(ਸਮਾਜ ਵੀਕਲੀ)
ਆਓ ਕਵੀ ਦਰਬਾਰ ਕਰਾਈਏ
ਆਪਣੇ ਆਪਣੇ ਗੋਗੇ ਗਾਈਏ
ਕੀ ਹੁੰਦਾ ਏ ਕਵੀ ਅਤੇ ਕਵਿਤਾ
ਆਓ ਲੋਕਾਂ ਨੂੰ ਸਮਝਾਈਏ
ਮੈਂ ਪ੍ਰਧਾਨ ਤੂੰ ਬਣ ਖ਼ਜ਼ਾਨਚੀ
ਬਾਕੀਆਂ ਨੂੰ ਚਲ ਖੂੰਜੇ ਲਾਈਏ
ਵਾਹ ਵਾਹ ਸੁਣ ਕੇ ਸਭਨਾ ਕੋਲੋਂ
ਆਪਣੇ ਹੀ ਬਲਿਹਾਰੇ ਜਾਈਏ
ਧਰਮ ਜਾਤ ਦੀਆਂ ਗੱਲਾਂ ਕਰਕੇ
ਲੋਕਾਂ ਦੇ ਵਿਚ ਭਰਮ ਫੈਲਾਈਏ
ਨਾਮ ਦੇ ਪਿੱਛੇ ਗੋਤ ਲਗਾ ਕੇ
ਆਪਣੀ ਜਾਤ ਦੀ ਧਾਕ ਜਮਾਈੈਏ
ਖ਼ੁਦ ਤੇ ਭਾਵੇਂ ਹੋਵੇ ਨਾ ਲਾਗੂ
ਪਰ ਲੋਕਾਂ ਨੂੰ ਚੱਜ ਸਿਖਾਈਏ
ਲਿੱਖ ਕੇ ਤੱਤੀਆਂ ਤੱਤੀਆਂ ਗੱਲਾਂ
ਬਲਦੀ ਤੇ ਘਿਉ ਦੱਬ ਕੇ ਪਾਈਏ
ਕੀ ਲੈਣਾ ਏ ਸੱਚ ਬੋਲ ਕੇ
ਝੂਠ ਦੇ ਉੱਤੇ ਪਰਦਾ ਪਾਈਏ
ਅਖ਼ਬਾਰਾਂ ਵਿੱਚ ਹੋਣਗੇ ਚਰਚੇ
ਅੱਗੇ ਹੋ ਫੋਟੋ ਖਿਚਵਾਈਏ
ਨਵੇਂ ਕਵੀ ਨੂੰ ਦੇਣਾ ਨਹੀਂ ਮੌਕਾ
ਰਚਨਾਵਾਂ ਖੁਦ ਚਾਰ ਸੁਣਾਈਏ
ਲੰਘਣ ਨਹੀਂ ਦੇਣਾ ਕੋਈ ਅੱਗੇ
ਹਰ ਖੇਤਰ ਵਿਚ ਆਪਾਂ ਛਾਈਏ
ਚਮਚਾਗਿਰੀ ਸਰਕਾਰਾਂ ਦੀ ਕਰ
ਪੁਰਸਕਾਰ ਵਿੱਚ ਨਾ ਲਿਖਵਾਈਏ
ਕੀ ਕਰਨਾ ਸਮਾਜ ਜਗਾ ਕੇ
ਬਿੰਦਰਾ ਆਪਣਾ ਨਾਂ ਚਮਕਾਈਏ
ਬਿੰਦਰ
ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly