲਾ ਕੇ ਕੁੜੀਆਂ ਕਲਾਕਾਰਾਂ ਵੱਲੋਂ ਗਾਏ ਗੀਤਾਂ ਤੇ ਨੱਚਦੀਆਂ ਟੱਪਦੀਆਂ ਨੇ ।

ਬਜ਼ੁਰਗ ਔਰਤਾਂ ਸਿਰਫ਼ ਮੂੰਹ ਹੀ ਤਕਦੀਆਂ ਰਹਿ ਜਾਂਦੀਆਂ ਨੇ ਜਦੋਂ ਇਸ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਭ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ।ਹੌਲੀ ਹੌਲੀ ਸਾਡਾ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ ਸਾਨੂੰ ਲੋੜ ਹੈ ਇਸ ਨੂੰ ਸੰਭਾਲਣ ਦੀ ਤੇ ਨਵੀਂ ਪੀਡ਼੍ਹੀ ਨੂੰ ਆਪਣੇ ਸੱਭਿਆਚਾਰ ਬਾਰੇ ਸਹੀ ਜਾਣਕਾਰੀ ਦੇਣ ਦੀ ਤਾਂ ਜੋ ਤੀਆਂਇੱਕ ਸਟੇਜ ਸ਼ੋਅ ਹੋ ਕੇ ਨਾ ਰਹਿ ਜਾਣ ਅਤੇ ਅਸੀਂ ਆਪਣੇ ਪੁਰਾਣੇ ਵਿਰਸੇ ਨੂੰ ਜਿੰਦਾ ਰੱਖ ਸਕੀਏ ।

ਸੁਰਿੰਦਰ ਕੌਰ ਨਗਾਰੀ
6283188928

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢਕੀ ਰਿਝਣ ਦਿਓ…!
Next article*ਕਿਰਤੀ ਅਬਾਦੀ ਵਿਰੁੱਧ ਹਥਿਆਰ ਵਜੋਂ ਵਰਤੇ ਜਾਣ ਵਾਲ਼ੇ “ਔਲਾਦ ਕੰਟਰੋਲ ਬਿੱਲ”*