ਅਸਾਮ-ਮਿਜ਼ੋਰਮ ਸਰਹੱਦ ’ਤੇ ਤਣਾਅ ਜਾਰੀ, ਅਸਾਮ ਵੱਲੋਂ ਸਰਕਾਰੀ ਸੋਗ ਦਾ ਐਲਾਨ

 

  • ਅੰਤਰਰਾਜੀ ਸਰਹੱਦੀ ਵਿਵਾਦ ਸਿਰਫ਼ ਆਪਸੀ ਸਹਿਯੋਗ ਨਾਲ ਹੀ ਹੱਲ ਹੋ ਸਕਦੇ ਹਨ: ਨਿਤਿਆਨੰਦ ਰਾਏ

ਗੁਹਾਟੀ (ਸਮਾਜ ਵੀਕਲੀ): ਅਸਾਮ-ਮਿਜ਼ੋਰਮ ਸਰਹੱਦ ’ਤੇ ਸਥਿਤੀ ਤਣਾਅਮਈ ਬਣੀ ਹੋਈ ਹੈ ਜਦਕਿ ਬੀਤੀ ਰਾਤ ਮਾਰੇ ਗਏ ਪੰਜ ਪੁਲੀਸ ਮੁਲਾਜ਼ਮਾਂ ਤੇ ਇੱਕ ਵਿਅਕਤੀ ਦੀ ਮੌਤ ’ਤੇ ਦੁੱਖ ਦੇ ਪ੍ਰਗਟਾਵੇ ਵਜੋਂ ਅਸਾਮ ਵੱਲੋਂ ਤਿੰਨ ਦਿਨਾ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਕਛਾਰ ਜ਼ਿਲ੍ਹੇ ਦੇ ਸਥਾਨਕ ਲੋਕਾਂ ਨੇ ਗੁਆਂਢੀ ਸੂਬੇ ਮਿਜ਼ੋਰਮ ਦੇ ਆਰਥਿਕ ਨਾਕਾਬੰਦੀ ਦੀ ਚਿਤਾਵਨੀ ਦਿੱਤੀ ਹੈ। ਅਸਾਮ ਸਰਕਾਰ ਨੇ ਦੱਸਿਆ ਕਿ ਸਰਕਾਰੀ ਸੋਗ ਦੌਰਾਨ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਤੇ ਜਨਤਕ ਮਨੋਰੰਜਨ ਦਾ ਕੋਈ ਵੀ ਸਮਾਗਮ ਨਹੀਂ ਹੋਵੇਗਾ।

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਅਤੇ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਾਮਥਾਂਗਾ ਨਾਲ ਗੱਲਬਾਤ ਕੀਤੀ ਤੇ ਸਰਹੱਦ ’ਤੇ ਸ਼ਾਂਤੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਸ੍ਰੀ ਸਰਮਾ ਨੇ ਸਿਲਚਰ ਵਿੱਚ ਪੰਜ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਉਹ ਸਿਲਚਰ ਮੈਡੀਕਲ ਕਾਲਜ ਤੇ ਹਸਪਤਾਲ ਗਏ ਤੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ। ਕਛਾਰ ਦੇ ਐੱਸਪੀ ਵੈਭਵ ਚੰਦਰਕਾਂਤ ਨਿੰਬਲਕਰ ਨੂੰ ਹਵਾਈ ਫ਼ੌਜ ਦੇ ਇੱਕ ਜਹਾਜ਼ ਰਾਹੀਂ ਮੁੰਬਈ ਦੇ ਹਸਪਤਾਲ ਲਿਜਾਇਆ ਗਿਆ ਹੈ।

ਵਿਸ਼ੇਸ਼ ਡੀਜੀਪੀ ਜੀ ਪੀ ਸਿੰਘ ਨੇ ਟਵੀਟ ਕੀਤਾ,‘ਅਸੀਂ ਆਪਣੇ ਸ਼ਹੀਦ ਹੋਏ ਸਹਿਯੋਗੀਆਂ ਦੇ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’ ਉਨ੍ਹਾਂ ਇਸ ਗੱਲ ਦੇ ਸੰਕੇਤ ਦਿੱਤੇ ਕਿ ਪੁਲੀਸ ਮੁਲਾਜ਼ਮਾਂ ’ਤੇ ਗੋਲੀ ਚਲਾਉਣ ਵਾਲੇ ਮਿਜ਼ੋ ਪੁਲੀਸ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਕਾਬੂਗੇਜ ਤੇ ਢੋਲਈ ਇਲਾਕੇ ਦੇ ਲੋਕਾਂ ਨੇ ਕਿਸੇ ਵੀ ਵਾਹਨ ਨੂੰ ਗੁਆਂਢੀ ਸੂਬੇ ਵਿੱਚ ਜਾਣ ਤੋਂ ਰੋਕਣ ਲਈ ਸਵੇਰੇ 9 ਵਜੇ ਤੋਂ ਮਿਜ਼ੋਰਮ ਵੱਲ ਜਾਣ ਵਾਲੀਆਂ ਸੜਕਾਂ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤੀਆਂ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly