(ਸਮਾਜ ਵੀਕਲੀ)
ਅੰਬਰਾਂ ਤੇ ਛਾ ਗਈ ਕਾਲੀ ਘਟਾ ਘਨਘੋਰ ਹੈ ,
ਚੁੱਪ ਕੋਇਲ ਦੀ ਜ਼ੁਬਾਂ ਤੇ ਨੱਚਦਾ ਨਾ ਮੋਰ ਹੈ !
ਨੋਚ ਕੇ ਪਰ ਤਿਤਲੀਆਂ ਦੇ ਕੈਦ ਕਰਦਾ ਬਾਗਵਾਂ,
ਖੂਨ ਰੰਗੇ ਫੁੱਲ ਉੱਤੇ ਬੈਠਦਾ ਕਦ ਭੌਰ ਹੈ !
ਤਾਨ ਮਿੱਠੀ ਬੰਸਰੀ ਦੀ ਹੋ ਗਈ ਖ਼ਾਮੋਸ਼ ਹੁਣ ,
ਮਚ ਰਿਹਾ ਚਾਰੇ ਦਿਸ਼ਾ ਵਿਚ ਪੌਪ ਦਾ ਹੀ ਸ਼ੋਰ ਹੈ !
ਗ਼ਰਕਦਾ ਹੀ ਜਾ ਰਿਹਾ ਕਿਰਦਾਰ ਆਦਮ ਜ਼ਾਤ ਦਾ ,
ਸ਼ਕਲ ਤੋਂ ਹੈ ਆਦਮੀ ਅਮਲਾਂ ਤੋਂ ਆਦਮਖੋਰ ਹੈ !
ਦੋਗਲੇ ਚਿਹਰੇ ਮਿਲੇ ਚੰਗੇ ਭਲੇ ਇਨਸਾਨ ਦੇ ,
ਸਾਹਮਣੇ ਕੁਝ ਹੋਰ ਦਿਖਦੇ ਪਿੱਠ ਪਿੱਛੇ ਹੋਰ ਹੈ !
ਬੇਬਸੀ ਮਜ਼ਲੂਮ ਦੀ ਕਰਦਾ ਨਜ਼ਰ ਅੰਦਾਜ ਉਹ ,
ਵੇਖ ਮੇਰੇ ਦੇਸ਼ ਦਾ ਹਾਕਮ ਬੜਾ ਮੂੰਹਜ਼ੋਰ ਹੈ !
ਪੱਥਰਾਂ ਦੇ ਸ਼ਹਿਰ ਦਿਲ ਤੂੰ ਕੱਚ ਦਾ ਲੈ ਚੱਲਿਆਂ ,
ਬੋਚ ਕੇ ਰਖ ਪੈਰ ਤੇਰੀ ਲੜਖੜਾਉਂਦੀ ਤੋਰ ਹੈ !
ਮੁੱਕ ਜਾਂਦਾ ਅੰਨ ਪਾਣੀ ਉਸ ਘੜੀ ਇਨਸਾਨ ਦਾ ,
ਜ਼ਿੰਦਗੀ ਦੀ ਸਾਹਾਂ ਵਾਲ਼ੀ ਟੁੱਟਦੀ ਜਦ ਡੋਰ ਹੈ !
ਇਹ ਗਮਾਂ ਦੀ ਰਾਤ ਕਾਲ਼ੀ ਮੁੱਕਣੀ #ਬੱਬੂ ਕਦੋਂ ,
ਕਦ ਚੜ੍ਹੇ ਸੂਰਜ ਖੁਸ਼ੀ ਦਾ ਇੰਤਜ਼ਾਰ ਚ ਭੋਰ ਹੈ !
ਬਲਬੀਰ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly