ਟੋਕੀਓ (ਸਮਾਜ ਵੀਕਲੀ): ਭਾਰਤੀ ਤੀਰਅੰਦਾਜ਼ ਅਤਨੂ ਦਾਸ ਨੇ ਅੱਜ ਟੋਕੀਓ ਓਲੰਪਿਕ ’ਚ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੇ ਓਹ ਜਿਨ ਹਯੇਕ ਨੂੰ ਬਾਹਰ ਦਾ ਰਾਹ ਵਿਖਾ ਕੇ ਤੀਜੇ ਗੇੜ ’ਚ ਥਾਂ ਬਣਾ ਲਈ ਹੈ। ਦਾਸ ਦੀ ਪਤਨੀ ਅਤੇ ਆਲਮੀ ਦਰਜਾਬੰਦੀ ਵਿੱਚ ਅੱਵਲ ਨੰਬਰ ਤੀਰਅੰਦਾਜ਼ ਦੀਪਿਕਾ ਕੁਮਾਰੀ ਪਹਿਲਾਂ ਹੀ ਮਹਿਲਾਵਾਂ ਦੇ ਵਿਅਕਤੀਗਤ ਵਰਗ ਦੇ ਤੀਜੇ ਦੌਰ ’ਚ ਜਗ੍ਹਾ ਬਣਾ ਚੁੱਕੀ ਹੈ। ਭਲਕੇ ਉਹ ਵੀ ਆਪਣਾ ਪ੍ਰੀ-ਕੁਆਰਟਰਜ਼ ਮੁਕਾਬਲਾ ਖੇਡੇਗੀ।
ਦਾਸ ਨੇ ਅੱਜ ਦੂਜੇ ਦੌਰ ਵਿੱਚ ਦੋ ਵਾਰ ਦੇ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੇ ਓਹ ਜਿਨ ਹਯੇਕ ਨੂੰ ਸ਼ੂਟ ਆਫ਼ ਵਿੱਚ ਹਰਾ ਕੇ ਅਗਲੇ ਦੌਰ ’ਚ ਪੇਸ਼ਕਦਗੀ ਕੀਤੀ ਹੈ। ਦਾਸ ਨੇ ਪੱਛੜਨ ਦੇ ਬਾਵਜੂਦ ਜ਼ੋਰਦਾਰ ਵਾਪਸੀ ਕਰਦਿਆਂ 6-5 ਨਾਲ ਜਿੱਤ ਹਾਸਲ ਕੀਤੀ। ਲੰਡਨ ਓਲੰਪਿਕ-2012 ’ਚ ਵਿਅਕੀਤਗਤ ਮੁਕਾਬਲੇ ’ਚ ਸੋਨ ਤਗ਼ਮਾ ਜੇਤੂ ਜਿਨ ਹਯੇਕ ਨੇ ਸ਼ੂਟ ਆਫ ’ਚ 9 ਅੰਕ ਹਾਸਲ ਕੀਤੇ ਜਦਕਿ ਇਸ ਮਗਰੋਂ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਅਤਨੂ ਦਾਸ ਨੇ 10 ਅੰਕ ਹਾਸਲ ਕਰਦਿਆਂ ਤੀਜੇ ਦੌਰ ’ਚ ਆਪਣੀ ਜਗ੍ਹਾ ਪੱਕੀ ਕਰ ਲਈ। ਦਾਸ ਨੇ ਬੈਂਕਾਕ ’ਚ ਏਸ਼ਿਆਈ ਚੈਂਪੀਅਨਸ਼ਿਪ-2019 ਵਿੱਚ ਵੀ ਹਯੇਕ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਦਾਸ ਨੂੰ ਪਹਿਲੇ ਦੌਰ ’ਚ ਚੀਨੀ ਤਾਇਪੈ ਦੇ ਡੇਂਗ ਯੂ-ਚੇਂਗ ਤੋਂ ਸਖ਼ਤ ਚੁਣੌਤੀ ਮਿਲੀ। ਦਾਸ ਨੇ 4-4 ਦੀ ਬਰਾਬਰੀ ਮਗਰੋਂ ਚੇਂਗ ਨੂੰ 6-4 ਨਾਲ ਹਰਾਇਆ। ਹੁਣ ਆਖਰੀ-16 ਗੇੜ ਵਿੱਚ ਦਾਸ ਦਾ ਮੁਕਾਬਲਾ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਨਾਲ ਹੋਵੇਗਾ, ਜੋ ਲੰਡਨ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਹੈ।
ਦਾਸ ਅਤੇ ਦੀਪਿਕਾ ਤੀਰਅੰਦਾਜ਼ੀ ’ਚ ਤਗ਼ਮੇ ਲਈ ਭਾਰਤੀ ਦੀ ਆਖਰੀ ਉਮੀਦ ਹਨ। ਇਹ ਦੋਵੇਂ ਭਾਰਤ ਲਈ ਤੀਰਅੰਦਾਜ਼ੀ ’ਚ ਹੁਣ ਤੱਕ ਪਹਿਲੇ ਤਗ਼ਮੇ ਲਈ ਚੁਣੌਤੀ ਪੇਸ਼ ਕਰ ਰਹੇ ਹਨ ਅਤੇ ਇਹ ਇਨ੍ਹਾਂ ਖੇਡਾਂ ’ਚ ਇੱਕੋ ਜਿਹੇ ਈਵੈਂਟ ’ਚ ਭਾਗ ਲੈਣ ਵਾਲਾ ਪਹਿਲਾ ਭਾਰਤੀ ਜੋੜਾ ਹੈ। ਮਹਿਲਾਵਾਂ ਦੇ ਵਿਅਕਤੀਗਤ ਵਰਗ ਦੇ ਤੀਜੇ ਦੌਰ (ਪ੍ਰੀ-ਕੁਆਰਟਰਜ਼) ਵਿੱਚ ਦੀਪਿਕਾ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਰੂਸ ਦੀ ਸੇਨੀਆ ਪੇਰੋਵਾ ਨਾਲ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly