“ਜੱਟੀ ਅੱਤ” ਅਤੇ “ਪਰਖ” ਲੋਕ ਤੱਥ ਟਰੈਕ ਨਾਲ ਚਰਚਾ ਵਿੱਚ ਰਹੀ ਇਹ ਲੋਕ ਆਵਾਜ਼
ਸ਼ਾਮ ਚੁਰਾਸੀ (ਸਮਾਜ ਵੀਕਲੀ) – ਪੰਜਾਬੀ’, ਸੂਫੀ ਅਤੇ ਧਾਰਮਿਕ ਗਾਇਕੀ ਦੀ ਇੱਕ ਸੁਮੇਲ ਤ੍ਰਿਵੈਣੀ ਦਾ ਨਾਮ ਹੈ ਗਾਇਕਾ ਨੀਲਮ ਜੱਸਲ । ਜਿਸ ਨੇ ਸਮੇਂ ਸਮੇਂ ਹਰ ਤਰ੍ਹਾਂ ਦੇ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾ ਕੇ ਭਰਪੂਰ ਹਾਜ਼ਰੀ ਲਗਵਾਈ ਹੈ । ਬਚਪਨ ਤੋਂ ਹੀ ਗਾਇਕੀ ਨਾਲ ਪਿਆਰ ਕਰਨ ਵਾਲੀ ਇਸ ਅਜ਼ੀਮ ਗਾਇਕਾ ਨੇ ਗਾਇਕੀ ਦੀ ਬਰੀਕੀ ਉਸਤਾਦ ਜਨਾਬ ਸਰੂਪ ਸਿੰਘ ਰਸੀਆ ਅਤੇ ਉਸਤਾਦ ਜਨਾਬ ਸ਼ਕੀਲ ਸਾਂਬਰੀ ਤੋਂ ਪ੍ਰਾਪਤ ਕੀਤੀ । ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿਤਾ ਜਸਪਾਲ ਸਿੰਘ ਜੱਸਲ ਦੇ ਗ੍ਰਹਿ ਪਿੰਡ ਜੱਲੋਵਾਲ ਖਨੂਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇਸ ਪੰਜਾਬ ਦੀ ਹੋਣਹਾਰ ਗਾਇਕਾ ਨੇ ਜਨਮ ਲਿਆ ।
ਗਾਇਕਾ ਨੀਲਮ ਨੇ +2 ਦੀ ਪੜ੍ਹਾਈ ਉਪਰੰਤ ਆਪਣੀ ਗਾਇਕੀ ਰਾਹੀਂ ਸਰੋਤਿਆਂ ਵਿਚ ਚੌਖੀ ਪਹਿਚਾਣ ਬਣਾਈ ਅਤੇ ਹੁਣ ਤਕ ਉਸ ਨੇ ਸਮੁੱਚੇ ਪੰਜਾਬ ਤੋਂ ਲੈ ਕੇ ਦਿੱਲੀ , ਗੁੜਗਾਉਂ ਸ਼ਾਹਬਾਦ ਤੋਂ ੲਿਲਾਵਾ ਦੁਬਈ ਵਿੱਚ ਵੀ ਆਪਣੀ ਗਾਇਕੀ ਦਾ ਪ੍ਰਦਰਸ਼ਨ ਕੀਤਾ । ਜ਼ਿੰਦਗੀ ਦੇ ਤਿੰਨ ਦਹਾਕੇ ਪਾਰ ਕਰਨ ਵਾਲੀ ਗਾਇਕਾ ਨੀਲਮ ਜੱਸਲ ਦੇ ਦੱਸਣ ਮੁਤਾਬਕ ਉਸਦੇ ਸਭ ਤੋਂ ਵੱਡੇ ਸਹਿਯੋਗੀ ਜੀਵਨ ਸਾਥੀ ਗੁਰਦੇਵ ਸਿੰਘ , ਭੈਣ ਜਸਵਿੰਦਰ ਕੌਰ ਅਤੇ ਭਰਾ ਹਰਪ੍ਰੀਤ ਜੱਸਲ ਰਾਕੇਸ਼ ਜੱਸਲ ਦਾ ਰਿਹਾ । ਘਰ ਦੀ ਫੁਲਵਾੜੀ ਬੇਟੀ ਮੋਨਿਕਾ , ਬੇਟਾ ਮੋਹਿਤ ਕੁਮਾਰ ਨਾਲ ਉਸ ਦਾ ਬੇਹੱਦ ਦਿਲੀ ਪਿਆਰ ਹੈ ।
ਪਿਛਲੇ ਦਸ ਸਾਲ ਤੋਂ ਗਾਇਕੀ ਲਾਈਨ ਵਿਚ ਆਪਣੀ ਚੋਖੀ ਪਹਿਚਾਣ ਬਣਾਉਣ ਵਾਲੀ ਨੀਲਮਜੱਸਲ ਨੇ ਜਿੱਥੇ ਅਣਗਿਣਤ ਧਾਰਮਿਕ ਸੂਫ਼ੀ ਅਤੇ ਪੰਜਾਬੀ ਪ੍ਰੋਗਰਾਮ ਕੀਤੇ , ਉੱਥੇ ਹੀ ਮਾਣ ਸਨਮਾਨ ਦੀ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਅਨੇਕਾਂ ਪੰਜਾਬੀ ਸਟੇਜਾਂ ਅਤੇ ਧਾਰਮਿਕ ਅਸਥਾਨਾਂ ਤੇ ਉਸ ਦਾ ਸਨਮਾਨ ਕੀਤਾ ਗਿਆ । ਉਸ ਨੇ ਡੇਢ ਦਰਜਨ ਦੇ ਕਰੀਬ ਧਾਰਮਕ ਟਰੈਕ ਕੀਤੇ । ਜਿਸ ਵਿੱਚ ਉਸ ਨੇ ਗੁਰੂ ਰਵਿਦਾਸ ਮਹਿਮਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਸਾਬ੍ਹ ਨੂੰ ਗਾਇਆ । ਪੰਜਾਬੀ ਗਾਇਕੀ ਵਿਚ ਆਪਣਾ ਹੱਥ ਜਮਾਉਣ ਲਈ ਉਸ ਨੇ ਲੋਕ ਤੱਥ “ਪਰਖ” ਗਾਇਆ ਜੋ ਚੰਗਾ ਨਾਮਣਾ ਖੱਟ ਗਿਆ ।
ਜੀਵਨ ਰਿਕਾਰਡਸ ਯੂ ਕੇ ਅਤੇ ਰਾਣੀ ਮਠਾਰੂ ਦੀ ਪੇਸ਼ਕਸ਼ ਵਿੱਚ ਉਸ ਨੇ ਥੋੜ੍ਹਾ ਸਮਾਂ ਪਹਿਲਾਂ “ਜੱਟੀ ਅੱਤ” ਟਾਈਟਲ ਹੇਠ ਇਕ ਪੰਜਾਬੀ ਗੀਤ ਸਰੋਤਿਆਂ ਦੀ ਝੋਲੀ ਪਾਇਆ । ਜਿਸ ਦੇ ਪ੍ਰੋਡਿਊਸਰ ਰਣਜੀਤ ਸਿੰਘ ਮਠਾਰੂ ਯੂ ਕੇ ਅਤੇ ਇਸ ਟਰੈਕ ਨੂੰ ਰਵਿੰਦਰ ਮਾਹੀ ਨੇ ਕਲਮਬੰਦ ਕੀਤਾ ਸੀ । ਇਸ ਟਰੈਕ ਦਾ ਸੰਗੀਤ ਜੱਸੀ ਬ੍ਰਦਰ ਅਤੇ ਧਰਮਵੀਰ ਏ ਜੇ ਫ਼ਿਲਮਜ਼ ਵਲੋਂ ਵੱਖ ਵੱਖ ਲੋਕੇਸ਼ਨਾਂ ਤੇ ਇਹ ਗੀਤ ਫਿਲਮਾਇਆ ਗਿਆ । ਇਸ ਟਰੈਕ ਲਈ ਉਸਤਾਦ ਸ਼ਕੀਲ ਸਾਬਰੀ, ਗੁਰਦੇਵ ਸਿੰਘ ,ਬੱਬੂ ਜਲੰਧਰੀ ਅਤੇ ਬਿੰਦਰ ਨਵਾਂ ਪਿੰਡੀਆ ਦਾ ਗਾਇਕਾ ਨੀਲਮ ਜੱਸਲ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।
“ਜੱਟੀ ਅੱਤ” ਪੰਜਾਬੀ ਟਰੈਕ ਨਾਲ ਗਾਇਕਾ ਨੀਲਮ ਜੱਸਲ ਨੇ ਜੋ ਦਸਤਕ ਦਿੱਤੀ ਸਰੋਤਿਆਂ ਨੇ ਉਸ ਨੂੰ ਪਹਿਲੀ ਨਜ਼ਰੇ ਹੀ ਪ੍ਰਵਾਨਗੀ ਦੇ ਦਿੱਤੀ । ਉਸ ਵਲੋਂ ਜਲਦ ਹੀ ਹੋਰ ਪੰਜਾਬੀ ਗੀਤ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਇਕ ਨਵੀਂ ਅਤੇ ਵਿਲੱਖਣ ਦਿੱਖ ਰਾਹੀਂ ਪੇਸ਼ ਕੀਤਾ ਜਾਵੇਗਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly