ਨਵੀਂ ਦਿੱਲੀ (ਸਮਾਜ ਵੀਕਲੀ) : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਖੇਤੀ ਕਾਨੂੰਨਾਂ ਨੂੰ ਪਾਸ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਦੇ ਬਾਹਰ ਤਿੱਖੀ ਬਹਿਸ ਹੋ ਗਈ। ਦੋਹਾਂ ਪਾਰਟੀਆਂ, ਅਕਾਲੀ ਦਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਪਾਰਲੀਮੈਂਟ ਦੇ ਬਾਹਰ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਕਿ ਇਸੇ ਦੌਰਾਨ ਖੇਤੀ ਕਾਨੂੰਨ ਪਾਸ ਕੀਤੇ ਜਾਣ ਦੇ ਮੁੱਦੇ ’ਤੇ ਬਿੱਟੂ ਅਤੇ ਹਰਸਿਮਰਤ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਬਿੱਟੂ ਨੇ ਹਰਸਿਮਰਤ ਬਾਦਲ ’ਤੇ ਕਥਿਤ ਦੋਸ਼ ਲਾਇਆ ਕਿ ਕੈਬਨਿਟ ਦਾ ਹਿੱਸਾ ਹੁੰਦਿਆਂ ਉਨ੍ਹਾਂ ਨੇ ਖੇਤੀ ਕਾਨੂੰਨ ਪਾਸ ਕਰਨ ’ਚ ਮਦਦ ਕੀਤੀ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਨੇ ਕਾਂਗਰਸ ਵੱਲੋਂ ਲੋਕ ਸਭਾ ਵਿੱਚੋਂ ਵਾਕਆਊਟ ਕਰਦਿਆਂ ਕਾਨੂੰਨਾਂ ਨੂੰ ਪਾਸ ਕਰਨ ’ਚ ਮਦਦ ਕੀਤੀ ਗਈ ਹੈ। ਬਿੱਟੂ ਨੇ ਹਰਸਿਮਰਤ ਨੂੰ ਕਿਹਾ, ‘ਜਿਹੜੀ ਕੈਬਨਿਟ ਵੱਲੋਂ ਖੇਤੀ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਗਈ ਤੁਸੀਂ ਉਸ ਵਿੱਚ ਸ਼ਾਮਲ ਸੀ ਅਤੇ ਅੱਜ ਇਸ ਮੁੱਦੇ ’ਤੇ ਡਰਾਮਾ ਕਰ ਰਹੇ ਹੋ।’ ਇਸ ’ਤੇ ਪਲਟਵਾਰ ਕਰਦਿਆਂ ਬਠਿੰਡਾ ਤੋਂ ਸੰਸਦ ਮੈਂਬਰ ਨੇ ਸਵਾਲ ਦਾਗਿਆ ਕਿ ਜਦੋਂ ਬਿੱਲ ਪਾਸ ਕੀਤੇ ਜਾ ਰਹੇ ਸੀ ਤਾਂ ਉਦੋਂ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਕਿੱਥੇ ਸਨ?
ਹਰਸਿਮਰਤ ਨੇ ਕਿਹਾ, ‘ਸਾਰੇ ਕਾਂਗਰਸੀ ਸੰਸਦ ਮੈਂਬਰ ਵਾਕਆਊਟ ਕਰ ਗਏ ਸਨ, ਜਿਸ ਨਾਲ ਸਦਨ ਨੇ ਸੌਖਿਆਂ ਹੀ ਬਿੱਲ ਪਾਸ ਕਰ ਦਿੱਤੇ।’ ਇਸ ਮਗਰੋਂ ਇੱਕ ਵਾਰ ਫਿਰ ਬਿੱਟੂ ਨੇ ਹਮਲਾ ਕਰਦਿਆਂ ਕਿਹਾ ਕਿ ਹੁਣ ਜਦੋਂ ਪਾਰਲੀਮੈਂਟ ਅਤੇ ‘ਕਿਸਾਨ ਸੰਸਦ’ ਚੱਲ ਰਹੀ ਹੈ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿੱਥੇ ਹਨ। ਬਿੱਟੂ ਨੇ ਕਿਹਾ, ‘ਉਹ (ਸੁਖਬੀਰ) ਕਿਸਾਨਾਂ ਦੇ ਮੁੱਦੇ ਚੁੱਕਣ ਲਈ ਪਾਰਲੀਮੈਂਟ ’ਚ ਨਹੀਂ ਆ ਰਹੇ ਅਤੇ ਕਿਤੇ ਨਾ ਕਿਤੇ ਪ੍ਰੈੱਸ ਕਾਨਫਰੰਸ ਕਰ ਰਹੇ ਹੋਣਗੇ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਅਕਾਲੀ ਦਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਸੰਸਦ ਦੇ ਬਾਹਰ ਬੈਨਰ ਫੜ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly