ਨਵੀਂ ਦਿੱਲੀ, (ਸਮਾਜ ਵੀਕਲੀ) : ਆਮਦਨ ਕਰ ਵਿਭਾਗ ਨੇ ਵੱਡੇ ਮੀਡੀਆ ਘਰਾਣੇ ਦੈਨਿਕ ਭਾਸਕਰ ਦੇ ਕਈ ਸੂਬਿਆਂ ’ਚ ਪੈਂਦੇ ਦਫ਼ਤਰਾਂ ਅਤੇ ਉੱਤਰ ਪ੍ਰਦੇਸ਼ ਆਧਾਰਿਤ ਟੀਵੀ ਚੈਨਲ ਭਾਰਤ ਸਮਾਚਾਰ ’ਤੇ ਕਥਿਤ ਟੈਕਸ ਚੋਰੀ ਦੇ ਦੋਸ਼ਾਂ ਹੇਠ ਅੱਜ ਛਾਪੇ ਮਾਰੇ। ਛਾਪਿਆਂ ਦੀ ਕਈ ਆਗੂਆਂ ਨੇ ਤਿੱਖੀ ਆਲੋਚਨਾ ਕੀਤੀ ਹੈ। ਉਧਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਕੰਮ ’ਚ ਸਰਕਾਰ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਲੋਚਨਾ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਨ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੁਝ ਮੁੱਦੇ ਸਚਾਈ ਤੋਂ ਵੀ ਪਰ੍ਹਾਂ ਹੁੰਦੇ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਲੋਕੰਤਰ ਦੀ ਆਵਾਜ਼ ਦਬਾਉਣ ਦੇ ਇਰਾਦੇ ਨਾਲ ਇਹ ਛਾਪੇ ਮਾਰੇ ਗਏ ਹਨ।
ਜ਼ਿਕਰਯੋਗ ਹੈ ਕਿ ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਨੇ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਮੁਸ਼ਕਲ ’ਚ ਘਿਰੇ ਲੋਕਾਂ ਅਤੇ ਸਰਕਾਰਾਂ ਦੀ ਨਾਕਾਮੀ ਬਾਰੇ ਕਈ ਆਲੋਚਨਾਤਮਕ ਖ਼ਬਰਾਂ ਛਾਪੀਆਂ ਸਨ। ਮਲਟੀ-ਮੀਡੀਆ ਦੈਨਿਕ ਭਾਸਕਰ ਗਰੁੱਪ ਦੇ ਭੁਪਾਲ, ਜੈਪੁਰ, ਅਹਿਮਦਾਬਾਦ ਅਤੇ ਨੋਇਡਾ ਸਮੇਤ 30 ਥਾਵਾਂ ’ਤੇ ਛਾਪੇ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਮਾਰੇ ਗਏ ਜੋ ਦੇਰ ਸ਼ਾਮ ਤੱਕ ਜਾਰੀ ਰਹੇ। ਦੈਨਿਕ ਭਾਸਕਰ ਦੀ 12 ਸੂਬਿਆਂ ’ਚ ਮੌਜੂਦਗੀ ਹੈ ਅਤੇ ਇਸ ਦੇ ਅਖ਼ਬਾਰ ਦੇ ਨਾਲ ਨਾਲ ਰੇਡੀਓ ਸਟੇਸ਼ਨ, ਵੈੱਬ ਪੋਰਟਲ ਅਤੇ ਮੋਬਾਈਲ ਫੋਨ ਐਪ ਵੀ ਹਨ। ਗਰੁੱਪ ਟੈਕਸਟਾਈਲਜ਼ ਅਤੇ ਮਾਈਨਿੰਗ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਅਤੇ ਇਕ ਅਧਿਕਾਰੀ ਨੇ ਕਿਹਾ ਕਿ ਆਮਦਨ ਕਰ ਵਿਭਾਗ ਇਨ੍ਹਾਂ ਕਾਰੋਬਾਰ ’ਚ ਹੋਏ ਲੈਣ-ਦੇਣ ਨੂੰ ਵੀ ਘੋਖ ਰਿਹਾ ਹੈ। ਮੀਡੀਆ ਘਰਾਣਿਆਂ ’ਤੇ ਪਏ ਛਾਪੇ ਦਾ ਮੁੱਦਾ ਰਾਜ ਸਭਾ ’ਚ ਵੀ ਉੱਠਿਆ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂਆਂ ਨੇ ਛਾਪਿਆਂ ਦੀ ਨਿਖੇਧੀ ਕੀਤੀ ਹੈ। ਮਮਤਾ ਨੇ ਮੀਡੀਆ ਨੂੰ ਮਜ਼ਬੂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਕਜੁੱਟ ਰਹਿ ਕੇ ਤਾਨਾਸ਼ਾਹੀ ਤਾਕਤਾਂ ਨੂੰ ਅਸਫ਼ਲ ਬਣਾਇਆ ਜਾ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਗਹਿਲੋਤ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਆਲੋਚਨਾ ਸਹਿਣ ਨਹੀਂ ਕਰ ਸਕਦੀ ਹੈ ਅਤੇ ਇਹ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲ ਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly