ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਅੱਜ ਅਚਨਚੇਤੀ ਮਿਲਣੀ ਦਾ ਭੇਤ ਬਣ ਗਿਆ ਹੈ। ਕਰੀਬ ਅੱਧੇ ਘੰਟੇ ਤੱਕ ਹੋਈ ਇਸ ਮੁਲਾਕਾਤ ਨੇ ਨਵੇਂ ਕਿਆਸਾਂ ਨੂੰ ਜਨਮ ਦਿੱਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਸਨ। ਪਤਾ ਲੱਗਾ ਹੈ ਕਿ ਸੂਬੇ ਦੇ ਕੁਝ ਲਟਕਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ।
ਸੂਤਰਾਂ ਅਨੁਸਾਰ ਪੰਜਾਬ ਸਰਕਾਰ ਮੁਹਾਲੀ ਵਿਚ ਨਵੀਂ ਪਲਾਕਸ਼ਾ ’ਵਰਸਿਟੀ ਬਾਰੇ ਛੇਤੀ ਆਰਡੀਨੈਂਸ ਲਿਆ ਸਕਦੀ ਹੈ ਅਤੇ ਇਸ ਆਰਡੀਨੈਂਸ ਨੂੰ ਅੱਜ ਦੀ ਮੀਟਿੰਗ ਦਾ ਕੇਂਦਰ ਬਿੰਦੂ ਦੱਸਿਆ ਜਾ ਰਿਹਾ ਹੈ। ਇਸ ਮਿਲਣੀ ਨੂੰ ਪੰਜਾਬ ਕੈਬਨਿਟ ’ਚ ਫੇਰਬਦਲ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਵਿਧਾਨ ਸਭਾ ਵਿਚ ਪਾਸ ਕੀਤੇ ਜਾ ਚੁੱਕੇ ਅਤੇ ਰਾਜਪਾਲ ਕੋਲ ਪਏ ਤਿੰਨੋਂ ਖੇਤੀ ਸੋਧ ਬਿੱਲਾਂ ਨੂੰ ਲੈ ਕੇ ਵੀ ਕਿਆਫੇ ਲੱਗਦੇ ਰਹੇ।
ਚੇਤੇ ਰਹੇ ਕਿ ਮੁਹਾਲੀ ਦੀ ਪਲਾਕਸ਼ਾ ’ਵਰਸਿਟੀ ਨੂੰ ਮੁੱਖ ਮੰਤਰੀ ਆਪਣਾ ਡਰੀਮ ਪ੍ਰਾਜੈਕਟ ਮੰਨਦੇ ਹਨ ਅਤੇ ਉਹ ਅਗਲੀ ਕੈਬਨਿਟ ਵਿਚ ਇਸ ’ਵਰਸਿਟੀ ਬਾਰੇ ਆਰਡੀਨੈਂਸ ਲਿਆਉਣਾ ਚਾਹੁੰਦੇ ਹਨ। ਮੁਹਾਲੀ ਵਿਚ ਕਰੀਬ 50 ਏਕੜ ਰਕਬੇ ਵਿਚ ਦੋ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਇਹ ’ਵਰਸਿਟੀ ਬਣਨੀ ਹੈ ਜੋ ਵਿਸ਼ਵ ਪੱਧਰੀ ਹੋਵੇਗੀ। ਇਸ ’ਵਰਸਿਟੀ ਦਾ ਨੀਂਹ ਪੱਥਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੀ। ਸੂਤਰਾਂ ਮੁਤਾਬਕ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਬਾਰੇ ਵੀ ਮਨ ਬਣਾ ਲਿਆ ਸੀ ਪ੍ਰੰਤੂ ਮਗਰੋਂ ਇਹ ਫੈਸਲਾ ਬਦਲ ਦਿੱਤਾ ਗਿਆ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰ ਦੇ ਮਸਲੇ ’ਤੇ ਵੀ ਵਿਚਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮੁੱਖ ਮੰਤਰੀ ਨੇ ਰਾਜਪਾਲ ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਵੀ ਕੋਈ ਗੱਲ ਨਹੀਂ ਕੀਤੀ। ਮੀਟਿੰਗ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸੀਨੀਅਰ ਅਧਿਕਾਰੀ ਤੇਜਵੀਰ ਸਿੰਘ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਾਰੇ ਬਕਾਇਆ ਪਏ ਮਸਲੇ ਰਾਜਪਾਲ ਨਾਲ ਵਿਚਾਰੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਬ੍ਰਹਮ ਮਹਿੰਦਰਾ ਦਾ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਜਾਣਾ ਇਹ ਵੀ ਸੰਕੇਤ ਦਿੰਦਾ ਹੈ ਕਿ ਕੋਈ ਵਿਧਾਨਿਕ ਮਾਮਲਾ ਹੋ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly